ਅਜ਼ਾਦ ਉਮੀਦਵਾਰ ਖਾਲਸਾ ਦੀ ਚੋਣ ਮੁਹਿੰਮ ਤੋਂ ਸਿਆਸੀ ਪਾਰਟੀਆਂ ਚਿੰਤਤ
ਵੀਰਪਾਲ ਭਗਤਾ, ਭਗਤਾ ਭਾਈਕਾ- ਲੋਕ ਸਭਾ ਚੋਣਾਂ ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਡੱਟ ਗਏ ਹਨ ਅਤੇ ਉਹ ਇੰਨ੍ਹਾਂ ਚੋਣਾਂ ਨੂੰ ਜਿੱਤਣ ਲਈ ਹਰ ਹੀਲਾ ਵਰਤ ਰਹੇ ਹਨ। ਭਾਵੇਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਜਿਲ੍ਹਾਂ ਬਠਿੰਡਾ ਅਧੀਨ ਪੈਦਾ ਹੈ ਪ੍ਰੰਤੂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਨੂੰ ਲੋਕ ਸਭਾ ਹਲਕਾ ਫਰੀਦਕੋਟ (ਰਿਜ਼ਰਵ) ਨਾਲ ਜੋੜਿਆ ਗਿਆ ਹੈ। ਲੋਕ ਸਭਾ ਹਲਕਾ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ, ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ, ਸ੍ਰੋਮਣੀ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਧਰਮਕੋਟ, ਭਾਜਪਾ ਦੇ ਹੰਸ ਰਾਜ ਹੰਸ, ਬਸਪਾ ਦੇ ਗੁਰਬਖਸ ਸਿੰਘ ਚੌਹਾਨ ਅਤੇ ਅਜ਼ਾਦ ਉਮੀਦਵਾਰ ਵਜੋਂ ਸਰਬਜੀਤ ਸਿੰਘ ਖਾਲਸਾ ਸਮੇਤ ਕਰੀਬ ਦੇ ਦੋ ਦਰਜਨ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕੁਝ ਪਿੰਡਾਂ ਵਿਚ ਆਪ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਗੂਆਂ ਵਿਚਕਾਰ ਆਪਸੀ ਗੁੱਟਬੰਦੀ ਦੇ ਚਰਚੇ ਹਨ, ਜਿਸ ਨਾਲ ਇਕ ਦੋ ਉਮੀਦਵਾਰਾਂ ਨੂੰ ਤਾ ਵਿਰੋਧੀ ਧਿਰਾਂ ਦੇ ਨਾਲ ਨਾਲ ਆਪਣਿਆਂ ਤੋਂ ਵੀ ਸਿਆਸੀ ਖਤਰੇ ਦੇ ਚਰਚੇ ਹਨ।
ਪਿੰਡ ਜਲਾਲ ਵਿਚ ਆਪ ਦੇ ਸੀਨੀਅਰ ਆਗੂ ਬੂਟਾ ਸਿੰਘ ਜਲਾਲ ਆੜਤੀਆਂ ਅਤੇ ਹਲਕਾ ਵਿਧਾਇਕ ਬਲਕਾਰ ਸਿੱਧੂ ਦੀ ਇਕ ਦੂਜੇ ਨਾਲ ਅਣਬਣ ਕਿਸੇ ਤੋਂ ਲੁਕੀ ਨਹੀ। ਬੂਟਾ ਸਿੰਘ ਜਲਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬਲਕਾਰ ਸਿੱਧੂ ਦੇ ਬੇਹੱਦ ਕਰੀਬੀ ਰਹੇ ਹਨ ਅਤੇ ਉਨ੍ਹਾਂ ਨੇ ਸਿੱਧੂ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪਰ ਇਸ ਸਮੇਂ ਦੋਹਾਂ ਆਗੂਆਂ ਵਿਚਕਾਰ ਚੰਗੇ ਸਬੰਧ ਨਹੀ। ਭਾਵੇਂ ਵਿਧਾਇਕ ਸਿੱਧੂ ਅਤੇ ਬੂਟਾ ਸਿੰਘ ਜਲਾਲ ਕਰਮਜੀਤ ਅਨਮੋਲ ਦੀ ਜਿੱਤ ਲਈ ਯਤਨ ਕਰ ਰਹੇ ਹਨ ਪਰ ਫਿਰ ਵੀ ਵਿਧਾਇਕ ਸਿੱਧੂ ਅਤੇ ਬੂਟਾ ਜਲਾਲ ਵਿਚਕਾਰ ਸਿਆਸੀ ਮੱਤਭੇਦ ਕਾਰਨ ਆਮ ਵਰਕਰਾਂ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਜਿਸ ਕਰਕੇ ਆਪ ਉਮੀਦਵਾਰ ਨੂੰ ਕਰਮਜੀਤ ਅਨਮੋਲ ਨੂੰ ਕੁਝ ਸਿਆਸੀ ਨੁਕਸਾਨ ਹੋਣ ਦੀ ਚਰਚਾ ਹੈ। ਇਸੇ ਤਰ੍ਹਾਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤੀ ਕਰੀਬੀ ਮੰਨ੍ਹੇ ਜਾਂਦੇ ਗਾਇਕ ਅਤੇ ਫਿਲਮੀ ਕਲਾਕਾਰ ਹਰਭਜਨ ਮਾਨ ਦੇ ਸਕੇ ਮਾਮਾ ਨਛੱਤਰ ਸਿੰਘ ਸਿੱਧੂ ਜੋ ਹਲਕੇ ਦੇ ਸਭ ਤੋਂ ਪੁਰਾਣੇ ਸੀਨੀਅਰ ਆਪ ਆਗੂ ਹਨ, ਉਹ ਵੀ ਹਲਕਾ ਵਿਧਾਇਕ ਨਾਲ ਨਰਾਜ਼ਗੀ ਕਾਰਨ ਘਰ ਸ਼ਾਤ ਬੈਠੇ ਦੱਸੇ ਜਾਂਦੇ ਹਨ। ਉਨ੍ਹਾਂ ਦੀ ਸਰਗਰਮੀ ਨਾਲ ਹੋਣ ਕਾਰਨ ਵੀ ਆਪ ਨੂੰ ਨੁਕਸਾਨ ਹੋਣ ਦੇ ਸੰਕੇਤ ਹਨ।
ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਚੋਣ ਮੈਦਾਨ ਵਿਚ ਹਨ। ਹਲਕਾ ਰਾਮਪੁਰਾ ਫੂਲ ਵਿਚ ਕਾਂਗਰਸ ਦੀ ਗੁੱਟਬੰਦੀ ਵੀ ਕਿਸੇ ਤੋਂ ਲੁਕੀ ਨਹੀ। ਕੁਝ ਦਿਨ ਪਹਿਲਾ ਪਿੰਡ ਜਲਾਲ ਦੇ ਇਕ ਪੈਲਿਸ ਵਿਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੀ ਹਾਜਰੀ ਵਿਚ ਵੱਡਾ ਇਕੱਠ ਹੋਇਆ ਸੀ, ਜਿਸ ਤੋਂ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜਦੀਕੀ ਸਾਥੀ ਜਸ਼ਨਦੀਪ ਸਿੰਘ ਚਹਿਲ ਨੇ ਵੀ ਉਸੇ ਪੈਲਿਸ ਵਿਚ ਆਪਣਾ ਸਮੱਰਥਕਾਂ ਦਾ ਵੱਖਰਾ ਇਕੱਠ ਕੀਤਾ, ਜਿਸ ਵਿਚ ਕਾਂਗਰਸੀ ਉਮੀਦਵਾਰ ਬੀਬੀ ਸਾਹੋਕੇ ਦੇ ਸਪੁੱਤਰ ਨੇ ਸਮੂਲੀਅਤ ਕੀਤੀ। ਇਸ ਇਕੱਠ ਵਿਚ ਕੁਝ ਬੁਲਾਰਿਆਂ ਨੇ ਬਿਨ੍ਹਾਂ ਨਾਮ ਲਏ ਇਕ ਕਾਂਗਰਸੀ ਆਗੂ ਤੇ ਸਿਆਸੀ ਹਮਲੇ ਕੀਤੇ। ਮਿਲੀ ਜਾਣਕਾਰੀ ਅਨੁਸਾਰ ਹਲਕੇ ਵਿਚ ਸਰਗਰਮ ਇਕ ਹੋਰ ਕਾਂਗਰਸੀ ਆਗੂ ਵੱਲੋਂ ਬੀਬੀ ਅਮਰਜੀਤ ਕੌਰ ਦੇ ਹੱਕ ਵਿਚ ਵੱਖਰਾ ਤੀਜਾ ਪ੍ਰੋਗਰਾਮ ਕੀਤਾ ਗਿਆ ਹੈ। ਯੂਥ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਜਦੋਂ ਬੀਬੀ ਅਮਰਜੀਤ ਕੌਰ ਸਾਹੋਕੇ ਨੇ ਸਾਡੇ ਤੋਂ ਵੋਟ ਲੈਣ ਲਈ ਸੰਪਰਕ ਹੀ ਨਹੀ ਕੀਤੀ ਫਿਰ ਅਸੀ ਉਸਨੂੰ ਵੋਟ ਕਿਉ ਪਾਵਾਗੇ। ਕਾਂਗਰਸ ਦੇ ਸੀਨੀਅਰ ਆਗੂਆਂ ਵਿਚਕਾਰ ਗੁੱਟਬੰਦੀ ਕਾਰਨ ਆਮ ਕਾਂਗਰਸ ਵਰਕਰ ਪਰੇਸ਼ਾਨ ਵਿਖਾਈ ਦੇ ਰਹੇ ਹਨ, ਕੁਝ ਲੋਕਾਂ ਦਾ ਕਹਿਣਾ ਹੈ ਕਿ ਹਲਕੇ ਵਿਚ ਕਾਂਗਰਸ ਦੀ ਗੁੱਟਬੰਦੀ ਕਾਰਨ ਸਿਆਸੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜੇਕਰ ਕਾਂਗਰਸ ਦੇ ਸਾਰੇ ਲੀਡਰ ਆਪਸੀ ਗੁੱਟਬੰਦੀ ਛੱਡ ਕੇ ਇਕ ਮੰਚ ਤੇ ਇਕੱਠੇ ਹੁੰਦੇ ਤਾ ਨਤੀਜਾ ਹੋਰ ਵੀ ਚੰਗਾ ਹੋ ਸਕਦਾ ਸੀ।
ਇਸ ਤਰ੍ਹਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਇਸ ਸਮੇਂ ਸਿਕੰਦਰ ਸਿੰਘ ਮਲੂਕਾ ਦੀ ਸਿਆਸੀ ਚੁੱਪ ਕਾਰਨ ਕਾਰਨ ਸ੍ਰੋਮਣੀ ਅਕਾਲੀ ਦਲ ਦੀ ਸਿਆਸੀ ਸਥਿਤੀ ਵੀ ਕਾਫੀ ਡਾਵਾਂਡੋਲ ਗਈ ਹੈ, ਜਿਸਨੂੰ ਲੈਕੇ ਟਕਸਾਲੀ ਅਕਾਲੀ ਵਰਕਰ ਨਿਰਾਸਾ ਦੇ ਆਲਮ ਵਿਚ ਅਤੇ ਕੁਝ ਆਗੂ ਤੇ ਵਰਕਰ ਦੂਜੀਆਂ ਪਾਰਟੀਆਂ ਵਿਚ ਧੜਾ ਧੜ ਸ਼ਾਮਲ ਹੋ ਰਹੇ ਹਨ। ਸੀਨੀਅਰ ਅਕਾਲੀ ਆਗੂ ਮਲੂਕਾ ਦੇ ਪੁੱਤਰ ਅਤੇ ਨੂੰਹ ਭਾਜਪਾ ਵਿਚ ਸਾਮਿਲ ਹੋ ਗਏ ਸਨ, ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਮਲੂਕਾ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਹਨ, ਪ੍ਰੰਤੂ ਸਿਕੰਦਰ ਸਿੰਘ ਮਲੂਕਾ ਹਾਲ ਦੀ ਘੜੀ ਸ੍ਰੋਮਣੀ ਅਕਾਲੀ ਦਲ ਵਿਚ ਹੀ ਹਨ। ਮਲੂਕਾ ਹਾਲ ਦੀ ਘੜੀ ਨਾ ਤਾ ਬਠਿੰਡਾ ਹਲਕੇ ਵਿਚ ਆਪਣੀ ਨੂੰਹ ਦੇ ਹੱਕ ਵਿਚ ਕਿਸੇ ਸਿਆਸੀ ਸਮਾਗਮ ਵਿਚ ਸਾਮਿਲ ਹੋਏ ਅਤੇ ਨਾ ਹੀ ਉਹ ਹਲਕਾ ਫਰੀਦਕੋਟ ਤੋਂ ਅਕਾਲੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਤੇ ਗਏ ਹਨ।
ਭਾਵੇਂ ਅਕਾਲੀ ਦਲ ਦੇ ਹਲਕਾ ਇਨਚਾਰਜ ਹਰਿੰਦਰ ਸਿੰਘ ਮਹਿਰਾਜ ਹਲਕੇ ਵਿਚ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਯਤਨ ਕਰ ਰਹੇ ਹਨ ਪਰ ਮਲੂਕਾ ਦੀ ਚੁੱਪ ਹੋਣ ਕਾਰਨ ਅਕਾਲੀ ਉਮੀਦਵਾਰ ਨੂੰ ਸਿਆਸੀ ਨੁਕਸਾਨ ਹੋਣ ਦੇ ਸੰਕੇਤ ਹਨ।
ਭਾਰਤੀ ਜਨਤਾ ਪਾਰਟੀ ਵੱਲੋੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਗਾਇਕ ਹੰਸ ਰਾਜ ਹੰਸ ਆਪਣੀ ਕਿਸਮਤ ਅਜਮਾ ਰਹੇ ਹਨ ਪਰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ ਵੀ ਭਾਜਪਾ ਦੀ ਗੁੱਟਬੰਦੀ ਵਿਖਾਈ ਦੇ ਰਹੀ ਹੈ। ਪਿਛਲੇ ਦਿਨੀ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਭਾਜਪਾ ਆਗੂ ਗੁਰਵਿੰਦਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਭਾਜਪਾ ਸਰਕਲ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ ਦੀ ਹਾਜਰੀ ਵਿਚ ਹਾਜਰੀਨ ਨੂੰ ਸੰਬੋਧਨ ਕੀਤਾ ਸੀ, ਪਰ ਕੁਝ ਦਿਨ ਬਾਅਦ ਭਾਜਪਾ ਆਗੂ ਅਮਰਜੀਤ ਸ਼ਰਮਾ ਵੱਲੋਂ ਵੱਖਰੇ ਤੌਰ ਤੇ ਆਪਣੇ ਘਰ ਹੰਸ ਰਾਜ ਹੰਸ ਨੂੰ ਬੁਲਾਇਆ ਗਿਆ। ਭਾਜਪਾ ਪਿੰਡਾਂ ਵਿਚ ਹਾਲੇ ਆਪਣੇ ਪੈਰ ਪਸ਼ਾਰ ਰਹੀ ਹੈ ਪਰ ਭਾਜਪਾ ਦੀ ਗੁੰਟਬੰਦੀ ਦੇ ਵੀ ਲੋਕਾਂ ਵਿਚ ਖੂਬ ਚਰਚੇ ਹਨ।
ਭਾਵੇਂ ਸਿਆਸਤ ਵਿਚ ਕੋਈ ਕਿਸੇ ਦਾ ਪੱਕਾ ਵਿਰੋਧੀ ਅਤੇ ਹਮਾਇਤੀ ਨਹੀ ਹੁੰਦਾ ਪਰ ਕੁਝ ਆਗੂ ਆਪਣੀ ਹੀ ਪਾਰਟੀ ਦੇ ਉਮੀਦਵਾਰ ਵੀ ਵੋਟ ਘਟਾਕੇ ਆਪਣੀ ਹੀ ਪਾਰਟੀ ਦੇ ਆਪਣੇ ਵਿਰੋਧੀ ਆਗੂ ਨੂੰ ਸਬਕ ਸਿਖਾਉਣ ਲਈ ਸਿਆਸੀ ਠਿੱਬੀ ਲਗਾ ਸਕਦੇ ਹਨ।
ਦੂਜੇ ਪਾਸੇ ਕੁਝ ਕੁ ਦਿਨਾਂ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਦੇ ਪਿੰਡਾਂ ਵਿਚ ਚਰਚੇ ਹੋ ਰਹੇ ਹਨ, ਪਿੰਡਾਂ ਵਿਚ ਬਣੀਆਂ ਸਤਿਕਾਰ ਕਮੇਟੀਆਂ, ਨਸ਼ਾ ਵਿਰੋਧੀ ਕਮੇਟੀਆਂ ਅਤੇ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਮੈਂਬਰ ਵੀ ਅਜ਼ਾਦ ਉਮੀਦਵਾਰ ਖਾਲਸਾ ਦੀ ਚੋਣ ਮੁਹਿੰਮ ਨੂੰ ਆਪ ਮੁਹਾਰੇ ਸੰਭਾਲ ਰਹੇ ਹਨ। ਖਾਲਸਾ ਦਾ ਚੋਣ ਨਿਸਾਨ ਗੰਨਾ ਅਤੇ ਕਿਸਾਨ ਹੈ। ਮਿਲੀ ਜਾਣਕਾਰੀ ਅਨੁਸਾਰ ਅਜਾਦ ਉਮੀਦਵਾਰ ਦੇ ਸਮੱਰਥਕ ਵੋਟਾਂ ਵਾਲੇ ਦਿਨ ਗੰਨੇ ਦੇ ਜੂਸ ਦੇ ਲੰਗਰ ਲਗਾਉਣ ਦੀ ਯੋਜਨਾ ਵੀ ਬਣਾ ਰਹੇ ਹਨ, ਜਿਸਨੂੰ ਲੈਕੇ ਸੱਤਾਧਾਰੀ ਧਿਰ ਆਪ ਸਮੇਤ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਉਮੀਦਵਾਰ ਅੰਦਰਖਾਤੇ ਚਿੰਤਤ ਹਨ।
ਹੁਣ ਵੇਖਣਾ ਹੋਵੇਗਾ ਹਲਕੇ ਦੀ ਇਸ ਸਿਆਸੀ ਉਲਝਣਬਾਜ਼ੀ ਵਿਚ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ।