ਪੰਜਾਬ ’ਚ ਖ਼ਤਮ ਹੁੰਦੀ ਜਾ ਰਹੀ ਹੈ ਨਰਮੇ ਦੀ ਖੇਤੀ

ਪੰਜਾਬ ’ਚ ਕਪਾਹ ਦੀ ਬਿਜਾਈ ਹੁਣ ਤਕ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਕਪਾਹ ਦੀ ਕਾਸ਼ਤ ਅਧੀਨ ਰਕਬਾ 46% ਘੱਟ ਗਿਆ ਹੈ, ਪਿਛਲੇ ਸਾਲ ਦੇ 1.79 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਸਾਲ ਸਿਰਫ 96,614 ਹੈਕਟੇਅਰ ਰਕਬੇ ’ਚ ਕਾਸ਼ਤ ਕੀਤੀ ਗਈ ਹੈ। ਇਹ ਕਮੀ ਖੇਤੀਬਾੜੀ ਵਿਭਾਗ ਵਲੋਂ ਇਸ ਸਾਲ ਕਪਾਹ ਦੀ ਕਾਸ਼ਤ ਲਈ ਘੱਟ ਟੀਚਾ ਨਿਰਧਾਰਤ ਕਰਨ ਦੇ ਬਾਵਜੂਦ ਹੋਈ ਹੈ।ਅੰਗਰੇਜ਼ੀ ਦੇ ਇਕ ਅਖ਼ਬਾਰ ’ਚ ਪ੍ਰਕਾਸ਼ਤ ਰੀਪੋਰਟ ਅਨੁਸਾਰ ਪੰਜਾਬ ਦੇ ਕਿਸਾਨ ਨਰਮੇ ਦੀ ਬਿਜਾਈ ਕਰਨ ਤੋਂ ਝਿਜਕ ਰਹੇ ਹਨ। ਪੰਜਾਬ ’ਚ ਕਪਾਹ ਦਾ ਜ਼ਿਆਦਾਤਰ ਉਤਪਾਦਨ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ’ਚ ਕੇਂਦਰਿਤ ਹੈ। ਹਰੀ ਕ੍ਰਾਂਤੀ ਤੋਂ ਬਾਅਦ ਕਪਾਹ ਦੀ ਕਾਸ਼ਤ ਅਧੀਨ ਰਕਬਾ ਘਟਦਾ ਜਾ ਰਿਹਾ ਹੈ ਜਦ ਕਿਸਾਨਾਂ ਨੇ ਪਾਣੀ ਦੀ ਆਸਾਨੀ ਨਾਲ ਉਪਲਬਧਤਾ ਕਾਰਨ ਝੋਨੇ ਵਲ ਜਾਣਾ ਸ਼ੁਰੂ ਕੀਤਾ।2015 ’ਚ, ਚਿੱਟੀ ਮੱਖੀ ਦੇ ਹਮਲੇ ਨਾਲ ਕਪਾਹ ਦੀਆਂ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਸਨ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਹੋਏ ਸਨ। ਪੰਜਾਬ ਸਰਕਾਰ ਨੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ, ਪਰ ਬਾਅਦ ਦੇ ਸਾਲਾਂ ’ਚ ਨਰਮੇ ਦੀ ਕਾਸ਼ਤ ਅਧੀਨ ਰਕਬਾ ਘਟਦਾ ਰਿਹਾ। ਕਿਸਾਨ ਨਰਮੇ ਦੀ ਕਾਸ਼ਤ ’ਚ ਕਮੀ ਲਈ ਕੀੜਿਆਂ ਦੇ ਹਮਲੇ, ਬਾਜ਼ਾਰ ’ਚ ਨਕਲੀ ਬੀਜ ਅਤੇ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਵਲੋਂ ਮੰਡੀਆਂ ਤੋਂ ਕਪਾਹ ਦੀ ਘੱਟ ਖਰੀਦ ਵਰਗੇ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਨਤੀਜੇ ਵਜੋਂ, ਕਿਸਾਨਾਂ ਨੂੰ ਅਕਸਰ ਅਪਣੀ ਫਸਲ ਘੱਟੋ ਘੱਟ ਵਿਕਰੀ ਮੁੱਲ (ਐਮ.ਐਸ.ਪੀ.) ਤੋਂ ਹੇਠਾਂ ਵੇਚਣੀ ਪੈਂਦੀ ਹੈ।ਇਨ੍ਹਾਂ ਚੁਨੌਤੀਆਂ ਕਾਰਨ ਬਹੁਤ ਸਾਰੇ ਕਿਸਾਨ ਝੋਨੇ ਦੀ ਕਾਸ਼ਤ ਵਲ ਰੁਖ ਕਰ ਰਹੇ ਹਨ। ਉਹ ਸਿੰਚਾਈ ਲਈ ਧਰਤੀ ਹੇਠਲੇ ਖਾਰੇ ਪਾਣੀ ਅਤੇ ਨਹਿਰੀ ਪਾਣੀ ਦੇ ਮਿਸ਼ਰਣ ਦੀ ਵਰਤੋਂ ਕਰਦੇ ਹਨ। ਝੋਨੇ ਦੀ ਕਾਸ਼ਤ ਵਲ ਵੱਧ ਰਹੀ ਤਬਦੀਲੀ ਪੰਜਾਬ ਸਰਕਾਰ ਦੇ ਫਸਲੀ ਵੰਨ-ਸੁਵੰਨਤਾ ਦੇ ਦਾਅਵਿਆਂ ਦੇ ਉਲਟ ਹੈ। ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕਾਰਜਕਾਲ ਦੌਰਾਨ ਨਰਮੇ ਹੇਠ ਰਕਬਾ ਬਹੁਤ ਘੱਟ ਗਿਆ ਹੈ ਅਤੇ ਕਿਸਾਨ ਪੰਜਾਬ ਸਰਕਾਰ ਅਤੇ ਕੇਂਦਰ ਦੋਹਾਂ ਤੋਂ ਹਮਾਇਤ ਨਹੀਂ ਮਿਲ ਰਹੀ ਮਹਿਸੂਸ ਕਰਦੇ ਹਨ।ਰੀਪੋਰਟ ਅਨੁਸਾਰ ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਕਰਨਜੀਤ ਸਿੰਘ ਗਿੱਲ ਨੇ ਕਿਹਾ, ‘‘ਅਸੀਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਕਰਨ ਦੀ ਸਲਾਹ ਦਿੰਦੇ ਹਾਂ ਪਰ ਜੇਕਰ ਇਹ ਉਨ੍ਹਾਂ ਨੂੰ ਆਰਥਕ ਤੌਰ ’ਤੇ ਅਨੁਕੂਲ ਨਹੀਂ ਹੈ ਤਾਂ ਅਸੀਂ ਉਨ੍ਹਾਂ ਨੂੰ ਮਜਬੂਰ ਨਹੀਂ ਕਰ ਸਕਦੇ। ਪਿਛਲੇ ਸਾਲ, ਉਨ੍ਹਾਂ ਨੂੰ ਐਮ.ਐਸ.ਪੀ. ਦੇ ਅਨੁਸਾਰ ਕੀਮਤ ਨਹੀਂ ਮਿਲੀ ਸੀ, ਇਸ ਲਈ ਇਹ ਉਮੀਦ ਕੀਤੀ ਜਾ ਰਹੀ ਸੀ।’’ ਡਾਇਰੈਕਟਰ (ਖੇਤੀਬਾੜੀ) ਜਸਵੰਤ ਸਿੰਘ ਨੇ ਕਿਹਾ, ‘‘ਕਪਾਹ ਹੇਠਰਕਬਾ ਬਹੁਤ ਘੱਟ ਗਿਆ ਹੈ। ਐਮ.ਐਸ.ਪੀ. ਦੇ ਮੁੱਦੇ ਤੋਂ ਇਲਾਵਾ, ਪਿਛਲੇ ਸਾਲ ਸਤੰਬਰ ’ਚ ਹੋਈ ਬਾਰਸ਼ ਨੇ ਝਾੜ ਨੂੰ ਪ੍ਰਭਾਵਤ ਕੀਤਾ।’’

Total Views: 45 ,
Real Estate