Nepal : ਵੱਖ-ਵੱਖ ਜੇਲ੍ਹਾਂ ਵਿਚੋਂ 7,000 ਤੋਂ ਵੱਧ ਕੈਦੀ ਫਰਾਰ

ਨੇਪਾਲ ਭਰ ਦੀਆਂ ਵੱਖ-ਵੱਖ ਜੇਲ੍ਹਾਂ ਵਿਚੋਂ 7,000 ਤੋਂ ਵੱਧ ਕੈਦੀ ਫਰਾਰ ਹੋ ਗਏ। ਦੇਸ਼ ਅੰਦਰ ਦੋ ਦਿਨਾਂ ਤੋਂ ਹੋ ਰਹੇ ਪ੍ਰਦਰਸ਼ਨਾਂ ਦਾ ਕੈਦੀਆਂ ਨੇ ਫਾਇਦਾ ਉਠਾਇਆ ਅਤੇ ਜੇਲ੍ਹਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਮੰਗਲਵਾਰ ਤੋਂ ਕਈ ਜੇਲ ਸਹੂਲਤਾਂ ਵਿਚ ਝੜਪਾਂ ਹੋਈਆਂ।ਰਾਈਜ਼ਿੰਗ ਨੇਪਾਲ ਅਖਬਾਰ ਨੇ ਦਸਿਆ ਕਿ ਬੰਕੇ ਦੀ ਬੈਜਨਾਥ ਦਿਹਾਤੀ ਨਗਰਪਾਲਿਕਾ-3 ’ਚ ਸਥਿਤ ਨੌਬਸਤਾ ਖੇਤਰੀ ਜੇਲ ’ਚ ਮੰਗਲਵਾਰ ਰਾਤ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਹੋਈ ਝੜਪ ’ਚ ਪੰਜ ਨਾਬਾਲਗ ਕੈਦੀਆਂ ਦੀ ਮੌਤ ਹੋ ਗਈ। ਅਖਬਾਰ ਨੇ ਨੌਬਸਤਾ ਜੁਵੇਨਾਈਲ ਕੁਰੈਕਸ਼ਨਲ ਹੋਮ ਆਫਿਸ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਕੈਦੀਆਂ ਨੇ ਸੁਧਾਰ ਘਰ ਦੇ ਸੁਰੱਖਿਆ ਕਰਮਚਾਰੀਆਂ ਦੇ ਹਥਿਆਰ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਵਿਚ ਪੰਜ ਨਾਬਾਲਗ ਕੈਦੀਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।ਅਧਿਕਾਰੀਆਂ ਮੁਤਾਬਕ ਜੇਲ ਦੇ 585 ਕੈਦੀਆਂ ਵਿਚੋਂ 149 ਅਤੇ ਨਾਬਾਲਗ ਘਰ ਦੇ 176 ਨਜ਼ਰਬੰਦਾਂ ਵਿਚੋਂ 76 ਘਟਨਾ ਦੌਰਾਨ ਫਰਾਰ ਹੋ ਗਏ। ਮਾਈ ਰਿਪਬਲਿਕਾ ਅਖਬਾਰ ਨੇ ਰੀਪੋਰਟ ਦਿਤੀ ਹੈ ਕਿ ਦੇਸ਼ ਭਰ ਵਿਚ ਲਗਭਗ 7,000 ਕੈਦੀ ਵੱਖ-ਵੱਖ ਜੇਲ੍ਹਾਂ ਤੋਂ ਫਰਾਰ ਹੋ ਗਏ ਹਨ।ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਦਸਿਆ ਕਿ ਦਿੱਲੀ ਬਾਜ਼ਾਰ ਜੇਲ (1,100), ਚਿਤਵਨ (700), ਨਕਖੂ (1,200), ਸਨਸਾਰੀ ਦੀ ਝੁੰਪਕਾ (1,575), ਕੰਚਨਪੁਰ (450), ਕੈਲਾਲੀ (612), ਜਲੇਸ਼ਵਰ (576), ਕਾਸਕੀ (773), ਡਾਂਗ (124), ਜੁਮਲਾ (36), ਸੋਲੁਖੁੰਬੂ (86), ਗੌਰ (260) ਅਤੇ ਬਾਝੰਗ (65) ਸਮੇਤ ਕਈ ਥਾਵਾਂ ਤੋਂ ਫਰਾਰ ਹੋਣ ਦੀ ਖ਼ਬਰ ਮਿਲੀ ਹੈ।

Total Views: 101 ,
Real Estate