ਪਿੰਡਾਂ ਦੇ ਬਦਲਦੇ ਸਿਆਸੀ ਹਲਾਤਾਂ ਨੇ ਆਗੂਆਂ ਨੂੰ ਤਰੇਲੀਆਂ ਲਿਆਦੀਆਂ

ਵੀਰਪਾਲ ਭਗਤਾ, ਭਗਤਾ ਭਾਈਕਾ- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿਚ ਸਿਆਸੀ ਹਲਾਤ ਤੇਜ਼ੀ ਨਾਲ ਬਦਲ ਰਹੇ ਹਨ, ਪਿੰਡਾਂ ਦੀਆਂ ਸਤਿਕਾਰ ਕਮੇਟੀਆਂ, ਨਸਾ ਵਿਰੋਧੀ ਕਮੇਟੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਸਿਆਸੀ ਹਵਾ ਬਣਾਉਣ ਵਿਚ ਦਿਨ ਬ ਦਿਨ ਸਫਲ ਹੁੰਦੇ ਵਿਖਾਈ ਦੇ ਰਹੇ ਹਨ, ਜਿਸਨੂੰ ਲੈਕੇ ਸੱਤਾਧਾਰੀ ਧਿਰ ਆਪ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਸਿਆਸੀ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡਾਂ ਦੀਆਂ ਸਤਿਕਾਰ ਕਮੇਟੀਆਂ ਅਤੇ ਨਸਾ ਵਿਰੋਧੀ ਕਮੇਟੀਆਂ ਦੇ ਆਗੂ ਇਕ ਟੀਮ ਬਣਾਕੇ ਪਿੰਡਾਂ ਦੇ ਆਗੂਆਂ, ਪੰਚਾਂ ਸਰਪੰਚਾਂ ਨਾਲ ਤਾਲਮੇਲ ਬਣਾ ਕੇ ਉਨ੍ਹਾਂ ਨੂੰ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣ ਦੀ ਅਪੀਲ ਦੇ ਨਾਲ ਨਾਲ ਦੂਜੀਆਂ ਪਾਰਟੀਆਂ ਦੇ ਪੋਲਿੰਗ ਬੂਥ ਨਾ ਲਗਾਉਣ ਲਈ ਰਾਜੀ ਕਰਨ ਦਾ ਯਤਨ ਕਰ ਰਹੇ ਹਨ। ਅਤੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡਾਂ ਦੇ ਕੁਝ ਆਗੂਆਂ ਨੇ ਆਪਣੀ ਪਾਰਟੀ ਦਾ ਪੋਲਿੰਗ ਬੂਥ ਨਾ ਲਗਾਉਣ ਲਈ ਕਮੇਟੀਆਂ ਨੂੰ ਭਰੋਸਾ ਦੇ ਦਿੱਤਾ ਹੈ ਅਤੇ ਕੁਝ ਆਗੂ ਪੋਲਿੰਗ ਬੂਥ ਨਾ ਲਗਾਉਣ ਲਈ ਵਿਚਾਰ ਕਰ ਰਹੇ ਹਨ। ਜਿਸ ਕਰਕੇ ਹਲਕੇ ਦੇ ਕੁਝ ਪਿੰਡਾਂ ਵਿਚ ਹੈਰਾਨੀਜਨਕ ਨਤੀਜੇ ਸਾਹਮਣੇ ਆਉਣ ਦੇ ਚਰਚੇ ਹਨ।
ਇਕ ਸਿਆਸੀ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆਂ ਕਿ ਉਹ ਕਰੀਬ ਉਹ ਲੰਮੇ ਸਮੇਂ ਤੋਂ ਆਪਣੀ ਪਾਰਟੀ ਵਫਾਦਾਰੀ ਨਾਲ ਜੁੜੇ ਹੋਏ ਹਨ ਪਰ ਇਸ ਸਮੇਂ ਉਹ ਪਾਰਟੀ ਪੱਧਰ ਤੋਂ ਉੱਠ ਕੇ ਸਰਬਜੀਤ ਸਿੰਘ ਖਾਲਸਾ ਦੀ ਮੱਦਦ ਲਈ ਆਪਣੇ ਪਿੰਡ ਪਾਰਟੀ ਦਾ ਪੋਲਿੰਗ ਬੂਥ ਨਹੀ ਲਾਉਣਗੇ। ਉਨ੍ਹਾਂ ਕਿਹਾ ਕਿ ਉਹ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਕੇ ਇਕ ਤੀਰ ਨਾਲ ਦੋ ਨਿਸ਼ਾਨੇ ਵੀ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਨਿਸ਼ਾਨਾ ਤਾ ਸਿੱਖ ਕੌਮ ਦੇ ਸ਼ਹੀਦ ਬੇਅੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਖਾਲਸਾ ਪਾਰਲੀਮੈਂਟ ਵਿਚ ਵੀ ਜਾਵੇਗਾ ਇਸ ਨਾਲ ਸਿੱਖ ਕੌਮ ਦਾ ਨਾਮ ਉੱਚਾ ਹੋਵੇਗਾ ਅਤੇ ਦੂਜਾ ਨਿਸ਼ਾਨਾ ਸੱਤਾਧਾਰੀ ਧਿਰ ਨੂੰ ਹਾਰ ਦੇ ਕੇ ਸਿਆਸੀ ਬਦਲਾ ਲਿਆ ਜਾਵੇਗਾ। ਪਰ ਫਿਰ ਵੀ ਹੁਣ ਵੇਖਣਾ ਹੋਵੇਗਾ ਕਿ 1 ਮਈ ਨੂੰ ਕਿਹੜਾ ਉਮੀਦਵਾਰ ਵੋਟਰਾਂ ਦੇ ਦਿਲ ਜਿੱਤਣ ਵਿਚ ਕਾਮਯਾਬ ਹੁੰਦਾ ਹੈ

Total Views: 97 ,
Real Estate