ਰੇਜ਼ਨ ਕਿੰਗ ਚਰਨਜੀਤ ਸਿੰਘ ਬਾਠ ਦੇ ਪੋਤਰੇ ਦੇ ਵਿਆਹ ਮੌਕੇ ਕੈਲੀਫੋਰਨੀਆ ’ਚ ਲੱਗੀਆਂ ਖੂਬ ਰੌਣਕਾਂ

ਹਫ਼ਤਾ ਭਰ ਚੱਲੇ ਸ਼ਾਹੀ ਵਿਆਹ ਸਮਾਗਮਾਂ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ, ਇੰਗਲੈਂਡ ਸਮੇਤ ਦੁਨੀਆ ਭਰ ਤੋਂ ਪਹੁੰਚੀਆਂ ਨਾਮਵਰ ਸ਼ਖ਼ਸੀਅਤਾਂ
ਰਾਜਸਥਾਨ ਦੇ ਸਾਬਕਾ ਡੀਜੀਪੀ ਨਵਦੀਪ ਸਿੰਘ ਅਤੇ ਸਾਬਕਾ ਵਿਧਾਇਕ ਪਰਮ ਨਵਦੀਪ ਸਿੰਘ ਨੇ ਵੀ ਕੀਤੀ ਵਿਸ਼ੇਸ਼ ਸ਼ਿਰਕਤ
ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ): ਅਮਰੀਕਾ ਦੇ ਉੱਘੇ ਕਿਸਾਨ, ਸਫ਼ਲ ਕਾਰੋਬਾਰੀ, ਪ੍ਰਸਿੱਧ ਸਮਾਜ ਸੇਵੀ ਅਤੇ ‘ਰੇਜ਼ਨ ਕਿੰਗ’ ਵਜੋਂ ਜਾਣੇ ਜਾਂਦੇ ਸ. ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ (2) ਦਾ ਸ਼ਰਨ ਸ਼ੇਰਗਿੱਲ ਨਾਲ ਵਿਆਹ ਕੈਲੀਫੋਰਨੀਆ ਵਿਖੇ ਬੜੀ ਧੂਮਧਾਮ, ਸ਼ਾਨੋ-ਸ਼ੌਕਤ ਅਤੇ ਪੰਜਾਬੀ ਸੱਭਿਆਚਾਰਕ ਰਵਾਇਤਾਂ ਅਨੁਸਾਰ ਸੰਪੰਨ ਹੋਇਆ। ਹਫ਼ਤਾ ਭਰ ਚੱਲੇ ਇਸ ਵਿਆਹ ਸਮਾਗਮ ਦੌਰਾਨ ਕੈਲੀਫੋਰਨੀਆ ਵਿੱਚ ਖੂਬ ਰੌਣਕਾਂ ਲੱਗੀਆਂ ਰਹੀਆਂ। ਇਸ ਵਿਆਹ ਦੀ ਖ਼ਾਸ ਗੱਲ ਇਹ ਰਹੀ ਕਿ ਅਮਰੀਕਾ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਤੋਂ ਇਲਾਵਾ ਭਾਰਤ, ਪਾਕਿਸਤਾਨ, ਕੈਨੇਡਾ, ਇੰਗਲੈਂਡ ਅਤੇ ਦੁਨੀਆ ਦੇ ਹੋਰ ਕਈ ਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ, ਕਾਰੋਬਾਰੀ, ਸਮਾਜ ਸੇਵੀ, ਰਾਜਨੀਤਿਕ ਆਗੂ ਅਤੇ ਪਰਿਵਾਰਕ ਰਿਸ਼ਤੇਦਾਰ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ।
ਜ਼ਿਕਰਯੋਗ ਹੈ ਕਿ ਲਾੜਾ ਸ਼ਾਮ ਸਿੰਘ ਬਾਠ (2), ਕੰਵਰ ਸਿੰਘ ਬਾਠ ਅਤੇ ਰਾਣੀ ਕੌਰ ਬਾਠ ਦਾ ਸਪੁੱਤਰ ਅਤੇ ਉੱਘੇ ਕਾਰੋਬਾਰੀ ਸ. ਚਰਨਜੀਤ ਸਿੰਘ ਬਾਠ ਅਤੇ ਬੀਬੀ ਸ਼ਮਸ਼ੇਰ ਕੌਰ ਬਾਠ ਦਾ ਪੋਤਰਾ ਹੈ। ਜਦਕਿ ਲਾੜੀ ਸ਼ਰਨ ਸ਼ੇਰਗਿੱਲ, ਪਲਵਿੰਦਰ ਸਿੰਘ ਸ਼ੇਰਗਿੱਲ ਅਤੇ ਪੁਨੀਤ ਕੌਰ ਸ਼ੇਰਗਿੱਲ ਦੀ ਸਪੁੱਤਰੀ ਹੈ। ਇਸ ਸ਼ੁਭ ਮੌਕੇ ਦੋਵਾਂ ਪਰਿਵਾਰਾਂ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਸੀ।
ਵਿਆਹ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਰਾਜਸਥਾਨ ਦੇ ਸਾਬਕਾ ਡੀਜੀਪੀ ਸ. ਨਵਦੀਪ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ, ਸੰਗਰੀਆ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਪਰਮ ਨਵਦੀਪ ਸਿੰਘ ਵੀ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕਈ ਹੋਰ ਪਤਵੰਤੇ ਸੱਜਣਾਂ ਨੇ ਵੀ ਆਪਣੀ ਹਾਜ਼ਰੀ ਨਾਲ ਵਿਆਹ ਸਮਾਗਮ ਦੀ ਸ਼ੋਭਾ ਵਧਾਈ।
ਵਿਆਹ ਦੀਆਂ ਰਸਮਾਂ ਦੌਰਾਨ ਸ. ਚਰਨਜੀਤ ਸਿੰਘ ਬਾਠ ਦੇ ਗ੍ਰਹਿ ਵਿਖੇ ਰਵਾਇਤੀ ਪੰਜਾਬੀ ਰੰਗ ਵਿੱਚ ਜਾਗੋ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਬੋਲੀਆਂ, ਗਿੱਧੇ, ਭੰਗੜੇ ਅਤੇ ਢੋਲ ਦੀ ਥਾਪ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗ ਦਿੱਤਾ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੇ ਖੁਸ਼ੀਆਂ ਸਾਂਝੀਆਂ ਕਰਦਿਆਂ ਵਿਆਹ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਨ ਲਾਏ।
ਇਸ ਉਪਰੰਤ ਬੇਕਰਜ਼ਫੀਲਡ ਵਿਖੇ ਸਿੱਖ ਮਰਿਆਦਾ ਅਨੁਸਾਰ ਅਨੰਦ ਕਾਰਜ ਦੀ ਪਵਿੱਤਰ ਰਸਮ ਅਦਾ ਕੀਤੀ ਗਈ, ਜਿੱਥੇ ਨਵ-ਵਿਆਹੀ ਜੋੜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਲੈ ਕੇ ਆਪਣੇ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਾਜ਼ਰ ਸੰਗਤਾਂ ਅਤੇ ਰਿਸ਼ਤੇਦਾਰਾਂ ਨੇ ਨਵੀਂ ਜੋੜੀ ਦੇ ਸੁਖਮਈ ਅਤੇ ਖੁਸ਼ਹਾਲ ਭਵਿੱਖ ਲਈ ਅਰਦਾਸ ਕੀਤੀ।
ਵਿਆਹ ਦੀਆਂ ਖੁਸ਼ੀਆਂ ਨੂੰ ਹੋਰ ਯਾਦਗਾਰੀ ਬਣਾਉਣ ਲਈ ਇੱਕ ਵਿਸ਼ਾਲ ਕਨਵੈਨਸ਼ਨ ਸੈਂਟਰ ਵਿਖੇ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੇ ਮਹਿਮਾਨਾਂ ਦੀ ਭਰਵੀਂ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਹਫ਼ਤਾ ਭਰ ਚੱਲੇ ਇਨ੍ਹਾਂ ਸਮਾਗਮਾਂ ਦੌਰਾਨ ਬਾਠ ਪਰਿਵਾਰ ਵੱਲੋਂ ਮਹਿਮਾਨਾਂ ਦੀ ਕੀਤੀ ਗਈ ਆਓ-ਭਗਤ ਅਤੇ ਮਹਿਮਾਨ ਨਿਵਾਜ਼ੀ ਵੀ ਖਿੱਚ ਦਾ ਕੇਂਦਰ ਬਣੀ ਰਹੀ।
ਦੱਸਣਯੋਗ ਹੈ ਕਿ ਸ. ਚਰਨਜੀਤ ਸਿੰਘ ਬਾਠ ਦਾ ਨਾਮ ਕੈਲੀਫੋਰਨੀਆ ਦੇ ਖੇਤੀਬਾੜੀ ਅਤੇ ਰੇਜ਼ਨ ਉਦਯੋਗ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਨਾਲ-ਨਾਲ ਉਹ ਸਮਾਜ ਸੇਵਾ ਅਤੇ ਪੰਜਾਬੀ ਭਾਈਚਾਰੇ ਦੀ ਭਲਾਈ ਦੇ ਕਾਰਜਾਂ ਵਿੱਚ ਵੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦੇ ਮਿਲਾਪੜੇ ਸੁਭਾਅ ਅਤੇ ਵਿਸ਼ਾਲ ਦੋਸਤਾਨਾ ਦਾਇਰੇ ਦੀ ਝਲਕ ਇਸ ਵਿਆਹ ਸਮਾਗਮ ਵਿੱਚ ਦੇਖਣ ਨੂੰ ਮਿਲੀ, ਜਿੱਥੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਮਹਿਮਾਨਾਂ ਨੇ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਕੈਲੀਫੋਰਨੀਆ ਦੇ ਸਮੂਹ ਪੰਜਾਬੀ ਭਾਈਚਾਰੇ, ਦੋਸਤਾਂ-ਮਿੱਤਰਾਂ, ਕਾਰੋਬਾਰੀ ਸਾਥੀਆਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ. ਚਰਨਜੀਤ ਸਿੰਘ ਬਾਠ ਅਤੇ ਸਮੁੱਚੇ ਬਾਠ ਤੇ ਸ਼ੇਰਗਿੱਲ ਪਰਿਵਾਰ ਨੂੰ ਵਿਆਹ ਦੀਆਂ ਦਿਲੀ ਮੁਬਾਰਕਾਂ ਦਿੰਦਿਆਂ ਨਵ-ਵਿਆਹੀ ਜੋੜੀ ਸ਼ਾਮ ਸਿੰਘ ਬਾਠ (2) ਅਤੇ ਸ਼ਰਨ ਸ਼ੇਰਗਿੱਲ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਕੁੱਲ ਮਿਲਾ ਕੇ ਹਫ਼ਤਾ ਭਰ ਚੱਲਿਆ ਇਹ ਵਿਆਹ ਸਮਾਗਮ ਪੰਜਾਬੀ ਸੱਭਿਆਚਾਰ, ਪਰਿਵਾਰਕ ਸਾਂਝ, ਮਹਿਮਾਨ ਨਿਵਾਜ਼ੀ ਅਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦੇ ਆਪਸੀ ਪਿਆਰ ਦੀ ਇੱਕ ਯਾਦਗਾਰੀ ਮਿਸਾਲ ਬਣ ਗਿਆ।

Total Views: 3 ,
Real Estate