ਚੰਡੀਗੜ੍ਹ 16 ਮਈ (ਕਮਲਜੀਤ ਸਿੰਘ ਬਨਵੈਤ): ਬਾਦਲ ਪਰਿਵਾਰ ਉੱਤੇ ਜੱਥੇਦਾਰਾਂ ਨੂੰ ਸਿਆਸਤ ਲਈ ਵਰਤਣ ਦੇ ਲਗਾਤਾਰ ਦੋਸ਼ ਲੱਗਦੇ ਆ ਰਹੇ ਹਨ ਪਰ ਹੁਣ ਉਸ ਤੋਂ ਵੀ ਅੱਗੇ ਜਾ ਕੇ ਇੱਕ ਨੇੜਲੇ ਜਥੇਦਾਰ ਵੱਲੋਂ ਬਾਦਲਾਂ ਨੂੰ ਚੋਣ ਜਿੱਤਣ ਲਈ ਪੈਸਾ ਅਤੇ ਸ਼ਰਾਬ ਵੰਡਣ ਦੀ ਨਸੀਅਤ ਦੇਣ ਨਾਲ ਇੱਕ ਤਰਾਂ ਨਾਲ ਬਿੱਲੀ ਪੂਰੀ ਤਰ੍ਹਾਂ ਥੈਲੇ ਤੋਂ ਬਾਹਰ ਆ ਗਈ ਹੈ। ਸੁਖਬੀਰ ਬਾਦਲ ਦੇ ਨਿੱਜੀ ਸਟਾਫ ਅਤੇ ਇੱਕ ਜਥੇਦਾਰ ਵੱਲੋਂ ਪੈਸੇ ਦੇ ਲੈਣ ਦੇਣ ਅਤੇ ਵੋਟਾਂ ਲਈ ਸ਼ਰਾਬ ਵੰਡਣ ਲਈ ਵਿਚੋਲਗਿਰੀ ਕਰਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਇਸ ਵੀਡੀਓ ਨੇ ਦੀ ਭਲਮਾਣਸੀ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਇਰਲ ਹੋਈ ਵੀਡੀਓ ਵਿੱਚ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਭੇਜੇ ਫੋਨ ਤੇ ਸੁਨੇਹੇ ਦਿਖਾਏ ਗਏ ਹਨ ਹੋਰ ਤਾਂ ਹੋਰ ਜਥੇਦਾਰਾਂ ਨੇ ਆਪਣੇ ਇਸ ਸੁਨੇਹੇ ਰਾਹੀਂ ਬਠਿੰਡਾ ਤੋਂ ਇੱਕ ਨਵਗਠਿਤ ਪਾਰਟੀ ਦੇ ਉਮੀਦਵਾਰ ਦੀ ਅਸਲੀਅਤ ਵੀ ਪੂਰੀ ਤਰ੍ਹਾਂ ਨੰਗੀ ਕਰ ਦਿੱਤੀ ਹੈ। ਵੀਡੀਓ ਤੋਂ ਇਹ ਸਪੱਸ਼ਟ ਸਮਝ ਆ ਰਿਹਾ ਹੈ ਕਿ ਇਸ ਉਮੀਦਵਾਰ ਨੂੰ ਅਕਾਲੀ ਦਲ ਨੇ ਪੈਸੇ ਦਾ ਠੁੰਮਣਾ ਦੇ ਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਖੜ੍ਹਾ ਕੀਤਾ ਹੈ ਜਿਸ ਲਈ ਮੋਟਾ ਪੈਸਾ ਦੇਣ ਦੀ ਡੀਲ ਕੀਤੀ ਗਈ ਸੀ। ਜਥੇਦਾਰ ਨੇ ਆਪਣੇ ਲਿਖਤੀ ਸੁਨੇਹੇ ਵਿੱਚ ਉਸ ਉਮੀਦਵਾਰ ਦੀ ਤਰਫ਼ੋਂ ਦਿੱਤੀ ਧਮਕੀ ਦਾ ਜ਼ਿਕਰ ਵੀ ਕੀਤਾ ਹੈ ਜਿਸ ਵਿੱਚ ਹੋਰ 20 ਲੱਖ ਨਾ ਮਿਲਣ ਦੀ ਸੂਰਤ ਵਿੱਚ ਡੀਲ ਤੋੜ ਦੇਣ ਦਾ ਜ਼ਿਕਰ ਹੈ। ਤਖ਼ਤ ਦੇ ਜਥੇਦਾਰ ਨੇ ਸੁਖਬੀਰ ਬਾਦਲ ਦੇ ਨਿੱਜੀ ਸਟਾਫ ਨੂੰ ਇਹ ਵੀ ਕਿਹਾ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋਏ ਲੋਕਾਂ ਨੂੰ ਦਾਰੂ ਪਿਲਾਉਣ ਦਾ ਬੰਦੋਬਸਤ ਪੱਕਾ ਕੀਤਾ ਜਾਵੇ। ਇਸ ਦੇ ਜਵਾਬ ਵਿੱਚ ਨਿੱਜੀ ਸਟਾਫ ਨੇ ਇੱਕ ਠੇਕੇਦਾਰ ਦਾ ਨਾਂ ਲੈ ਕੇ ਉਸ ਨਾਲ ਸਿੱਧਾ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ ।ਵੀਡੀਓ ਵਿੱਚ ਜਥੇਦਾਰ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਪੈਸੇ ਦੇ ਕੇ ਖੜ੍ਹੇ ਕਿਤੇ ਇਸ ਉਮੀਦਵਾਰ ਨੂੰ ਉਸ ਦਿਨ ਸ਼ਾਮ ਤੱਕ ਹੀ ਸੁਖਬੀਰ ਦੇ ਇੱਕ ਨਜ਼ਦੀਕੀ ਨੇਤਾ ਵੱਲੋਂ ਪੈਸੇ ਮਿਲ ਜਾਣਗੇ ਅਤੇ ਸ਼ਰਾਬ ਦੇ ਪ੍ਰਬੰਧ ਲਈ ਇਕ ਠੇਕੇਦਾਰ ਨਾਲ ਸਿੱਧਾ ਸੰਪਰਕ ਕਰਨ ਅਤੇ ਪੰਜਾਹ ਲੱਖ ਹੋਰ ਦਾ ਬੰਦੋਬਸਤ ਕਰਨ ਦਾ ਵੀ ਸੁਨੇਹਾ ਲਾਇਆ ਗਿਆ ਹੈ। ਵੀਡੀਓ ਵਿੱਚ ਦੋਹਾਂ ਧਿਰਾਂ ਵੱਲੋਂ ਭੇਜੇ ਸੁਨੇਹੇ ਨੂੰ ਵਾਇਰਲ ਕਰਨ ਦੀ ਕਿਸੇ ਨੇ ਆਪਣੇ ਸਿਰ ਜਾਂ ਆਪਣੇ ਨਾਂ ਹੇਠ ਜਿੰਮੇਵਾਰੀ ਨਹੀਂ ਲਈ ਹੈ ਅਤੇ ਨਾ ਹੀ ਇਸ ਵਿੱਚ ਜਥੇਦਾਰ ਜਾਂ ਸੁਖਬੀਰ ਦੇ ਨਿੱਜੀ ਸਟਾਫ ਦੇ ਨੰਬਰ ਦਿੱਤੇ ਗਏ ਹਨ। ਪਰ ਇੱਕ ਗੱਲ ਪੱਕੀ ਹੈ ਕਿ ਇਸ ਨਾਲ ਸਿੱਖਾਂ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ ਉੱਥੇ ਵੋਟਰਾਂ ਦਾ ਲੋਕਤੰਤਰ ਵਿੱਚੋਂ ਵਿਸ਼ਵਾਸ ਵੀ ਉੱਠ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਅਜਿਹੀਆਂ ਵਾਇਰਲ ਹੋ ਹੋ ਰਹੀਆਂ ਵੀਡੀਓਜ਼ ਦੇ ਬੋਗਸ ਹੋਣ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਨੇਤਾਵਾਂ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮਾਰਕੀਟ ਵਿਚ ਆ ਰਹੀਆਂ। ਉਨ੍ਹਾਂ ਨੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਮਾਣਹਾਨੀ ਦਾ ਦਾਅਵਾ ਠੋਕਣ ਦੀ ਵੀ ਧਮਕੀ ਦਿੱਤੀ ਹੈ। ਉਂਜ ਇੱਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਨਾ ਹੀ ਕਦੇ ਕਿਸੇ ਜਥੇਦਾਰ ਵੱਲੋਂ ਇਸ ਦੇ ਨਿਰ ਆਧਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਰੋਜਾਨਾ ਪਹਿਰੇਦਾਰ