” ਵਫ਼ਾਦਾਰੀ ਜਾਂ ਵਿਸ਼ਵਾਸਘਾਤ”

ਮਨ ਮਾਨ

ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ ਅਸੀਂ ਕਈ ਪਾਂਧੀਆਂ ਨੂੰ ਨਾਲ਼ ਲੈ ਕੇ ਇਸ ਸਫ਼ਰ ਦੇ ਸਮਤਲ ਰਾਹ, ਗਲੀਆਂ ਅਤੇ ਤਿਕੋਣੇ ਮੋੜਾਂ ਤੋਂ ਗੁਜ਼ਰਦੇ ਹਾਂ। ਸਫ਼ਰ ਸਾਂਝਾ ਕਰਨਾ ਕੁਦਰਤ, ਸ੍ਰਿਸ਼ਟੀ ਦਾ ਨਿਯਮ ਹੈ। ਮਨੁੱਖ ਦਾ ਸਮਾਜਿਕ ਪ੍ਰਾਣੀ ਕਿਹਾ ਜਾਣਾ ਇਹਨਾਂ ਸਾਰੇ ਤੱਥਾਂ ਉੱਤੇ ਮੋਹਰ ਲਾਉਂਦਾ ਹੈ।

ਇਹਨਾਂ ਰਾਹ , ਰਸਤਿਆਂ ਵਿੱਚ ਜਿੱਥੇ ਖ਼ੂਨ ਦੇ ਰਿਸ਼ਤੇ ਸਾਡੇ ਤੁਰਦੇ ਨੇ। ਅਸੀਂ ਹੋਰ ਵੀ ਰਿਸ਼ਤੇ ਅਤੇ ਸਾਂਝਾਂ ਬਣਾਉਂਦੇ ਹਾਂ ਮਸਲਨ ਦਿਲ ਤੋਂ, ਕਈ ਹਾਲਾਤ ਨਾਲ ,ਕੰਮ ਕਾਰ ਦੀਆਂ ਥਾਵਾਂ ਦੇ ਰਿਸ਼ਤੇ ਸਾਂਝਾਂ। ਸਾਰੇ ਆਪੋ ਆਪਣੇ ਕਿਰਦਾਰ ਨਿਭਾਉਂਦੇ ਸਾਨੂੰ ਖੱਟੀਆਂ, ਮਿੱਠੀਆਂ ਅਤੇ ਕਈ ਵਾਰ ਜ਼ਹਿਰ ਵਰਗੀਆਂ ਕੌੜੀਆਂ ਯਾਦਾਂ, ਅਹਿਸਾਸ ਅਤੇ ਸਿੱਖਿਆਵਾਂ ਦੇ ਜਾਂਦੇ ਹਨ।

ਪਰ ਸਭ ਤੋਂ ਜ਼ਿਆਦਾ ਖ਼ਤਰਨਾਕ ਉਹ ਲੋਕ ਹੁੰਦੇ ਹਨ ਜੋ ਸਾਨੂੰ ਆਪਣੇ ਹੀ ਲੱਗਦੇ ਹਨ । ਜੋ ਸਾਡੇ ਨਾਲ  ਨਾਲ ਜਾਂ ਪਿਛਲੇ ਕਦਮ ਨਾਲ ਤੁਰ ਰਹੇ ਹੁੰਦੇ ਹਨ।  ਇਤਿਹਾਸ ਤੋਂ ਲੈ ਕੇ ਅੱਜ ਤੱਕ ਦੀ ਜ਼ਿੰਦਗੀ ਵਿੱਚ ਅਨੇਕਾਂ ਵਾਰ ਇਹ ਸੱਚ ਸਾਹਮਣੇ ਆਇਆ ਹੈ ਕਿ ਵਿਸ਼ਵਾਸ ਘਾਤ ਕਦੇ ਵੀ ਦੂਰੋਂ ਨਹੀਂ ਹੁੰਦਾ, ਬਲਕਿ ਉਹ ਤਾਂ ਉਹੀ ਕਰਦਾ ਹੈ ਜੋ ਤੁਹਾਡੀ ਛਾਂ ਬਣ ਕੇ ਤੁਹਾਡੇ ਨਾਲ-ਨਾਲ ਤੁਰਦਾ ਹੈ। ਬਹੁਤ ਵਾਰ ਪਰਛਾਵਾਂ ਹੀ ਗਾੜਾ, ਗੂੜ੍ਹਾ ਹੋ ਕੇ ਸਾਡੀ ਹੋਂਦ ਨੂੰ ਢੱਕ ਲੈਂਦਾ ਹੈ ।

ਨੇੜਤਾ ਵਿੱਚ ਛੁਪਿਆ ਵਾਰ

ਜਦੋਂ ਕੋਈ ਤੁਹਾਡੇ ਨਾਲ ਰੋਜ਼ ਦੀ ਜ਼ਿੰਦਗੀ ਵਿੱਚ ਰਲ ਕੇ, ਤੁਹਾਡੇ ਹਾਲਾਤ ਨੂੰ ਸਮਝ ਕੇ, ਤੁਹਾਡੀ ਮਜ਼ਬੂਰੀਆਂ ਨੂੰ ਜਾਣ ਕੇ, ਤੁਹਾਡਾ ‘ਭਰੋਸਾ’ ਹਾਸਿਲ ਕਰ ਲੈਂਦਾ ਹੈ ਤਾਂ ਉਹੀ ਵਿਅਕਤੀ ਤੁਹਾਡੇ ਸਭ ਤੋਂ ਨਾਜ਼ੁਕ ਮੋੜਾਂ ‘ਤੇ ਤੁਹਾਡੀ ਪਿੱਠ ਵਿੱਚ ਛੁਰਾ ਮਾਰਦਾ ਹੈ।

ਇਸ ਤਰ੍ਹਾਂ ਦੀ ਘਾਤਕ ਵਾਰ ਕਰਨ ਦੀ ਸਮਰਥਾ ਇੱਕ ਅਣਜਾਣ ਵੈਰੀ ਕੋਲ ਨਹੀਂ ਹੁੰਦੀ, ਕਿਉਂਕਿ ਉਹ ਤਾਂ ਤੁਹਾਡੇ ਨੇੜੇ ਹੀ ਨਹੀਂ ਆ ਸਕਦਾ।

ਇਸ ਵਿਚਾਰ ਨੂੰ ਸਮਝਣ ਲਈ  ਅੰਤਰਦ੍ਰਿਸ਼ਟੀ ਦੀ ਲੋੜ ਹੈ—ਅਸੀਂ ਕਈ ਵਾਰੀ,  ਨਹੀਂ- ਨਹੀਂ ਬਹੁਤ ਵਾਰੀ ਆਪਣੇ ਦੁਸ਼ਮਣ ਆਪ ਬਣਾਉਂਦੇ ਹਾਂ, ਪਰ ਉਨ੍ਹਾਂ ਦੀ ਰਚਨਾ ‘ਭਰੋਸੇ’ ਦੀ ਜ਼ਮੀਨ ‘ਤੇ ਹੁੰਦੀ ਹੈ।

ਇਤਿਹਾਸਕ ਸੰਦਰਭ ਨੂੰ ਪੜਚੋਲਵੀਂ ਦ੍ਰਿਸ਼ਟੀ ਨਾਲ ਵੇਖਣ ਤੇ ਇਹ ਸਾਫ਼ ਹੁੰਦਾ ਹੈ ਕਿ ਸਭ ਤੋਂ ਘਾਤਕ ਜਾਂ ਮਾਰੂ ਵਾਰ ਤੁਹਾਡੇ ਨਜ਼ਦੀਕੀ ਜਾਂ ਵਿਸ਼ਵਾਸਪਾਤਰ ਹੀ ਕਰਦੇ ਹਨ ਅਤੇ ਤੁਹਾਡੀ ਹਾਰ ਦਾ ਕਾਰਨ ਬਣਦੇ ਹਨ। ਬੇਸ਼ੱਕ ਰਿਸ਼ਤਿਆਂ ਵਿਚ ਹਾਰ ਜਿੱਤ ਕੋਈ ਮਾਅਨੇ ਨਹੀਂ ਰੱਖਦੀ।ਪਰ ਆਤਮ ਸਨਮਾਨ, ਵਿਸ਼ਵਾਸ ਜ਼ਰੂਰ ਇਸ ਜ਼ਮੀਨ ਉੱਤੇ ਟਿਕਿਆ ਹੁੰਦਾ ਹੈ।

ਜੇ ਰਾਜਨੀਤੀ, ਇਤਿਹਾਸ ਜਾਂ ਅਧਿਆਤਮਕ ਗ੍ਰੰਥਾਂ ਵਿੱਚ ਵੀ ਵੇਖੀਏ ਤਾਂ ਇਹ ਸੱਚ ਸਾਫ਼ ਹੋ ਜਾਂਦਾ ਹੈ।

ਜੂਡਸ ਇਸਕਰੀਓਟ ਨੇ ਯਿਸੂ ਮਸੀਹ ਨੂੰ ਉਹਦਿਆਂ ਦੇ ਵਿਰੋਧੀਆਂ ਦੇ ਹਵਾਲੇ ਕਰ ਦਿੱਤਾ, ਜਦ ਕਿ ਉਹ ਉਹਨਾਂ ਦੇ ਸਭ ਤੋਂ ਨੇੜੇ ਚੇਲਿਆਂ ਵਿੱਚੋਂ ਸੀ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਦਗਾ ਉਹਨਾਂ ਦੇ ਵਿਸ਼ਵਾਸ ਪਾਤਰ ਅਤੇ ਸੇਵਕ ਗੰਗੂ ਨੇ ਦਿੱਤਾ।

ਮੀਰ ਜਾਫਰ ਨੇ ਨਵਾਬ ਸਿਰਾਜੁੱਦੌਲਾ ਦੀ ਪਿੱਠ ‘ਚ ਛੁਰਾ ਖੋਭ ਕੇ ਅੰਗਰੇਜ਼ਾਂ ਨੂੰ ਬੰਗਾਲ ‘ਚ ਵੜਨ ਦਾ ਰਾਹ ਦਿੱਤਾ।

ਮਹਾਰਾਣਾ ਪ੍ਰਤਾਪ ਦੀ ਰਾਜਨੀਤਕ ਯਾਤਰਾ ਵਿੱਚ ਵੀ ਉਨ੍ਹਾਂ ਦੇ ਨੇੜਲੇ ਹੀ ਕਈ ਵਾਰ ਵਿਸ਼ਵਾਸ ਤੋੜ ਗਏ।

ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਰਾਜ ਨੂੰ ਵੀ ਘਰ ਦੇ ਭੇਤੀਆਂ ਨੇ ਸੰਨ੍ਹ ਲਾਈ।

ਇਹ ਸਾਰੇ ਪਾਠ ਸਾਨੂੰ ਇਹ ਸਿੱਖਾਉਂਦੇ ਹਨ ਕਿ ਹਮੇਸ਼ਾ ਦੁਸ਼ਮਣ ਤੁਹਾਡੇ ਸਾਹਮਣੇ ਨਹੀਂ ਹੁੰਦਾ, ਕਈ ਵਾਰੀ ਉਹ ਤੁਹਾਡੀ ਛਾਂ ਬਣ ਕੇ ਤੁਹਾਡੇ ਪਿੱਛੇ ਜਾਂ ਤੁਹਾਡੇ ਨਾਲ ਹੀ ਖੜ੍ਹਾ ਹੁੰਦਾ ਹੈ।

 ਵਿਸ਼ਵਾਸ ਅਤੇ ਘਾਤ ਦਾ ਸੰਗਮ

ਇੱਕ ਮਨੁੱਖ ਆਪਣੇ ਸਭ ਤੋਂ ਨੇੜਲੇ ਵਿਅਕਤੀਆਂ ਨੂੰ ਆਪਣੇ ਭੇਤ ਦੱਸਦਾ ਹੈ। ਆਪਣੇ ਦਰਦ ਸਾਂਝੇ ਕਰਦਾ ਹੈ । ਕਈ ਵਾਰੀ ਉਹਨਾਂ ‘ਤੇ ਆਪਣੇ ਫੈਸਲੇ ਨਿਰਭਰ ਕਰ ਦਿੰਦਾ ਹੈ।

ਪਰ ਜਦੋਂ ਉਹ ਵਿਅਕਤੀ ਹੀ ਤੁਹਾਡੀ ਜਾਣਕਾਰੀ, ਤੁਹਾਡੇ ਭਰੋਸੇ ਤੇ ਤੁਹਾਡੀ ਲੋੜ ਨੂੰ ਹਥਿਆਰ ਬਣਾ ਲੈਂਦੇ ਹਨ‌ ਤਾਂ ਇਹ ਸਿਰਫ ਵਿਸ਼ਵਾਸਘਾਤ ਨਹੀਂ ਰਹਿੰਦਾ—ਇਹ ਅਸਤਿਤਵ ‘ਤੇ ਵਾਰ  ਹੁੰਦਾ ਹੈ।

ਇਹ ਮਾਮਲਾ ਏਨਾਂ ਸੰਗੀਨ ਅਤੇ ਗਹਿਰਾਅ ਜਾਂਦਾ ਹੈ ਕਿ ਮਨੁੱਖ  ਆਤਮ ਦਵੰਧ ਦਾ ਸ਼ਿਕਾਰ ਹੋ ਕੇ ਆਪਣੀ ਊਰਜਾ ਨੂੰ ਅਜਾਈਂ ਗੁਆਉਣਾ ਸ਼ੁਰੂ ਕਰ ਦਿੰਦਾ ਹੈ। ਜਿਹੜੀ ਊਰਜਾ ਉਸ ਨੇ ਸਮਾਜਿਕ, ਆਤਮਿਕ, ਪਰਿਵਾਰਕ ਬਿਹਤਰੀ ਲਈ ਲਗਾਉਣੀ ਹੁੰਦੀ ਹੈ। ਉਹ ਸਿਰਫ਼  “ਕੀ ਕਦੇ ਭਰੋਸਾ ਕੀਤਾ ਵੀ ਜਾਵੇ?” ਸਵਾਲ ਉੱਤੇ ਖ਼ਰਚ ਹੋਣੀਂ ਸ਼ੁਰੂ ਹੋ ਜਾਂਦੀ ਹੈ।

ਇਸ ਦਵੰਧ ਵਿਚੋਂ ਨਿਕਲਣਾ ਬੜਾ ਕੁਝ ਤੋੜ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਨਕਾਰਾਤਮਕ ਵਿਚਾਰ ਵਿਚ ਹੀ ਨਹੀਂ ਲੈਣਾ ਚਾਹੀਦਾ। ਸਾ

 ਆਧੁਨਿਕ ਸਮਾਜ ਵਿੱਚ ਆਪਸੀ ਵਿਸ਼ਵਾਸ ਦੀ ਕਮੀ

ਅੱਜ ਦੇ ਸਮਾਜ ਵਿੱਚ ‘ਬੈਕਸਟੈਬਿੰਗ’ ਇੱਕ ਆਮ ਰੂਪ ਲੈ ਗਿਆ ਹੈ। ਚਾਹੇ ਕਾਰਪੋਰੇਟ ਦੁਨੀਆ ਹੋਵੇ, ਰਾਜਨੀਤੀ ਹੋਵੇ ਜਾਂ ਫਿਰ ਨਿੱਜੀ ਰਿਸ਼ਤੇ—ਵਿਅਕਤੀ ਆਪਣੇ ਸੁਆਰਥ ਲਈ ਕਿਸੇ ਦਾ ਵੀ ਘਾਟਾ ਅਤੇ ਨੁਕਸਾਨ ਕਰਨ ਤੋਂ ਹਿਚਕਦਾ ਨਹੀਂ।

ਲੋਕ ਹੁਣ ‘ਦੋਸਤ’ ਨਹੀਂ, ‘ਜਾਣਕਾਰੀ ਦੇ ਸੰਦ’ ਬਣ ਗਏ ਹਨ।

ਇਹੀ ਕਾਰਨ ਹੈ ਕਿ ਅੱਜ ਜਿਹੜੇ ਤੁਹਾਡੇ ਨਾਲ ਕੰਧਾਂ ਦੀ ਓਟ ‘ਚ ਤੁਹਾਡੇ ਰਾਜ਼ ਲੈਂਦੇ ਹਨ, ਕੱਲ੍ਹ ਨੂੰ ਉਹੀ ਤੁਹਾਡੀ ਪਿੱਠ ਵੱਲੋਂ ਛੁਰਾ ਮਾਰ ਕੇ ਚੁੱਪਚਾਪ ਦੂਰ ਹੋ ਜਾਂਦੇ ਹਨ।

 ਸੁਚੇਤਤਾ ਦੀ ਲੋੜ:

ਇਸ ਸੱਚ ਨੂੰ ਜਾਨਣ,ਮੰਨਣ ਤੋਂ ਬਾਅਦ ਇਸ ਦਾ ਇਹ ਅਰਥ ਨਹੀਂ ਲਿਆ ਜਾਣਾ ਚਾਹੀਦਾ ਕਿ ਅਸੀਂ ਕਿਸੇ ‘ਤੇ ਭਰੋਸਾ ਕਰਨਾ ਹੀ ਛੱਡ ਦਈਏ । ਇਹ ਜ਼ਰੂਰ ਹੈ ਕਿ ਅਸੀਂ ਕਿਸੇ ਦੀਆਂ  ਮਿੱਠੀਆਂ ਗੱਲਾਂ ਜਾਂ ਚਾਹ ਦਾ ਕੱਪ ਸਾਂਝਾ ਕਰ ਉਸਨੂੰ ਆਪਣਾ ਰਾਜ਼ਦਾਰ ਨਾ ਬਣਾਈਏ।

ਹਰ ਹੰਝੂ ਸਾਂਝਾ ਕਰਨ ਵਾਲਾ ‘ਹਮਦਰਦ’ ਨਹੀਂ ਹੁੰਦਾ।

ਹਰ ਹੱਸਣ ਵਾਲਾ ‘ਦਿਲੋਂ ਖੁਸ਼’ ਨਹੀਂ ਹੁੰਦਾ।

ਸਾਨੂੰ ਸਿੱਖਣਾ ਹੋਵੇਗਾ ਕਿ ਨਜ਼ਰ ਦੇ ਪਿੱਛੇ ਦੇ ਇਰਾਦੇ ਪਛਾਣੀਏ, ਨਾ ਕਿ ਸਿਰਫ ਬੋਲਾਂ ਤੇ ਮੁਸਕਾਨਾਂ ਤੋਂ ਰਿਸ਼ਤੇ ਨਿਰਧਾਰਤ ਕਰੀਏ।

 ਸੰਭਲ ਕੇ ਵਿਸ਼ਵਾਸ ਕਰੋ

ਜਿਹੜੇ ਲੋਕ ਤੁਹਾਡੇ ਨਾਲ ਇੱਕ ਰਸਤਾ ਤੈਅ ਕਰਦੇ ਹਨ, ਉਹ ਹੀ ਅਕਸਰ ਤੁਹਾਡੀ ਪਿੱਠ ਵੱਲੋਂ ਛੁਰੀ ਚਲਾਉਂਦੇ ਹਨ—ਇਹ ਗੱਲ ਕਲਮ ਤੇ ਕਾਗ਼ਜ਼ ਦੀ ਨਹੀਂ, ਜੀਵਨ ਦੀ ਹਕੀਕਤ ਹੈ। ਜਿਸ ਦੇ ਰੁਬਰੂ ਅਸੀਂ ਜਾਂ ਸਾਡੇ ਆਪਣੇ ਗਾਹੇ ਬਗਾਹੇ ਹੁੰਦੇ ਰਹਿੰਦੇ ਹਨ।

ਇਸ ਸਭ ਦੇ ਬਾਵਜੂਦ ਵੀ  ਅਸੀਂ ਆਪਣੇ ਦਿਲ ਨੂੰ ਪੱਥਰ ਨਾ ਬਣਾਈਏ।

ਹਰ ਲੋੜਵੰਦ ਦੇ ਕੰਮ ਆਈਏ।

ਦਿਲ ਵੱਡਾ ਰੱਖਦਿਆਂ ਦਿਮਾਗ਼ ਦੀਆਂ ਤਰਬਾਂ ਦੀ ਟੁਣਕਾਰ ਵੀ ਸੁਣਦੇ ਰਹੀਏ।

ਹਰ ਵਿਅਕਤੀ ਇੱਕੋ ਜਿਹਾ ਨਹੀਂ ਹੁੰਦਾ।

ਪਰ ਜੋ ਵਿਅਕਤੀ ਤੁਹਾਡੇ  ਪ੍ਰਕਾਸ਼ ਨੂੰ ਹੀ ਨਹੀਂ, ਤੁਹਾਡੀ ਛਾਂ ਨੂੰ , ਹਨੇਰੇ ਨੂੰ ਵੀ ਸਮਝਦਾ, ਅਪਨਾਉਂਦਾ ਅਤੇ ਪਿਆਰਦਾ ਹੈ। ਤੁਹਾਡੇ ਰਾਹ ਦੇ ਕੰਡਿਆਂ ਨੂੰ ਜੇਕਰ ਫੁੱਲ ਨਹੀਂ ਕਰ ਸਕਦਾ ਤਾਂ ਪਾਸੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ।

—ਉਹਨੂੰ ਸਮਝਣਾ, ਪਰਖਣਾ, ਅਤੇ ਸਚਮੁਚ ਨੇੜੇ ਰੱਖਣਾ ਇਹੀ ਜੀਵਨ ਦੀ ਕਲਾ ਹੈ। ਜ਼ਿੰਦਾਬਾਦ ਰਹਿਣ ਦਾ ਰਾਜ਼ ਹੈ।

ਤੁਰਦੇ ਰਹੋ, ਸਮਝਦੇ ਰਹੋ , ਸੁਚੇਤ ਰਹੋ

ਚੜ੍ਹਦੀ ਕਲਾ

Total Views: 126 ,
Real Estate