ਜੈਤੋ(PNO)- ਜੈਤੋ ਦੇ ਜਾਗਰੂਕ ਵਸਨੀਕ ਤੇ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦਾ ਹਸਪਤਾਲ ਜੈਤੋ ਦੇ ਲੇਖਾਕਾਰ ਸੱਤੀ ਸਤਵਿੰਦਰ ਸਿੰਘ ਦੀ ਪਲੇਠੀ ਕਿਤਾਬ ‘ਬੁਲੰਦ ਖਿਆਲਾਂ ਦੇ ਅਹਿਸਾਸ’ ਦਾ ਲੋਕ-ਅਰਪਣ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਸਮਾਗਮ ਦੌਰਾਨ ਗਠਿਤ ਪ੍ਰਧਾਨਗੀ ਮੰਡਲ ਵਿਚ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦਾ ਹਸਪਤਾਲ ਦੇ ਸੰਚਾਲਕ ਸੰਤ ਰਿਸ਼ੀ ਰਾਮ ਜੀ, ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਪ੍ਰੋਫ਼ੈਸਰ ਅਤੇ ਉੱਘੇ ਨਾਟਕਕਾਰ ਤੇ ਫ਼ਿਲਮ ਨਿਰਦੇਸ਼ਕ ਡਾ. ਪਾਲੀ ਭੁਪਿੰਦਰ ਸਿੰਘ, ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਸਟਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ, ਯੂਨੀਵਰਸਿਟੀ ਕਾਲਜ ਘਨੌਰ ਤੋਂ ਡਾ. ਰਵਿੰਦਰ ਸਿੰਘ ਰਵੀ ਅਤੇ ਨਾਟਕਕਾਰ ਜਗਦੇਵ ਢਿੱਲੋਂ ਸ਼ਾਮਲ ਸਨ। ਮੰਚ ਸੰਚਾਲਨ ਕਰ ਰਹੇ ਸ਼ਾਇਰ ਅਤੇ ਉੱਘੇ ਸਾਹਿਤ ਮੰਚ-ਸੰਚਾਲਕ ਹਰਮੇਲ ਪਰੀਤ ਨੇ ਕਿਤਾਬ ਉੱਤੇ ਚਰਚਾ ਦਾ ਅਗਾਜ਼ ਕਰਨ ਲਈ ਸਭ ਤੋਂ ਪਹਿਲਾਂ ਡਾ. ਰਵਿੰਦਰ ਰਵੀ ਨੂੰ ਸੱਦਾ ਦਿੱਤਾ। ਡਾ. ਰਵੀ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਾਰਤਕ ਵਿਧਾ ਵਿਚ ਸੱਤੀ ਸਤਵਿੰਦਰ ਸਿੰਘ ਦਾ ਇਹ ਉਪਰਾਲਾ ਉਸ ਵਿਚ ਵਾਰਤਕ ਲਿਖਣ ਦੀ ਚੇਸ਼ਟਾ ਵਧਾਵੇਗਾ। ਉਨ੍ਹਾਂ ਵੱਲੋਂ ਡਾ. ਨਰਿੰਦਰ ਸਿੰਘ ਕਪੂਰ ਦੇ ਹਵਾਲੇ ਨਾਲ ਚਰਚਾ ਅੱਗੇ ਤੋਰਦਿਆਂ ਲੇਖਕ ਨੂੰ ਕਿਤਾਬ ਵਿਚਲੇ ਵਿਚਾਰਾਂ ਨੂੰ ਹੋਰ ਵਿਸਥਾਰ ਦੇਣ ਦੀ ਸੰਭਾਵਨਾ ਹੋਣ ਦੀ ਨਿਸ਼ਾਨਦੇਹੀ ਕੀਤੀ। ਰੰਗਕਰਮੀ ਜਗਦੇਵ ਢਿੱਲੋਂ ਨੇ ਕਿਹਾ ਕਿ ਇਹ ਕਿਤਾਬ ਸਕੂਲਾਂ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ ਕਿਉਂਕਿ ਇਸ ਨਾਲ ਸਕੂਲੀ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਵਿਚਾਰ ਪੇਸ਼ ਕਰਨ ਲਈ ਇਸ ਕਿਤਾਬ ਰਾਹੀਂ ਭਰਪੂਰ ਮੱਦਦ ਮਿਲੇਗੀ। ਡਾ. ਪਰਮਿੰਦਰ ਸਿੰਘ ਤੱਗੜ ਨੇ ਪੁਸਤਕ ਦੀ ਮਹੱਤਤਾ ਦੀ ਗੱਲ ਕਰਦਿਆਂ ਇਸ ਨੂੰ ਆਮ ਲੋਕਾਂ ਜਾਂ ਆਮ ਪਾਠਕਾਂ ਲਈ ਦਿਲਚਸਪ ਫ਼ਿਲਾਸਫ਼ੀਕਲ ਵਿਚਾਰਾਂ ਦਾ ਸੰਗ੍ਰਹਿ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਕਿਤਾਬ ਹੈ ਜਿਸ ਨੂੰ ਜਿੱਥੋਂ ਮਰਜ਼ੀ ਸ਼ੁਰੂ ਕਰਕੇ ਪੜਿਆ ਜਾ ਸਕਦਾ ਹੈ। ਰੰਜਨ ਆਤਮਜੀਤ ਨੇ ਕਿਤਾਬ ਦੀ ਛਪਾਈ ਦੇ ਰਹੱਸ ਬਾਰੇ ਵਿਚਾਰ ਪੇਸ਼ ਕਰਦਿਆਂ ਇਸ ਕਿਤਾਬ ਦੇ ਵਿਚਾਰਾਂ ਵਿਚੋਂ ਸੱਤੀ ਸਤਵਿੰਦਰ ਸਿੰਘ ਦੀ ਸ਼ਖ਼ਸੀਅਤ ਦੇ ਬਾਖ਼ੂਬੀ ਉਭਰਦੀ ਹੋਣ ਸਬੰਧੀ ਆਪਣੀਆਂ ਦਲੀਲਾਂ ਦਿੱਤੀਆਂ। ਪ੍ਰਮੁੱਖ ਵਕਤਾ ਡਾ. ਪਾਲੀ ਭੁਪਿੰਦਰ ਸਿੰਘ ਨੇ ਚਰਚਾ ਨੂੰ ਸਿਖ਼ਰ ਵੱਲ ਲਿਜਾਂਦਿਆਂ ਕਿਹਾ ਕਿ ਜੈਤੋ ਇਲਾਕਾ ਜਿੱਥੇ ਪਦਮ ਸ੍ਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਨੂੰ ਪੰਜਾਬੀ ਨਾਵਲਕਾਰੀ ਰਾਹੀਂ ਅਤੇ ਦੀਪਕ ਜੈਤੋਈ ਨੂੰ ਪੰਜਾਬੀ ਤੇ ਉਰਦੂ ਗ਼ਜ਼ਲਕਾਰੀ ਰਾਹੀਂ ਹਮੇਸ਼ਾ ਚੇਤਿਆਂ ਵਿਚ ਵਸਾਈ ਬੈਠਾ ਹੈ ਉਥੇ ਪੰਜਾਬੀ ਵਾਰਤਕਾਰੀ ਦੇ ਖ਼ਾਲੀ ਪਏ ਪਿੜ ਵਿਚ ਸੱਤੀ ਸਤਵਿੰਦਰ ਸਿੰਘ ਵੱਲੋਂ ਪੁੱਟਿਆ ਇਹ ਪਲੇਠਾ ਕਦਮ ਪ੍ਰੇਰਨਾ ਦੇ ਨਵੇਂ ਦਿਸਹਦੇ ਸਥਾਪਤ ਕਰੇਗਾ। ਫ਼ਲਸਫ਼ਈ ਵਿਚਾਰਾਂ ਦੇ ਸੰਕਲਨ ਵਜੋਂ ਪੰਜਾਬੀ ਸਾਹਿਤ ਦੀ ਝੋਲੀ ਪਾਈ ਇਸ ਕਿਤਾਬ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੇ ਸਾਲ ਲੇਖਕ ਤੋਂ ਨਿਰੋਲ ਵਾਰਤਕ ਦੀ ਕਿਤਾਬ ਦੀ ਤਵੱਕੋ ਕੀਤੀ ਜਾ ਸਕਦੀ ਹੈ। ਹਲਕਾ ਵਿਧਾਇਕ ਅਮੋਲਕ ਸਿੰਘ ਨੇ ਆਪਣੇ ਜੀਵਨ ਦੀਆਂ ਸਾਹਿਤਕ ਯਾਦਾਂ ਦਾ ਹਵਾਲਾ ਦਿੰਦਿਆਂ ਕਿਤਾਬ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਜੈਤੋ ਦੀ ਪਬਲਿਕ ਲਾਇਬ੍ਰੇਰੀ ਪੁਸਤਕਾਂ ਆਦਿ ਨਾਲ ਭਰਪੂਰ ਕਰਕੇ ਉਸ ਨੂੰ ਪੁਨਰ-ਸੁਰਜੀਤ ਕਰਨ ਦਾ ਵਾਅਦਾ ਵੀ ਕੀਤਾ। ਸੰਤ ਰਿਸ਼ੀ ਰਾਮ ਜੀ ਨੇ ਕਿਹਾ ਕਿ ਸੱਤੀ ਸਤਵਿੰਦਰ ਸਿੰਘ ਜਿੱਥੇ ਆਪਣੇ ਕਿੱਤੇ ਨੂੰ ਸਮਰਪਿਤ ਹੈ ਉਥੇ ਇਸ ਕਿਤਾਬ ਦੀ ਸਿਰਜਣਾ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਮਾਜ ਦੀ ਬਿਹਤਰੀ ਲਈ ਕਿੰਨਾ ਲਾਮਿਸਾਲ ਜਜ਼ਬਾ ਰੱਖਦਾ ਹੈ। ਇਸ ਮੌਕੇ ਸੱਤੀ ਸਤਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਰੰਜ਼ਨ ਆਤਮਜੀਤ ਸਿੰਘ, ਮਾਸਟਰ ਹਰਭਜਨ ਸਿੰਘ , ਗੁਰਪ੍ਰੀਤ ਸਿੰਘ ਚੰੜੀਗੜ੍ਹ, ਹਰਪਾਲ ਸਿੰਘ ਕਾਕਾ, ਮੇਜ਼ਰ ਸਿੰਘ ਗੋਂਦਾਰਾ, ਸੁਰਜੀਤ ਸਿੰਘ ਅਰੋੜਾ, ਹਰਸੰਗੀਤ ਸਿੰਘ ਹੈਪੀ, ਵੀਰਪਾਲ ਸ਼ਰਮਾ ਰੋੜੀਕਪੂਰਾ, ਗੁਰਮੀਤ ਪਾਲ ਸ਼ਰਮਾ ਰੋੜੀਕਪੂਰਾ, ਵਕੀਲ ਸੰਜੀਵ ਮਿੱਤਲ, ਸੰਜੀਵ ਸਿੰਘ ਸਾਗੂ, ਆਸ਼ੂ ਸਰਤਾਜ, ਆਸ਼ੂ ਮਿੱਤਲ, ਜਗਰੂਪ ਸਿੰਘ ਬਰਾੜ, ਇਕਬਾਲ ਸਿੰਘ ਬਰਾੜ ਜੈਤੋ, ਗੁਰਮੀਤ ਸਿੰਘ ਬਰਾੜ, ਗੁਰਜੰਟ ਸਿੰਘ ਮੈਨੇਜਰ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸ਼ਾਮਲ ਸਨ।
‘ਬੁਲੰਦ ਖਿਆਲਾਂ ਦੇ ਅਹਿਸਾਸ’ ਕਿਤਾਬ ਦਾ ਲੋਕ-ਅਰਪਣ ਸਮਾਗਮ ਯਾਦਗਾਰੀ ਹੋ ਨਿਬੜਿਆ
Total Views: 116 ,
Real Estate