ਪੰਜਾਬੀ ਵਿਦਿਆਰਥੀਆਂ ਦੀਆਂ ਕੈਨੇਡਾ ‘ਚ ਹਾਰਟ ਅਟੈਕ ਨਾਲ਼ ਹੋ ਰਹੀਆਂ ਮੌਤਾਂ ਦੇ ਕਾਰਣ ਕੀ ਨਸ਼ਾ ਜਾਂ ਕੁਝ ਹੋਰ ?

ਕੈਨੇਡਾ ਵਿੱਚ ਬਹੁਤ ਸਾਰੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਹੋ ਰਹੀਆਂ ਹਨ, ਸਾਰਿਆਂ ਦੀ ਮੌਤ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਸ਼ਰਮਿੰਦਗੀ ਕਾਰਣ ਕਹਿ ਦਿੱਤਾ ਜਾਂਦਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਾਂ ਦਿਲ ਬੰਦ ਹੋ ਗਿਆ. ਉਸ ਵਕਤ ਇਹ ਕਹਿ ਕੇ ਲੋਕਾਂ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ. ਅਸਲ ਵਿੱਚ ਮੌਤ ਦੀ ਜਾਣਕਾਰੀ, ਮੌਤ ਤੋਂ ਕੁਝ ਮਹੀਨੇ ਬਾਅਦ, ਪੁਲਿਸ ਅਤੇ ਕੋਰਨਰ ਸਰਵਿਸ ਵਾਲਿਆਂ ਵੱਲੋਂ ਮ੍ਰਿਤਕ ਦੇ ਮਾਪਿਆਂ ਜਾ ਸਕੇ-ਸਬੰਧੀਆਂ ਨੂੰ ਦਿੱਤੀ ਜਾਂਦੀ ਹੈ, ਜੋ ਕਿ ਹਮੇਸ਼ਾ ਗੁਪਤ ਰਹਿੰਦੀ ਹੈ. ਜੇਕਰ ਪਿਛਲੇ ਸਾਲਾਂ ਦੌਰਾਨ ਇਸ ਤਰਾਂ ਮਾਰੇ ਗਏ ਨੌਜਵਾਨਾਂ ਦੀਆਂ ਪੋਸਟਮਾਰਟਮ ਦੀਆਂ ਰਿਪੋਰਟਾਂ ਨੂੰ ਘੋਖਿਆ ਜਾਵੇ ਜਾਂ ਮਾਪੇ ਖੁਦ ਇਸ ਬਾਰੇ ਦੱਸਣ ਕਿ ਕੀ ਹੋਇਆ ਹੈ, ਤਾਂ ਸਾਰੀ ਗੱਲ ਸਪੱਸ਼ਟ ਹੋ ਸਕਦੀ ਹੈ ਪਰ. ਅਜਿਹਾ ਹੋ ਨਹੀਂ ਰਿਹਾ. ਦਰਅਸਲ, ਸ਼ਰਮਿੰਦਗੀ ਦੇ ਮਾਰਿਆਂ ਲੋਕਾਂ ਕੋਲ਼ੇ, ਸੱਚ ਲੁਕੋਇਆ ਜਾਂਦਾ ਹੈ. ਪਰ ਜੋ ਨਾਲ਼ ਦੇ ਦੋਸਤ ਮਿੱਤਰ ਹੁੰਦੇ ਹਨ ਉਹ ਦੱਸ ਦਿੰਦੇ ਹਨ ਕਿ ਮੌਤ ਦਾ ਕੀ ਕਾਰਨ ਬਣਿਆ। ਹੁੰਦਾ ਇਹ ਹੈ ਕਿ ਇੰਡੀਆ ਵਿਚ ਜਿਹੜੇ ਜ਼ਿਆਦਾਤਰ ਅਫੀਮ ਜਾਂ ਭੰਗ ਖਾਂਦੇ ਹਨ ਉਸ ਵਿਚ ਕੋਈ ਮਿਲਾਵਟ ਨਹੀਂ ਹੁੰਦੀ ਏਥੇ ਕੈਨੇਡਾ ਵਿੱਚ ਵਿਕਣ ਵਾਲ਼ੇ ਨਸ਼ਿਆਂ ਵਿੱਚ ਮਿਲਾਵਟ ਜ਼ਿਆਦਾ ਹੋਣ ਕਰਕੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਓਵਰਡੋਜ਼ ਹੋ ਜਾਂਦੀ ਹੈ। ਇਸ ਕਰਕੇ ਬਿਨਾਂ ਜਾਣਕਾਰੀ ਤੋਂ ਥੋੜ੍ਹੀ ਮਾਤਰਾ ਵਿਚ ਲਿਆ ਗਿਆ ਨਸ਼ਾ ਵੀ ਓਵਰਡੋਜ਼ ਦਾ ਕਾਰਨ ਬਣ ਜਾਂਦਾ ਹੈ, ਜਿਸ ਵਿੱਚ ਸੁੱਤੇ ਪਿਆਂ ਦਿਲ ਦੀ ਧੜਕਣ ਰੁਕ ਜਾਂਦੀ ਹੈ. ਕੋਰਨਰ ਸਰਵਿਸ ਦੀ ਰਿਪੋਰਟ ਵਿੱਚ ਵੀ ਲਿਖਿਆ ਹੁੰਦਾ ਕਿ ਮੈਡੀਕਲ ਕਾਰਨ ਕਰਕੇ ਦਿਲ ਦੀ ਧੜਕਣ ਰੁਕ ਗਈ। ਕੋਨੇ ਵਿਚ ਜਾਂ ਲਕਵਾਂ ਜਿਹਾ ਓਵਰਡੋਜ਼ ਦਾ ਵੀ ਜਿਕਰ ਕੀਤਾ ਗਿਆ ਹੁੰਦਾ। ਇਸ ਕਰਕੇ ਜ਼ਿਆਦਾਤਰ ਲੋਕ ਹਾਰਟ ਅਟੈਕ ਜਾਂ ਕਹਿ ਦਿੰਦੇ ਹਨ ਕਿ ਸੁੱਤਾ ਰਹਿ ਗਿਆ.
ਇਥੇ ਜਿਆਦਾਤਰ ਹੈਰੋਇਨ, ਅਫੀਮ, ਭੰਗ ਦੀ ਓਵਰਡੋਜ ਮੌਤ ਦਾ ਕਾਰਨ ਬਣਦੇ ਹਨ। ਮ੍ਰਿਤਕ ਕਈ ਵਾਰ ਇਹ ਨਸ਼ਾ ਆਪਣੀ ਮਰਜ਼ੀ ਨਾਲ ਕਰਦਾ ਹੈ ਜਾਂ ਗਲਤ ਸੰਗਤ ਵਿਚ ਪੈ ਕੇ ਜਾ ਨਾਲਦਿਆਂ ਦੇ ਪ੍ਰਭਾਵ ਹੇਠ ਜਾਂ ਦਬਾਅ ਵਿੱਚ ਆਏ ਕਰਦੇ ਹਨ, ਕਈ ਵਾਰ ਉਹਨਾਂ ਦੀ ਮਾਨਸਿਕ ਸਥਿਤੀ ਹੀ ਐਨੀ ਕਮਜ਼ੋਰ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਕਰ ਰਹੇ ਹਨ.
ਇਸ ਬਾਰੇ ਕੁਝ ਸਪੱਸ਼ਟ ਕਹਿਣਾ ਬੜਾ ਔਖਾ ਹੈ ਕਿ ਕਿਹਨਾਂ ਹਾਲਾਤਾਂ ਵਿੱਚ ਉਹ ਨਸ਼ਾ ਕਰਨ ਲੱਗਦੇ ਹਨ, ਪਰ ਇਹੀ ਵੱਡਾ ਕਾਰਨ ਹੁੰਦਾ ਹੈ ਹਰ ਮਹੀਨੇ ਦਰਜਨਾਂ ਨੌਜਵਾਨ ਮੁੰਡੇ ਅਤੇ ਕੁੜੀਆਂ ਦੀ ਹਸਪਤਾਲ ਵਿੱਚ ਮੌਤ ਹੋ ਜਾਂਦੀ ਹੈ, ਜੋ ਓਵਰਡੋਜ ਕਾਰਨ ਹਸਪਤਾਲ ਪਹੁੰਚਦੇ ਹਨ. ਇਹ ਗੱਲਾਂ ਇਸ ਕਰਕੇ ਦਬੀਆਂ ਰਹਿ ਜਾਂਦੀਆਂ ਹਨ, ਕਿਉਂਕਿ, ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਭਾਈਚਾਰਾ ਬਦਨਾਮ ਹੋਵੇ, ਪਰ ਡਾਕਟਰ ਅਤੇ ਨਰਸਾ ਮੀਡੀਏ ਦੇ ਪੁੱਛਣ ‘ਤੇ ਅਤੇ ਜਾਨਣ ਵਾਲਿਆਂ ਨੂੰ ਵਾਰ-ਵਾਰ ਇਹੀ ਕਹਿੰਦੇ ਹਨ ਕਿ ਨੌਜਵਾਨਾਂ ਨੂੰ ਜਾਗਰੂਕ ਕਰੋ, ਸਿਉਂਕਿ, ਓਵਰਡੋਜ ਦਾ ਕੰਮ ਬਹੁਤ ਵਧ ਗਿਆ ਹੈ। ਜਿਹੜਾ ਇਨਸਾਨ ਪਹਿਲੀ ਵਾਰ ਇਹੋ ਜਿਹਾ ਨਸ਼ਾ ਕਰਦਾ ਹੈ, ਉਸ ਦੇ ਓਵਰਡੋਜ ਹੋਣ ਤੇ ਮੌਤ ਦੇ ਮੌਕੇ ਵਧੇਰੇ ਨਸ਼ੇ ਮੌਕੇ ਵਧੇਰ ਹੁੰਦੇ ਹਨ. ਕਈ ਵਾਰ ਪਾਰਟੀਆਂ ਕਰਨ ਦੇ ਚੱਕਰ ਵਿਚ ਜਾਂ ਕਿ ਇਹ ਨਸ਼ਾ ਕਿਹੋ ਜਿਹਾ ਹੈ ਸਿਰਫ ਜਾਨਣ ਦੀ ਉਤਸੁਕਤਾ ਵਿਚ ਹੀ ਨੌਜਵਾਨ ਓਵਰਡੋਜ਼ ਹੋ ਜਾਂਦੇ ਹਨ. ਨਸ਼ਿਆਂ ਵਿਚ ਮਿਲਾਵਟ ਹੋਣ ਕਾਰਣ, ਉਸ ਨਸ਼ੇ ਦੀ ਮਾਤਰਾ ਦਾ ਅੰਦਾਜ਼ਾ ਲਗਾਉਣਾ ਔਖਾ ਹੁੰਦਾ ਹੈ.
ਮੀਡੀਏ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਅਦਾਰਿਆਂ ਵੱਲੋਂ ਸਮੇਂ ਸਮੇਂ ‘ਤੇ ਆਵਾਜ਼ ਉਠਾਈ ਜਾਂਦੀ ਹੈ ਕਿ ਨਸ਼ੇ ਨਾ ਕਰੋ। ਕਿਉਂਕਿ, ਮਿਲਾਵਟ ਬਹੁਤ ਹੋ ਰਹੀ ਹੈ, ਫੈਟਾਨਿਲ ਨੇ ਬਹੁਤ ਮਾਰ ਦਿੱਤੇ ਪਰ ਕੋਈ ਸੁਣਦਾ ਹੀ ਨਹੀਂ ਕਈਆਂ ਨੂੰ ਖਰਚ
ਪੂਰੀ ਕਰਨ ਲਈ ਕੰਮ ਸਖ਼ਤ ਕਰਨਾ ਪੈਂਦਾ। ਕਈ ਸਖਤ ਕੰਮ ਕਰਨ ਲਈ ਅਤੇ ਸਰੀਰ ਦੀ ਥਕਾਵਟ ਦੂਰ ਕਰਨ ਲਈ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਂਦੇ ਹਨ ਤੇ ਫਿਰ ਹੌਲੀ ਹੌਲੀ ਪੱਕੇ ਨਸ਼ਿਆਂ ‘ਤੇ ਲੱਗ ਜਾਂਦੇ ਹਨ ਹਰੇਕ ਦਾ ਸਰੀਰ ਵੱਖੋ ਵੱਖਰਾ, ਕੋਈ ਥੋੜ੍ਹੇ ਜਿਹੇ ਨਸ਼ੇ ਨਾਲ ਵੀ ਓਵਰਡੋਜ਼ ਹੋ ਸਕਦਾ ਤੇ ਕਈ ਬਹੁਤ ਸਾਰਾ ਨਸ਼ਾ ਕਰਕੇ ਵੀ ਬਚ ਜਾਂਦੇ ਹਨ, ਪਤਾ ਸਭ ਨੂੰ ਹੈ ਕਿ ਆਲੇ-ਦੁਆਲੇ ਕੀ ਹੋ ਰਿਹਾ, ਪਰ ਇਸ ਬਾਰੇ ਕੋਈ ਬੋਲਦਾ ਨਹੀਂ. ਨਸ਼ਾ ਆਮ ਵਿਕਦਾ ਹੈ, ਭੰਗ ਵਰਗੇ ਸਟਰੀਟ ਨਸ਼ਿਆਂ ਦੀਆਂ ਡਿਸਪੈਂਸਰੀਆਂ ਕੈਨੇਡਾ ਵਿਚ ਆਮ ਖੁਲ੍ਹ ਗਈਆਂ ਹਨ, ਜਿਸ ਨਾਲ ਬੱਚਿਆਂ ਨੂੰ ਇਹ ਅਸਾਨੀ ਨਾਲ ਮਿਲ ਜਾਂਦਾ
ਇਕ ਗੱਲ ਹੋਰ ਇਥੇ ਮਾਨਸਿਕ ਤਣਾਅ ਬਹੁਤ ਹੈ, ਪੜ੍ਹਾਈ ਤੇ ਬਾਕੀ ਕੰਮਾਂ ਦੀ ਜੁਮੇਵਾਰੀ ਜਦੋਂ ਸਿਰ ਤੇ ‘ਆਣ ਪੈਂਦੀ ਹੈ ਤਾਂ ਵੀ ਨੌਜਵਾਨ ਨਸ਼ੇ ਕਰਨ ਲੱਗ ਜਾਦੇ ਜਾਂ ‘ ਜਾਂ ਫਿਰ ਖੁਦਕੁਸ਼ੀ ਵੱਲ ਨੂੰ ਹੋ ਤੁਰਦੇ ਹਨ. ਇਕੱਲੇ ਰਹਿ ਰਹੇ ਬੱਚਿਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੁੰਦਾ, ਕੈਨੇਡਾ ਨਵੇਂ ਆਏ ਬੱਚਿਆਂ ਨੂੰ ਨਵੇਂ ਮਹੌਲ ਵਿਚ ਰਚਣ ਮਿਚਣ ਨੂੰ ਵੀ ਸਮਾਂ ਲਗਦਾ, ਜਿਹੜੇ ਬੱਚੇ ਦੂਜਿਆਂ ਨਾਲ ਘੁਲ ਮਿਲ ਨਹੀਂ ਪਾਉਂਦੇ, ਉਹ ਇਕਲਾਪੇ ਦਾ ਸ਼ਿਕਾਰ ਹੋ ਜਾਦੇ ਹਨ , ਜਿਸ ਨਾਲ ਉਹ ਮਾਨਸਿਕ ਤਨਾਅ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ.
ਪਹਿਲਾਂ ਪਹਿਲ ਆਇਆਂ ਨੂੰ ਤਾਂ ਕੈਨੇਡਾ ਮੁਲਕ ਸਵਰਗ ਵਰਗਾ ਲੱਗਦਾ, ਜਦੋਂ ਅਸਲੀਅਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਬੱਚਿਆਂ ਕੋਲੋਂ ਐਨਾ ਕੁਝ ਸੰਭਾਲਣਾ ਮੁਸ਼ਕਿਲ ਹੋ ਜਾਂਦਾ ,ਕੰਮ ਲੱਭਣਾ, ਕਈ ਵਾਰ ਕੰਮ ਨਹੀਂ ਮਿਲਦਾ, ਕਈ ਵਾਰ ਕੰਮ ਮਿਲ ਵੀ ਜਾਂਦਾ ਪਰ ਜਦੋਂ ਮਾਲਕ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ ਜਾਂ ਘੱਟ ਪੈਸੇ ਦਿੰਦੇ ਹਨ. ਆਵਾਜ ਉਠਾਉਣ ‘ਤੇ ਕੰਮ ਦੇ ਮਾਲਕਾਂ ਵੱਲੋਂ ਕੰਮ ਤੋਂ ਕੱਢਣ ਜਾਂ ਵਾਪਸ ਭਾਰਤ ਭੇਜਣ ਦੀ ਧਮਕੀ ਦੇ ਡਰੋ ਚੁੱਪ ਕਰ ਕੇ ਬੈਠ ਜਾਣਾ, ਕੰਮਾਂ ‘ਤੇ ਮਾਨਸਿਕ ਦੇ ਨਾਲ ਨਾਲ ਸਰੀਰਕ ਸੋਸਣ ਹੋਣਾ, ਮਹਿੰਗਾਈ ਵਧ ਹੋਣ ਕਾਰਣ ਰੈਂਟ ਦੇਣ ਦਾ ਤਣਾਅ, ਗਰੌਸਰੀ ਦਾ ਖਰਚਾ ਪੱਕੇ ਹੋਣ ਦੀ ਪੇ੍ਸ਼ਾਨੀ, ਘਰਦਿਆਂ ਦੀਆਂ ਮੰਗਾ ਜਾਂ ਉਹਨਾਂ ਦੀਆਂ ਆਸਾਂ ‘ਤੇ ਪੂਰਾ ਉਤਰਨ ਦਾ ਡਰ. ਬਾਰਾਂ ਪਾਸ ਬੱਚੇ 16- 17 ਸਾਲ ਦੀ ਉਮਰ ਵਿਚ ਅਜੇ ਬਚਪਨਾ ਹੀ ਤਾਂ ਹੁੰਦਾ, ਘੱਟੋ ਘੱਟ, 25 ਸਾਲ ਦੀ ਉਮਰ ਤੱਕ ਬੱਚਾ ਮਾਨਸਿਕ ਅਤੇ ਸਰੀਰਕ ਪੱਖ ਤੋਂ ਪੂਰੀ ਤਰ੍ਹਾਂ ਵਿਕਸਿਤ ਹੁੰਦਾ ਹੈ। ਚੰਗੇ ਮਾੜੇ ਦਾ ਫੈਸਲਾ ਲੈਣਾ ਉਹਨਾਂ ਲਈ ਬਹੁਤ ਔਖਾ ਹੁੰਦਾ, ਇਹ ਉਮਰ ਹੀ ਇਹੋ ਜਿਹੀ ਹੈ ਕਿ ਇਹਨਾਂ ਨੂੰ ਕੋਈ ਵੀ ਵਰਗਲਾ ਕੇ ਕੁਝ ਵੀ ਕਰਵਾ ਸਕਦਾ ਬਾਕੀ ਬੱਚੇ ਦੀ ਪਰਵਰਿਸ਼ ‘ਤੇ ਵੀ ਨਿਰਭਰ ਕਰਦਾ ਕਈ ਬੱਚੇ ਸਮਝਦਾਰ ਹੁੰਦੇ ਉਹ ਔਖ ਸੌਖ ਹੋ ਕੇ ਕੱਟ ਲੈਂਦੇ ਹਨ , ਪਰ ਜਿਹੜੇ ਬੱਚੇ ਮਾਪਿਆਂ ਨੇ ਬਹੁਤ ਲਾਡਲੇ ਰੱਖੇ ਹੁੰਦੇ ਹਨ ਉਹ ਕਈ ਵਾਰ ਡੋਲ ਜਾਂਦੇ ਹਨ.
ਇਥੇ ਆ ਕੇ ਮਹਿੰਗੀਆਂ ਕਾਰਾ, ਮਹਿੰਗੇ ਵਿਆਜ ਦਰਾਂ ਤੇ ਲੈ ਕੇ, ਮੁੜ ਕੇ ਕਿਸਤਾਂ ਨਹੀਂ ਦੇ ਹੁੰਦੀਆਂ ਅਤੇ ਫਿਰ ਤਰੀਕੇ ਭਾਲਣੇ ਕਿ ਕਿਤਿਓਂ ਸੌਖੇ ਤਰੀਕੇ ਨਾਲ ਪੈਸਾ ਬਣ ਜਾਵੇ. ਉਸ ਵੇਲੇ ਨਸ਼ੇ ਵੇਚਣ ਵਰਗਾ ਤਰੀਕਾ ਆਸਾਨ ਲਗਦਾ ਹੈ. ਸਿਰਫ ਅੰਤਰ-ਰਾਸ਼ਟਰੀ ਵਿਦਿਆਰਥੀ ਹੀ ਨਹੀਂ, ਕੈਨੇਡਾ ਦੇ ਜੰਮ-ਪਲ ਬੱਚਿਆਂ ਦਾ ਵੀ ਰੁਝਾਨ ਇਸ ਪਾਸੇ ਬਹੁਤ ਹੈ। ਡਰੱਗ ਵੇਚਣ ਵਾਲਿਆਂ ਕੋਲ ਇਹਨਾਂ ਬੱਚਿਆਂ ਨੂੰ ਭਰਮਾਉਣ ਦੇ ਬੜੇ ਢੰਗ ਹੁੰਦੇ ਹਨ।
ਸੋਲਾਂ ਸਤਾਰਾਂ ਸਾਲ ਉਮਰ ਬਹੁਤ ਛੋਟੀ ਹੈ. ਇਸ ਕਰਕੇ ਬੱਚੇ ਨੂੰ ਬਾਰ੍ਹਵੀਂ ਕਲਾਸ ਤੋਂ ਅੱਗੇ ਪੜ੍ਹਾਓ. ਕੋਈ ਹੁਨਰ ਸਿਖਾਓ ਤਾਂ ਕਿ ਉਸ ਨੂੰ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਉਮਰ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਸਿਆਣਾ ਅਤੇ ਸਮਝਦਾਰ ਵੀ ਹੋ ਜਾਵੇ. ਜੇ ਬੱਚਾ ਬਾਹਰ ਜਾਣ ਦੀ ਜਿਦ ਕਰਦਾ ਤਾਂ ਉਸਨੂੰ ਸਮਝਾਵੋਂ, ਜਜਬਾਤੀ ਜਾਂ ਭਾਵੁਕ ਹੋ ਕੇ ਕੀਤੇ ਗਏ ਫੈਸਲੇ ਕਈ ਵਾਰ ਬਹੁਤ ਨੁਕਸਾਨ ਕਰਦੇ ਹਨ. ਇਹ ਉਮਰ ਹੀ ਇਹੋ ਜਿਹੀ ਹੈ ਕਿ ਬੱਚੇ ਲਈ ਇਸ ਉਮਰ ‘ਚ ਠੀਕ ਗਲਤ ਦਾ ਫੈਸਲਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ. ਬਹੁਤੇ ਪਰਿਵਾਰਾਂ ਵਿੱਚ ਅੱਜ ਕੱਲ੍ਹ ਸਿਰਫ ਇੱਕ ਹੀ ਬੱਚਾ ਹੁੰਦਾ ਹੈ। ਉਹ ਵੀ ਅਸੀ ਬਾਹਰ ਭੇਜ ਦਿੰਦੇ ਹਾਂ. ਕੈਨੇਡਾ ਭੇਜਣ ਦੇ ਚੱਕਰ ‘ਚ ਕਈ ਵਾਰ ਉਹ ਵੀ ਹੱਥੋਂ ਗੁਆ ਲੈਂਦੇ ਹਾਂ ਤੇ ਆਪਣਾ ਬੁਢਾਪਾ ਵੀ ਰੁਲ ਜਾਂਦਾ ਹੈ! ਆਏ ਦਿਨ ਖਬਰਾਂ ਆਉਂਦੀਆਂ ਕਿ ਫਲਾਣੇ ਵਿਦਿਆਰਥੀ ਦੀ ਮੌਤ ਹੋ ਗਈ। ਫਿਰ ਲਾਸ਼ ਪੰਜਾਬ ਭੇਜਣੀ, ਉਸ ਲਈ ‘ਗੋ ਫੰਡ ਮੀਂ ਦਾ ਪ੍ਰਬੰਧ ਕਰਨਾ ਭਾਈਚਾਰੇ ਦੇ ਲੋਕਾਂ ਵੱਲੋਂ ਕਈ ਸੰਸਥਾਵਾਂ ਵੱਲੋਂ ਜਾਂ ਗੁਰੂਘਰ ਦੇ ਪ੍ਰਬੰਧਕਾਂ ਵਲੋਂ ਅੱਗੇ ਹੋ ਕੇ ਲਾਸ਼ ਭਾਰਤ ਭੇਜਣ ਲਈ ਇਕਜੁੱਟ ਹੋ ਕੇ ਮਦਦ ਕੀਤੀ ਜਾਂਦੀ ਹੈ. ਮਰਨ ਵਾਲ਼ਿਆਂ ਵਿਚ ਜਿਆਦਾਤਰ ਮੁੰਡੇ ਹੁੰਦੇ ਅਤੇ ਕੁੜੀਆਂ ਘਟ
ਸਾਨੂੰ ਚਾਹੀਦਾ ਹੈ ਕਿ ਅਸੀਂ ਸੱਚ ‘ਤੇ ਪਰਦਾ ਪਾਉਣ ਦੀ ਬਜਾਏ, ਇਸ ਗੱਲ ਦਾ ਕੋਈ ਹੱਲ ਲੱਭੀਏ ,ਨਹੀਂ ਤਾਂ ਭਵਿੱਖ ਵਿੱਚ ਸਾਨੂੰ ਇਸ ਦਾ ਹੋਰ ਵੀ ਖਮਿਆਜਾ ਭੁਗਤਣਾ ਪੈ ਸਕਦਾ ਹੈ.
ਇਹੋ ਜਿਹੀਆਂ ਕਿੰਨੀਆਂ ਹੀ ਅਖ਼ਬਾਰਾਂ ਦੀਆਂ ਖ਼ਬਰਾਂ ਜਾਂ ਸੁਰਖੀਆਂ, ਰੋਜ਼ ਪੜ੍ਹਨ ਨੂੰ ਮਿਲਦੀਆਂ ਹਨ। ਅਤੇ ਦਿਲ ਪਸੀਜ ਕੇ ਰਹਿ ਜਾਂਦਾ ਹੈ ,ਨਸ਼ੇ ਤੋਂ ਇਲਾਵਾ ਤੁਹਾਡਾ ਰਹਿਣ ਸਹਿਣ, ਤੁਹਾਡਾ ਬੇਹਾ, ਪੁਰਾਣਾ, ਖਾਣਾ ਖਾਣ ਨਾਲ, ਰੋਜ਼ ਸਸਤੇ ਫਾਸਟ ਫੂਡ ਖਾਣ ਨਾਲ, ਘੱਟ ਸੌਣਾ, ਨੀਂਦ ਪੂਰੀ ਨਾ ਹੋਣੀ, ਭੁੱਖੇ ਰਹਿ ਕੇ ਕੰਮ ਕਰੀ ਜਾਣਾ ਉਸਦੇ ਨਾਲ ਨਾਲ ਚੌਵੀ ਘੰਟੇ ਤਣਾਅ ਵਿੱਚ ਰਹਿਣਾ, ਇਹ ਵੀ ਹਾਰਟ ਅਟੈਕ ਦੇ ਕਾਰਨ ਬਣ ਸਕਦੇ ਹਨ. ਸਾਡਾ ਗੀਤ ਸੰਗੀਤ. ਸਾਡਾ ਵਿਰਸਾ, ਜਿਸ ਵਿੱਚ ਗਾਇਕਾਂ ਨੇ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ ਤੋਂ ਇਲਾਵਾ ਚਿੱਟਾ, ਕਾਲੀ ਨਾਗਣੀ, ਬੰਦੂਕਾਂ ਏਕੇ 47. ਆਦਿ ਪ੍ਰਮੇਟ ਕੀਤੀਆਂ ਹੋਣ ਉੱਥੇ ਭਵਿਖ ਅਤੇ ਜਵਾਨੀ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਹੈ. ਗੀਤਾਂ ਦੀਆਂ ਵੀਡੀਓਜ਼ ਵਿਚ ਅਸਲ ਸੱਚਾਈ ਤੋਂ ਕਿਤੇ ਪਰੇ ਦਾ ਸਮਾਜ ਦਿਖਾਇਆ ਜਾਂਦਾ ਹੈ, ਜਿਥੇ ਮਹਿੰਗੀਆਂ ਕਾਰਾਂ, ਬਰੈਂਡਿਡ ਕੱਪੜੇ, ਨੰਗਜ਼, ਅਸਲਾ, ਨਸ਼ਾ. ਸ਼ਰਾਬ, ਆਦਿ ਨੂੰ ਵਧਾ ਚੜਾਅ ਕੇ ਪੇਸ਼ ਕੀਤਾ ਹੋਵੇ, ਉਸ ਤੋਂ ਕਿਹੋ ਜਿਹੇ ਸੱਭਿਆਚਾਰ ਦੀ ਆਸ ਕਰਾਂਗੇ? ਅੱਗੇ ਬੱਚਿਆਂ ਦੀ ਰੁਚੀ ਸਕੂਲ ਕਾਲਜਾਂ ਤੋਂ ਇਲਾਵਾ ਖੇਡਾਂ ਵੱਲ ਹੁੰਦੀ ਸੀ। ਛੁੱਟੀ ਤੋਂ ਬਾਅਦ ਬਚੇ ਘਰੋਂ ਬਾਹਰ ਖੇਡਦੇ ਸਨ, ਪਰ ਹੁਣ ਉਹ ਖੇਡਾਂ ਵਗੈਰਾ ਛੱਡ, ਬਾਕੀ ਸਮਾਂ ਆਪਣੇ ਫੋਨਾਂ ‘ਤੇ ਬਿਤਾਉਂਦੇ ਹਨ. ਫੋਨ ਜਾਂ ਸ਼ੋਸ਼ਲ ਮੀਡੀਏ ‘ਤੇ ਉਹ ਸਭ ਜਾਣਕਾਰੀ ਉਪਲਭਧ ਹੈ ਜਿਸ ਦੀ ਬੱਚਿਆਂ ਨੂੰ ਲੋੜ ਵੀ ਨਹੀਂ ਹੈ. ਬੱਚੇ ਉਮਰ ਤੋਂ ਪਹਿਲਾਂ ਹੀ ਸਭ ਕੁਝ ਸਿੱਖ ਲੈਂਦੇ ਹਨ. ਬੱਚਿਆਂ ਦੀ ਜ਼ਿੰਦਗੀ ਵਿੱਚ ਆਉਣ ਵਾਲ਼ੇ ਇਸ ਨਿਘਾਰ ਵਿਚ, ਕਿਤੇ ਨਾ ਕਿਤੇ ਮਾਪਿਆਂ ਵੱਲੋਂ ਦਿੱਤੀ ਲੋੜ ਤੋਂ ਵੱਧ ਖੁੱਲ ਸਾਡਾ ਸਮਾਜ, ਸੰਗੀਤ ਅਤੇ ਖਾਸਕਰ ਸਿਨੇਮੇ ਵਿੱਚ ਜੋ ਪਰੋਸਿਆ
ਜਾ ਰਿਹਾ ਹੈ, ਦਾ ਵੱਡਾ ਰੋਲ ਹੈ। ਬੱਚੇ ਜੋ ਦੇਖਦੇ ਹਨ. ਉਹੋ ਜਿਹਾ ਬਣਨਾ ਚਾਹੁੰਦੇ ਹਨ.
ਅੱਜ ਦੇ ਸਮਾਜ ਵਿੱਚ ਸਾਡੇ ਬੱਚਿਆਂ ਦੇ ਰੋਲ ਮਾਡਲ ਅਧਿਆਪਕ ਜਾਂ ਮਾਪੇ ਘੱਟ ਤੇ ਸਾਡੇ ਸਿੰਗਰ ਵਧ ਹਨ, ਮਾਪਿਆਂ ਤੋਂ ਵੱਧ ਬੱਚਿਆਂ ਨੂੰ ਸੇਧ ਕੌਣ ਦੇ ਸਕਦਾ ਹੈ? ਸਾਡੇ ਬੱਚਿਆਂ ਨੂੰ ਵੀ ਸੋਚਣ ਅਤੇ ਸਮਝਣ ਦੀ ਲੋੜ ਹੈ. ਗਲਤ ਅਤੇ ਸਹੀ ਦੀ ਚੋਣ ਕਰਨ ਦੀ ਸੋਝੀ ਅਤੇ ਆਪਣੇ ਸੁਪਨਿਆਂ ਅਤੇ ਸਮਾਜ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ. ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ।
ਇੱਥੇ ਆਉਣ ਵਾਲੀਆਂ ਮਸਕਿਲਾਂ ਤੋਂ ਜਾਣੂ ਕਰਵਾਉਣ ਪੜ੍ਹਾਈ , ਜੌਬ ਨਾਲ ਘਰ ਦੇ ਕੰਮ ਕਰਨ ਉਹਨਾਂ ਨੂੰ ਲੋਕਾਂ ਵਿਚ ਕਿੱਦਾਂ ਵਿਚਰਨਾ ਹੈ । ਉਹਨਾਂ ਨੂੰ ਦੱਸਣ ਕਿ ਕੋਈ ਵੀ ਗਲਤ ਕੰਮ ਕਰਣ ਨਾਲ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ, ਕਈ ਵਾਰ ਨਿੱਕੀ ਜਿਹੀ ਕੀਤੀ ਗਲਤੀ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਸਕਦੀ ਹੈ। ਜਿਸ ਵੀ ਸ਼ਹਿਰ ਵਿਚ ਬੱਚੇ ਨੂੰ ਪੜ੍ਹਨ ਲਈ ਭੇਜਣਾ ਹੈ, ਚਾਹੇ ਉਹ ਸਰੀ’ ਵੈਨਕੂਵਰ, ਟੋਰਾਂਟੋ, ਵਿਨੀਪੈਗ, ਅੌਟਵਾ ਜਾਂ ਕੋਈ ਵੀ ਸ਼ਹਿਰ ਹੋਵੇ, ਉਸ ਸ਼ਹਿਰ ਦੀ ਆਨਲਾਇਨ ਜਾਣਕਾਰੀ ਹਾਸਲ ਕਰਨ, ਇਹ ਜਾਨਣ ਕਿ ਉਥੋਂ ਦੀ ਆਰਥਿਕ ਦਸ਼ਾ ਕਿਹੋ ਜਿਹੀ ਹੈ। ਰਹਿਣ ਲਈ ਜਗ੍ਹਾ ਮਿਲ ਜਾਵੇਗੀ ,??ਕੀ ਉੱਥੇ ਜੌਬ ਜਾਂ ਕੰਮ ਆਸਾਨੀ ਨਾਲ ਮਿਲ ਵੀ ਸਕਦਾ ਹੈ ?? ਕੀ ਤੁਹਾਡਾ ਉਥੇ ਕੋਈ ਰਿਸ਼ਤੇਦਾਰ ਜਾਂ ਕੋਈ ਜਾਣਕਾਰ ਰਹਿੰਦਾ ਹੈ,??? ਬੱਚਿਆਂ ਨੂੰ ਆਉਣ ਤੋਂ ਪਹਿਲਾ ਘਰ ਦੇ ਕੰਮ ਸਿਖਾਓ, ਘੱਟੋ ਘੱਟ ਰੋਟੀ ਬਣਾਉਣੀ ਸਿਖਾਓ, ਕੋਈ ਵੀ ਖਾਣੇ ਜੋ ਛੇਤੀ ਅਤੇ ਘਟ ਸਮੇਂ ਵਿੱਚ ਬਣ ਸਕਦੇ ਹੋਣ , ਬੱਚਿਆਂ ਨੂੰ ਕੁਕਿੰਗ ਕਲਾਸਾਂ ਲਵਾ ਸਕਦੇ ਹੋ. ਸਮੇਂ ਨੂੰ ਕਿਵੇਂ ਸਹੀ ਤਰੀਕੇ ਨਾਲ ਵਰਤਣਾ ਹੈ ਆਦਿ ਯੂਨੀਵਰਸਿਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਮੁਢਲੀ ਜਾਣਕਾਰੀ ਓਰੀਐਂਟੇਸ਼ਨ ਦਾ ਸਮਾਂ ਜੇਕਰ ਚਾਰ ਘੰਟੇ ਹੈ ਤਾਂ ਘੱਟੋ ਘੱਟ ਦੋ ਦਿਨ ਦੀ ਕੀਤੀ ਜਾਵੇ, ਜਿਸ ਵਿੱਚ ਬੱਚਿਆਂ ਨੂੰ ਨਵੇਂ ਮੁਲਕ ਦੇ ਕਨੂੰਨ ਅਤੇ ਰਹਿਣ ਸਹਿਣ ਦੇ ਤਰੀਕਿਆਂ ਜਾਂ ਸਲੀਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ, ਜਿਸ ਵਿੱਚ ਕੰਮ ਕਿਵੇਂ ਲੱਭਣਾ, ਬੈਂਕਿੰਗ ਕਿਵੇਂ ਕਰਨੀ, ਮੁਫਤ ਟੈਕਸ ਕਿਵੇਂ ਭਰਨਾ, ਸਸਤੀ ਗਰੌਸਰੀ ਕਿੱਥੋਂ ਖਰੀਦਣੀ, ਮੁਸ਼ਕਲ ਜਾਂ ਐਮਰਜੈਂਸੀ ਵਿਚ ਕਿੱਥੇ ਜਾਣਾ. ਫੂਡ ਬੈਂਕ, ਫਰੀ ਕੌਂਸਲਿੰਗ ਜਾਂ ਨਵੇਂ ਆਉਣ ਵਾਲਿਆਂ ਲਈ ਜੋ ਵੀ ਸਹੂਲਤਾਂ ਉਪਲਬਧ ਹਨ ਉਹਨਾਂ ਬਾਰੇ ਜਾਣਕਾਰੀ ਦੇਣੀ ਆਦਿ. ਜੇ ਕੋਈ ਲੋਕਲ ਸੰਸਥਾਵਾਂ ਹਨ ਉਹਨਾਂ ਤੱਕ ਪਹੁੰਚ ਕਿਵੇਂ ਕਰਨੀ, ਜੇਕਰ, ਬੱਚਿਆਂ ਕੋਲ ਏਨੀ ਕੁ ਜਾਣਕਾਰੀ ਹੋਵੇਗੀ ਤਾਂ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਨਗੇ. ਮਾਪਿਆਂ ਨੂੰ ਇੱਕ ਬੇਨਤੀ ਹੈ ਕਿ ਜਿੱਥੇ ਤੁਸੀਂ ਬੱਚਿਆਂ ਨੂੰ ਭੇਜਣ ਉੱਤੇ ਲੱਖਾਂ ਰੁਪਏ ਖਰਚ ਕਰਦੇ ਹੋ, ਕਾਲਜਾਂ ਦੀਆਂ ਏਨੀਆਂ ਫੀਸਾਂ ਦਿੰਦੇ ਹੋ, ਉਥੇ ਬੱਚਿਆਂ ਦੀ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਭੇਜਿਆ ਕਰੋ. ਤੁਸੀਂ ਉਸ ਇਸੋਰੈਂਸ ਦੇ ਆਪ ਬੈਨੇਫਿਸਰੀ ਬਣ ਸਕਦੇ ਹੋ, ਰੱਬ ਨਾ ਕਰੇ ਬੱਚਾ ਬਿਮਾਰ ਹੋ ਜਾਂਦਾ ਹੈ ਜਾਂ ਕੋਈ ਅਨਹੋਣੀ ਵਾਪਰ ਜਾਂਦੀ ਹੈ ਤਾਂ ਮੈਡੀਕਲ ਦਾ ਫਿਕਰ ਨਹੀਂ ਰਹਿੰਦਾ.
ਵਿਦਿਆਰਥੀ ਕੌਂਸਲਿੰਗ ਲਈ :
ਪਿਕਸ ਵਾਲਿਆਂ ਤੋਂ ਰਿਜੂਮ ਬਣਾਉਣ ਲਈ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ. ਇਹ ਕੰਮ ਲੱਭਣ ਵਿੱਚ ਵੀ ਮਦਦ ਕਰਦੇ ਹਨ, ਜੇਕਰ ਤੁਸੀਂ ਪੰਜਾਬ/ਭਾਰਤ ਵਿਚ ਕਿਤੇ ਵਲੰਟੀਅਰ ਵਜੋਂ ਕੰਮ ਕੀਤਾ ਉਹ ਤੁਸੀਂ ਆਪਣੇ ਰਿਜੂਮ ਵਿਚ ਵੀ ਲਿਖ ਸਕਦੇ ਹੋ.
ਜਿਹੜੇ ਬੱਚੇ ਜਾਂ ਪਰਿਵਾਰ ਸਰੀ ਜਾਂ ਨੇੜੇ ਦੇ ਸ਼ਹਿਰਾਂ ਵਿਚ ਨਵੇਂ ਆਉਂਦੇ ਹਨ, ਉਹ ਗੁਰੂ ਨਾਨਕ ਫੂਡ ਬੈਂਕ ਤੋਂ ਛੇ ਮਹੀਨੇ ਤੱਕ ਦੀ ਫਰੀ ਗਰੋਸਰੀ ਲੈ ਸਕਦੇ ਹਨ. ਇਹਨਾਂ ਵੱਲੋਂ ਵਿਦਿਆਰਥੀਆਂ ਨੂੰ ਮੈਟਰੈਸ ਅਤੇ ਬਿਸਤਰਾ ਵੀ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਦੋ ਸ਼ਾਖਾਵਾਂ ਹਨ ਸਰੀ ਅਤੇ ਐਬਟਸਫੋਰਡ ਵਿੱਚ ਤੁਸੀਂ ਆਉਣ ਤੋਂ ਪਹਿਲਾਂ ਇਸ ਵੈਬਸਾਇਟ www.gnfb.ca ‘ਤੇ ਰਜਿਸਟਰ ਕਰ ਸਕਦੇ ਹੋ. ਕੇ ਪੀ ਯ ਦੇ ਹੀਰੇ, ਟੀਮ ਵੀ ਕੇਅਰ. ਇਹ ਨਵੇਂ ਆਏ ਵਿਦਿਆਰਥੀਆਂ ਦੀ ਮਦਦ ਕਰਦੇ ਹਨ ਉਹਨਾਂ ਨੂੰ ਰਹਿਣ ਲਈ ਜਗ੍ਹਾ ਲੱਭਣ ਵਿਚ ਮਦਦ ਕਰਦੇ ਹਨ, ਕੰਮ ਲੱਭਣ ਵਿੱਚ ਮਦਦ ਕਰਦੇ ਹਨ, ਨਵੇਂ ਆਏ ਵਿਦਿਆਰਥੀਆਂ ਨੂੰ ਏਅਰਪੋਰਟ ਤੋਂ ਰਾਈਡ ਵੀ ਦਿੰਦੇ ਹਨ। ਇਹ ਗਰੁੱਪ ਵਿਦਿਆਰਥੀਆਂ ਨੇ ਨਵੇਂ ਆਉਣ ਵਾਲ਼ੇ ਵਿਦਿਆਰਥੀਆਂ ਲਈ ਬਣਾਏ ਹਨ. ਸਰੀ ਵਿਚ “ਹੋਪ ਸੇਵਾ ਸੁਸਾਇਟੀ” ਨੂੰ ਵੀ ਪਹੁੰਚ ਕੀਤੀ ਜਾ ਸਕਦੀ ਹੈ. ਉਮੀਦ ਹੈ ਕਿ ਇਸ ਜਾਣਕਾਰੀ ਨਾਲ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਹੋਵੇਗੀ,

ਦਵਿੰਦਰ ਕੌਰ ਖੁਸ਼ ਧਾਲੀਵਾਲ ਰਿਸਰਚ ਐਸੋਸੀਏਟ, ਧੂਰਕੋਟ ਮੋਗਾ, ਗੁਰੂ ਨਾਨਕ ਚੇਅਰ, ਚੰਡੀਗੜ੍ਹ ਯੂਨੀਵਰਸਿਟੀ,8847227740
Total Views: 17 ,
Real Estate