ਮਿੰਨੀ ਕਹਾਣੀ ‘ਪਟਮੇਲੀ’

‘‘ ਆਹ ਭਾਈ ਜੀ ਕੀ ਰੌਲਾ ਪਈ ਜਾਂਦੈ ਪਰਲੇ ਵੇਹੜੇ ’ਚ’’ ਗੁਹਾਰੇ ਦੀਆਂ ਪਾਥੀਆਂ ਠੀਕ ਕਰਦੀ ਨ੍ਹਾਮੀ ਨੇ ਕੋਲੋਂ ਲੰਘਦੇ ਆਪਣੇ ਘਰਾਂ ਚੋਂ ਜੇਠ ਲਗਦੇ ਦਿਆਲੇ ਨੂੰ ਪੁੱਛਿਆ। ‘‘ ਇਹ ਤਾਂ ਵੋਟਾਂ ਆਲੀ ਆਈ ਸੀ, ਘਰਾਂ ਦਾ ਕੱਠ ਕੀਤਾ
ਸੀ, ਨ੍ਹਾਮੀਏ।’’ ਦਿਆਲੇ ਨੇ ਦੱਸਿਆ। ‘‘ ਉਹ ਤਾਂ ਕੱਲ ਵੀ ਫਿਰਦੀ ਸੀ ਪਿੰਡ ’ਚ ਵੋਟਾਂ ਮੰਗਦੀ, ਊਂ ਤਾਂ ਕਦੇ ਆ ਕੇ ਨੀ ਛਿਪੀ’’ ਨ੍ਹਾਮੀ ਨੇ ਅੰਦਰਲਾ ਗੁੱਸਾ ਜਾਹਰ ਕੀਤਾ। ‘‘ ਕੱਲ੍ਹ ਤਾਂ ਵੱਡੇ ਘਰ ਆਲਿਆਂ ਦੀ ਬਹੂ ਆਈ ਸੀ, ਅੱਜ ਦੂਜੀ ਪਾਰਟੀ ਆਲਾ ਜਿਹੜਾ ਖੜੈ ਨਾ, ਉਹਦੀ ਬਹੂ ਸੀ ਵੋਟਾਂ ਮੰਗਣ ਆਲੀ’’ ਦਿਆਲੇ ਨੇ ਗੱਲ ਸਪਸ਼ਟ ਕੀਤੀ। ‘‘ਹੱਛਾ! ਕੀ ਕਹਿੰਦੀ ਸੀ, ਦੂਜੀ ਪਾਲਟੀ ਆਲੀ’’ ਨ੍ਹਾਮੀ ਨੇ ਜਾਣਕਾਰੀ ਹਾਸਲ ਕਰਨੀ ਚਾਹੀ। ‘‘ ਉਹ ਗੱਲਾਂ ਤਾਂ ਵਧੀਆ ਤੇ ਸੱਚੀਆਂ ਕਰਦੀ ਸੀ ਨ੍ਹਾਮੀਏ। ਉਹ ਕਹਿੰਦੀ ਅਸੀਂ ਤਾਂ ਆਮ ਬੰਦੇ ਆਂ। ਸਾਡਾ ਹੁਣ ਮੁਕਾਬਲਾ ਵੱਡਿਆਂ ਨਾਲ ਆ। ਐਥੇ ਹੁਣ ਲੜਾਈ ਅਮੀਰ ਗਰੀਬ ਦੀ ਆ, ਪੈਸੇ ਤੇ ਪਿਆਰ ਮੁਹੱਬਤ ਦੀ ਆ। ਵੱਡਿਆਂ ਨਾਲ ਤਾਂ ਲਾਲਚ ਵਿੱਚ ਵੀ ਲੋਕ ਜੁੜ ਜਾਂਦੇ ਨੇ, ਸਾਨੂੰ ਤਾਂ ਥੋਡੇ ਤੇ ਈ ਮਾਣ ਐ ਗਰੀਬ ਲੋਕਾਂ ਤੇ, ਜਿਹੜੇ ਅਣਖ ਨਾਲ ਜਿਉਂਦੇ ਨੇ। ਓਹਨੇ ਤਾਂ ਨ੍ਹਾਮੀਏ ਆਪਣੇ ਵਿਹੜੇ ਆਲੀਆਂ ਜਨਾਨੀਆਂ ਨਾਲ ਜੱਫੀਆਂ ਪਾ ਪਾ ਕੇ ਫੋਟੂਆਂ ਵੀ ਲਹਾਈਆਂ ਤੇ ਕਹਿੰਦੀ ਸੀ ਵੋਟਾਂ ਤੋਂ ਮਗਰੋਂ
ਸਾਰਿਆਂ ਦੇ ਘਰੀਂ ਵੀ ਆਉਂਗੀ।’’
‘‘ ਫੇਰ ਤਾਂ ਭਾਈ ਜੀ ਵਿਚਾਰੀ ਚੰਗੀ ਐ, ਦੂਜਿਆਂ ਦੀ ਬਹੂ ਤਾਂ ਆਬਦੇ ਕੋਲ ਵੀ ਨੀ ਖੜਣ ਦਿੰਦੀ, ਜਿਵੇਂ ਸਾਡੇ ਚੋਂ ਮੁਸ਼ਕ ਆਉਂਦਾ ਹੋਵੇ।’’ ਨ੍ਹਾਮੀ ਨੇ ਆਪਣੇ ਦਿਲ ਦੀ ਕਹਿ ਸੁਣਾਈ। ‘‘ ਚੰਗਾ ਫੇਰ ਨ੍ਹਾਮੀ! ਐਤਕੀਂ ਏਹਨਾਂ ਵਾਲਾ ਬਟਨ ਦਬਾ ਦੇਈਂ। ਓਹਨਾਂ ਦੇ ਤਾਂ ਪਹਿਲਾਂ ਕਈ ਵਾਰ ਦਬਾ ਕੇ ਦੇਖ ਲਏ ਨੇ।’’ ਦਿਆਲੇ ਨੇ ਗੱਲ ਸਿਰੇ ਲਾਈ। ‘‘ ਬਟਨ ਤਾਂ ਮੈਂ ਦਬਾ ਦੂੰ ਭਾਈ ਜੀ! ਪਰ ਕਿਤੇ ਮਸ਼ੀਨਾਂ ਨੂੰ ਹੀ ਨਾ ਕੋਈ ਪਟਮੇਲੀ ਪੈ ਜੇ’’ ਨ੍ਹਾਮੀ ਦੇ ਅੰਦਰਲੀ ਚਿੰਤਾ ਮੂੰਹ ਤੇ
ਆ ਗਈ।

ਬਲਵਿੰਦਰ ਸਿੰਘ ਭੁੱਲਰ
ਮੋਬਾ: 09888275913

Total Views: 112 ,
Real Estate