ਅੰਮ੍ਰਿਤਪਾਲ ਕਲੇਰ ਚੀਦਾ
ਸੰਪ.9915780980
ਦੁਨੀਆਂ ਵਿੱਚ ਅੱਜ ਤੱਕ ਜਿੰਨੇ ਵੀ ਸੰਘਰਸ਼ ਜਾਂ ਕ੍ਰਾਂਤੀਕਾਰੀ ਅੰਦੋਲਨ ਹੋਏ ਨੇ , ਅਗਰ ਅਸੀਂ ਉਹਨਾਂ ਦੇ ਦਿਸਹੱਦਿਆਂ ਤੇ ਝਾਤ ਮਾਰੀਏ ਤਾਂ ਬਹੁਤੇ ਅੰਦੋਲਨ ਆਵਾਮ ਦੀ ਸ਼ਮੂਲੀਅਤ ਨਾਲ਼ ਆਪਣੇ ਮੁਕਾਮ ਤੱਕ ਅੰਜ਼ਾਮ ਹਿੱਤ ਹੋਏ ਹਨ। ਬਹੁਤਾ ਦੂਰ ਨਾ ਜਾਂਦੇ ਹੋਏ ਅਗਰ ਅਸੀਂ ਭਾਰਤੀ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ , ਇਸ ਅੰਦੋਲਨ ਨੇ ਦੁਨੀਆਂ ਨੂੰ ਇੱਕ ਨਵੀਂ ਜਾਗਰਤੀ ਦਾ ਸਿਧਾਂਤ ਦਿੱਤਾ ਹੈ। ਹੁਣ ਤੱਕ ਦਾ ਇਹ ਇੱਕ ਅਜਿਹਾ ਅੰਦੋਲਨ ਸੀ ਜਿਸ ਨੇ ਦੁਨੀਆਂ ਦੇ ਹਰ ਇੱਕ ਚੇਤਨ ਦਿਮਾਗ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ। ਡੇਢ ਕੁ ਸਾਲ ਚੱਲੇ ਇਸ ਕਿਸਾਨੀ ਸੰਘਰਸ਼ ਨੇ ਕਰਵਟਾਂ ਬਦਲਦੇ ਭਾਰਤੀ ਇਤਿਹਾਸ ਨੂੰ ਸਾਰੇ ਸੰਸਾਰ ਦਾ ਮੁਹਾਂਦਰਾ ਬਣਾ ਕੇ ਪੇਸ਼ ਕੀਤਾ ਹੈ। ਇਸ ਕਿਸਾਨੀ ਸੰਘਰਸ਼ ਤੇ ਦੁਨੀਆਂ ਦੇ ਹਰ ਉਸ ਪ੍ਰਤੀਬੱਧ ਸਖਸ਼ ਨੇ ਆਪਣਾ ਪ੍ਰਤੀਕਰਮ ਦਿੱਤਾ, ਜਿਸ ਦਾ ਕਿ ਭਾਰਤ ਦੀ ਕਿਸਾਨੀ ਨਾਲ਼ (ਖ਼ਾਸ ਕਰਕੇ ਪੰਜਾਬ ਦੀ ਕਿਸਾਨੀ ਨਾਲ਼) ਕੋਈ ਦੂਰ ਦਾ ਵੀ ਵਾਹ ਵਾਸਤਾ ਨਹੀਂ ਸੀ। ਇਸ ਦੀ ਬਹੁਤ ਖੂਬਸੂਰਤ ਉਦਾਹਰਨ ਅਫਰੀਕਾ ਮਹਾਂਦੀਪ ਦੀ ਦੁਨੀਆਂ ਪ੍ਰਸਿੱਧ ਗਾਇਕਾ ਅਲੀਜਾ਼ ਦੇ ਦਿੱਤੇ ਹਮਦਰਦੀ ਭਰੇ ਬਿਆਨ ਤੋਂ ਭਲੀਭਾਂਤ ਸਪਸ਼ਟ ਹੁੰਦਾ ਹੈ, ਉਸ ਨੇ ਕਿਹਾ ਸੀ ਕਿ “ਸਾਨੂੰ ਇਹਨਾਂ ਕਿਸਾਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ”। ਉਸ ਦਾ ਇਹ ਬਿਆਨ ਉਸ ਦੇ ਸੰਸਾਰ ਵਿੱਚ 30 ਕਰੋੜ ਚਾਹੁਣ ਵਾਲਿਆਂ ਕੋਲ਼ੇ ਪਹੁੰਚਿਆ ਸੀ । ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਖੇਤੀ ਮਾਹਰ ਵਿਦਵਾਨਾਂ ਨੇ ਖੇਤੀ ਦੇ ਤਿੰਨਾਂ ਕਾਨੂੰਨਾਂ ਨੂੰ ਪਹਿਲਾਂ ਬੜੀ ਵਿਦਵਤਾ ਦੇ ਨਾਲ਼ ਵਿਚਾਰਿਆ ,ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ਼ ਕਿਸਾਨੀ ਅਤੇ ਆਮ ਛੋਟੇ ਰੁਜ਼ਗਾਰ ਅਤੇ ਲਘੂ ਉਦਯੋਗ ਉੱਤੇ ਕੀ ਅਸਰ ਪਵੇਗਾ? ਇਹਨਾਂ ਤਿੰਨਾਂ ਕਾਨੂੰਨਾਂ ਨਾਲ਼ ਕਿਸਾਨੀ ਨੂੰ ਕੀ ਫ਼ਾਇਦਾ ਹੋਵੇਗਾ? ਉਸ ਨੂੰ ਕੀ ਨੁਕਸਾਨ ਹੋਵੇਗਾ? ਆਮ ਲੁਕਾਈ ਤੱਕ ਇਸ ਦੀ ਪਹੁੰਚ ਕਿੰਨੀ ਕੁ ਹੋਵੇਗੀ? ਆਦਿ ਬਹੁਤ ਸਾਰੇ ਸਵਾਲਾਂ ਨੂੰ ਬੜੀ ਤਰਕਵਾਦੀ ਸੋਚ ਨਾਲ਼ ਵਿਚਾਰਿਆ ਗਿਆ। ਬਹੁਤੀ ਫਿਲਾਸਫੀ ਇਹ ਨਿਕਲ਼ ਕੇ ਸਾਹਮਣੇ ਆਈ ਕੇ ਇਹਨਾਂ ਤਿੰਨਾਂ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ਼ ਭਾਰਤ ਦੀ ਛੋਟੀ ਕਿਸਾਨੀ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਜ਼ਮੀਨਾਂ ਦੀ ਮਲਕੀਅਤ ਖੁਸ ਜਾਵੇਗੀ। ਕਿਸਾਨ ਕੰਗਾਲੀ ਅਤੇ ਮਜ਼ਦੂਰੀ ਦੇ ਦਰ ਤੇ ਪਹੁੰਚ ਜਾਵੇਗਾ। ਵੱਡੀ ਗੱਲ, ਆਮ ਲੋਕ ਆਰਥਿਕਤਾ ਦੀ ਗੁਲਾਮੀ ਦੇ ਸੰਗਲਾਂ ਵਿੱਚ ਜਕੜੇ ਜਾਣਗੇ। ਇਹਨਾਂ ਕੁਝ ਕਾਰਨਾਂ ਅਤੇ ਹੋਰ ਬਹੁਤ ਸਾਰੇ ਕਾਰਨਾਂ ਨੇ ਕਿਸਾਨੀ ਸੰਘਰਸ਼ ਬਨਾਮ ਕਿਸਾਨ ਅੰਦੋਲਨ ਨੂੰ ਜਨਮ ਦਿੱਤਾ। ਜਿਸ ਦਾ ਮੁੱਢ ਪੰਜਾਬ ਵਿੱਚੋਂ ਬੱਝਿਆ। ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਲਾਮਬੰਦ ਕਰਕੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ। ਬਹੁਤ ਤੇਜ਼ੀ ਨਾਲ ਇਹਨਾਂ ਤਿੰਨਾਂ ਕਾਨੂੰਨਾਂ ਖਿਲਾਫ਼ ਭਾਰਤ ਦੇ ਬਾਕੀ ਰਾਜਾਂ (ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ,ਰਾਜਸਥਾਨ ਵਗੈਰਾ ਵਗੈਰਾ)ਵਿੱਚੋਂ ਵੀ ਕਿਸਾਨ ਜਥੇਬੰਦੀਆਂ ਨੇ ਆਪਣੇ ਆਪਣੇ ਰਾਜਾਂ ਵਾਲੇ ਦਿੱਲੀ ਨੂੰ ਲੱਗਦੇ ਬਾਰਡਰ ਸੀਲ ਕਰ ਦਿੱਤੇ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾ ਸ਼ੁਰੂ ਕਰ ਦਿੱਤਾ।
ਪੰਜਾਬ ਦੀਆਂ ਤਕਰੀਬਨ ਸਾਰੀਆਂ ਕਿਸਾਨ ਜਥੇਬੰਦੀਆਂ ਇਹ ਨਾਅਰਾ ਲੈ ਕੇ ਚੱਲੀਆਂ ” ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ”
ਨਾਅਰੇ ਵਿੱਚ ਮਜ਼ਦੂਰਾਂ ਨੂੰ ਮੁਹਾਂਦਰਾ ਬਣਾਇਆ ਗਿਆ , ਜੋ ਇੱਕ ਕ੍ਰਾਂਤੀਕਾਰੀ ਕਦਮ ਸੀ ਪਰ ਜੋ ਹਕੀਕਤ ਰਹੀ ,ਉਹ ਇਸ ਵਿਚਾਰਧਾਰਾ ਤੋਂ ਕੋਹਾਂ ਦੂਰ ਸੀ। ਅਸਲੀਅਤ ਅਤੇ ਕੌੜੀ ਸੱਚਾਈ ਇਹ ਸੀ ਕਿ ਇਸ ਕਿਸਾਨੀ ਅੰਦੋਲਨ ਵਿੱਚ ਮਜ਼ਦੂਰਾਂ ਦੀ ਸ਼ਮੂਲੀਅਤ ਆਟੇ ਵਿੱਚ ਲੂਣ ਦੇ ਬਰਾਬਰ ਸੀ।
ਦਸੰਬਰ 2022 ਵਿੱਚ ਬਠਿੰਡੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਕਰਵਾਏ ਜਾਂਦੇ ਸਾਹਿਤਕ ਮੇਲੇ ਦੇ ਆਖ਼ਰੀ ਦਿਨ ਪੰਜਾਬ ਵਿੱਚੋਂ ਉਗਰਾਹਾਂ ਕਿਸਾਨ ਜਥੇਬੰਦੀ ਦਾ ਵੱਡਾ ਨਾਮ ਜੋਗਿੰਦਰ ਸਿੰਘ ਉਗਰਾਹਾਂ ਅਤੇ ਉੱਤਰ ਪ੍ਰਦੇਸ਼ ਤੋਂ ਪ੍ਰਮੁੱਖ ਕਿਸਾਨ ਆਗੂ ਸ਼੍ਰੀ ਰਕੇਸ਼ ਟਕੈਤ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਪਿਆਰੇ ਲਾਲ ਗਰਗ ਪਹੁੰਚੇ ਹੋਏ ਸਨ। ਉਸ ਸਮੇਂ ਵੀ ਕਿਸਾਨੀ ਮੋਰਚੇ ਤੇ ਸਵਾਲਾਂ ਜਵਾਬਾਂ ਦੇ ਦੌਰ ਦੌਰਾਨ ਇਹ ਪ੍ਰਸ਼ਨ ਪ੍ਰਮੁੱਖ ਰਿਹਾ ਸੀ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਵਰਗ ਨੂੰ ਆਪਣੇ ਵਿਸ਼ਵਾਸ ਵਿੱਚ ਕਿਉਂ ਨਹੀਂ ਲੈ ਸਕੀਆਂ? ਕੀ ਕਾਰਨ ਸੀ ਕਿ ਕਿਸਾਨੀ ਆਗੂ ਪਿੰਡਾਂ ਦੇ ਵੇਹੜਿਆਂ ਵਿੱਚ ਵਸਦੇ ਮਜ਼ਦੂਰਾਂ ਨੂੰ ਆਪਣੀ ਸਿਧਾਂਤਵਾਦੀ ਵਿਚਾਰਧਾਰਾ ਨਾਲ਼ ਕਿਉਂ ਨਹੀਂ ਜੋੜ ਸਕੇ? ਉਸ ਸਮੇਂ ਵੀ ਇਸ ਦਾ ਕਿਸੇ ਕੋਲ਼ ਕੋਈ ਜਵਾਬ ਨਹੀਂ ਸੀ।
ਜੇ ਕਿਤੇ ਕੰਮੀਆਂ ਦੇ ਵੇਹੜਿਆਂ ਵਿਚਲੇ ਕਾਮਿਆਂ ਦੀ ਅਦੁੱਤੀ ਊਰਜਾ ਅਤੇ ਸ਼ਕਤੀ ਨੂੰ ਵੀ ਵਿਸ਼ਵਾਸ ਵਿੱਚ ਲੈ ਕੇ ਆਪਣੇ ਨਾਲ਼ ਸਹਿਮਤ ਕਰ ਲਿਆ ਜਾਂਦਾ ਤਾਂ ਸ਼ਾਇਦ ਪਿੰਡਾਂ ਦੇ ਵਿਹੜਿਆਂ ਦੇ ਇਹ ਕੁਰਖਤ ਬੋਲ ਨਾ ਹੁੰਦੇ ਕਿ,
” ਹੁਣ ਇਹ ਕਿਸਾਨ ਵੀ ਸਾਡੇ ਵਾਂਗੂੰ ਦਿਹਾੜੀਆਂ ਕਰਿਆ ਕਰਨਗੇ, ਹੁਣ ਇਹਨਾਂ ਦੀਆਂ ਕਾਲੀਆਂ ਜਿਪਸੀਆਂ ਵੀ ਵਿਕਣਗੀਆਂ,ਇਹ ਵੀ ਹੁਣ ਰੋਟੀਆਂ ਪੋਣਿਆਂ ‘ਚ ਬੰਨ੍ਹ ਕੇ ਲਿਜਾਣਗੇ ਤੇ ਸਾਡੀ ਤਰ੍ਹਾਂ ਪਰ੍ਹੇ ਬੈਠ ਕੇ ਖਾਣਗੇ।”
ਇਹਨਾਂ ਭਾਵਨਾਵਾਂ ਨੂੰ ਗਹੁ ਨਾਲ਼ ਤੱਕਿਆ ਜਾਵੇ ਤਾਂ, ਸਦੀਆਂ ਦੀ ਗੁਲਾਮੀ, ਜਾਤੀ-ਪਾਤੀ ਵਖਰੇਵਾਂ, ਅਤੇ ਆਰਥਿਕਤਾ ਦੀ ਕਾਣੀ ਵੰਡ, ਇਹਨਾਂ ਮਿਹਨਤਕਸ਼ ਲੋਕਾਂ ਦੇ ਦਿਲਾਂ ਵਿੱਚ ਨਸੂਰ ਬਣੀ ਹੋਈ ਹੈ। ਸਮਾਜਿਕ, ਆਰਥਿਕ ਅਤੇ ਧਾਰਮਿਕ ਪੱਖੋਂ ਸਦੀਆਂ ਤੋਂ ਲਿਤਾੜੇ ਇਹ ਵਿਹੜਿਆਂ ਦੇ ਕੰਮੀ ਲੋਕ ਬੇਹੱਦ ਊਰਜਾਵਾਨ ,ਸੰਵੇਦਨਸ਼ੀਲ ਅਤੇ ਸ਼ਕਤੀ ਭਰਪੂਰ ਹਨ। ਇਹ ਬੋਲ ਪਿੰਡ ਦੇ ਕਿਸੇ ਇੱਕ ਵਿਹੜੇ ਵਿੱਚੋਂ ਨਹੀਂ ਸਨ ਨਿਕਲੇ਼ ,ਸਗੋਂ ਪੰਜਾਬ ਦੇ ਸਮੁੱਚੇ ਮਜ਼ਦੂਰ ਵਰਗ ਦੀ ਆਵਾਜ਼ ਸਨ। ਜੇ ਇਸ ਯਥਾਰਥ ਨੂੰ ਗਹੁ ਨਾਲ਼ ਤੱਕਿਆ ਜਾਵੇ ਤਾਂ ਕੋਈ ਅੱਤਕਥਨੀ ਤੇ ਲੱਗਦੀ ਨਹੀਂ, ਹਾਂ ਗੱਲ ਚਿੰਤਨਸ਼ੀਲ ਜ਼ਰੂਰ ਹੈ ਕਿ ਅਸੀਂ ਆਪਣੇ ਆਪ ਨੂੰ ਆਧੁਨਿਕ ਕਹਾਉਣ ਵਾਲੇ ਸਮਾਜਿਕ ਅਤੇ ਮਾਨਸਿਕ ਪੱਧਰ ਉੱਤੇ ਕਿੰਨੀ ਕੁ ਤਰੱਕੀ ਕੀਤੀ ਹੈ, ਅਤੇ ਕਰ ਰਹੇ ਹਾਂ?, ਜੋ ਕਿਤੇ ਨਾ ਕਿਤੇ ਬੁੱਧੀਜੀਵੀ ਵਰਗ ਲਈ ਚਿੰਤਾ ਦਾ ਵਿਸ਼ਾ ਵੀ ਹੈ। ਪੰਜਾਬ ਦੇ ਵਿੱਚ ਮਜ਼ਦੂਰ ਵਰਗ 34 ਪ੍ਰਤੀਸ਼ਤ ਹੈ ਜੋ ਪੰਜਾਬ ਦਾ ਮੂਲ ਨਿਵਾਸੀ ਹੈ ਅਤੇ ਜਿਸ ਕੋਲ਼ ਜ਼ਮੀਨ ਦੀ ਮਲਕੀਅਤ ਨਹੀਂ ਹੈ। ਇਹ ਹਾਸ਼ੀਆ ਗ੍ਰਸਤ ਲੋਕ ਮਿਹਨਤ ਮਜ਼ਦੂਰੀ ਕਰਕੇ ਹੀ ਆਪਣੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਕਰਦੇ ਹਨ। ਇਹ ਗੱਲ ਵੱਖਰੀ ਹੈ ਕਿ ਸਰਕਾਰ ਦੀਆਂ ਨੀਤੀਆਂ ਨੇ ਇਹਨਾਂ ਦੀ ਮਿਹਨਤ ਕਰਨ ਦੀ ਆਦਤ ਨੂੰ ਅਜੋਕੇ ਸਮੇਂ ਵਿੱਚ ਢਾਹ ਲਾਈ ਹੈ। ਸਰਕਾਰੀ ਮੁਫ਼ਤ ਦੀਆਂ ਇਹਨਾਂ ਸਕੀਮਾਂ ਨੇ ਇਹਨਾਂ ਦੀ ਮਿਹਨਤ ਮੁਸ਼ੱਕਤ ਨੂੰ ਤਾਂ ਖੁੰਡਾ ਕੀਤਾ ਹੀ ਹੈ ਨਾਲ਼ ਹੀ ਇਹਨਾਂ ਦੀ ਮਾਨਸਿਕਤਾ ਨੂੰ ਵੀ ਝੰਜੋੜਿਆ ਹੈ। ਜਿਸ ਦਾ ਸਿੱਟਾ ਇਹ ਹੈ ਕਿ ਬਹੁਤੇ ਨੌਜਵਾਨ ਵਿਹਲੇ ਰਹਿਣ ਕਰਕੇ ਨਸ਼ੇ ਕਰਨ ਲੱਗ ਪਏ ਹਨ। ਦਸ ਪ੍ਰਤੀਸ਼ਤ ਲੋਕ ਪੰਜਾਬ ਵਿੱਚ ਪਰਵਾਸੀ ਹਨ, ਜੋ ਵੱਖ-ਵੱਖ ਰਾਜਾਂ ਤੋਂ ਕੰਮ ਕਰਨ ਲਈ ਪੰਜਾਬ ਵਿੱਚ ਆ ਕੇ ਵਸੇ ਹਨ। ਇਹ ਲੋਕ ਯੂ ਪੀ ,ਹਰਿਆਣਾ, ਰਾਜਸਥਾਨ, ਬਿਹਾਰ ਆਦਿ ਰਾਜਾਂ ਤੋਂ ਆਏ ਹਨ ,ਜੋ ਵੱਖ-ਵੱਖ ਸਮੇਂ ਦੀ ਲੋੜ ਅਨੁਸਾਰ ਕੰਮ ਕਰ ਰਹੇ ਹਨ। ਇਹਨਾਂ ਪ੍ਰਵਾਸੀ ਲੋਕਾਂ ਦੀ ਇੱਕ ਬੜੀ ਵੱਡੀ ਖ਼ਾਸੀਅਤ ਹੈ ਕਿ ਇਹ ਲੋਕ ਕਿਸੇ ਵੀ ਕੰਮ ਨੂੰ ਕਰਨ ਲੱਗੇ ਸ਼ਰਮ ਮਹਿਸੂਸ ਨਹੀਂ ਕਰਦੇ। ਇਹਨਾਂ ਦੀਆਂ ਨਜ਼ਰਾਂ ਵਿੱਚ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੈ। ਪੰਜਾਬ ਵਿੱਚ ਵੱਡੇ ਪੱਧਰ ਤੇ ਹੋ ਰਹੀ ਇਹਨਾਂ ਦੀ ਸਥਾਪਤੀ ਇਸੇ ਗੱਲ ਦੀ ਗਵਾਹੀ ਭਰਦੀ ਹੈ।
ਪੰਜਾਬ ਦੇ ਪੇਂਡੂ ਖੇਤਰ ਦੇ ਬਹੁਤੇ ਮੂਲ ਨਿਵਾਸੀ ਇਹ ਮਿਹਨਤਕਸ਼ ਲੋਕ ਸਦੀਆਂ ਤੋਂ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਆਏ ਹਨ, ਜੋ ਸਮਾਜਿਕ, ਆਰਥਿਕ, ਹੋਣ ਦੇ ਨਾਲ਼ ਨਾਲ਼ ਵੱਡੇ ਪੱਧਰ ਤੇ ਇਹ ਨਮੋਸ਼ੀ ਧਾਰਮਿਕ ਵੀ ਰਹੀ ਹੈ।
ਮੌਜੂਦਾ ਸਮਕਾਲ ਦੀ ਅਸਲੀਅਤ ਇਹ ਹੈ ਕਿ ਇਹਨਾਂ ਕੰਮੀ ਲੋਕਾਂ ਦੇ ਵਿਹੜਿਆਂ ਵਿੱਚ ਜਾਗਰਤੀ ਦੀ ਮਸ਼ਾਲ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਜੋ ਭਵਿੱਖ ਵਿੱਚ ਚੰਗੇ ਸੰਕੇਤਾਂ ਦੀ ਸੂਚਕ ਹੈ। ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਪ੍ਰਤੀ ਬੜੀ ਸਹਿਜਤਾ ਅਤੇ ਗੰਭੀਰਤਾ ਨਾਲ਼ ਚਿੰਤਨਸ਼ੀਲ ਹੋਣ ਦੀ ਲੋੜ ਹੈ ਕਿ ਇਸ ਮਜ਼ਦੂਰ ਜਮਾਤ ਨੂੰ ਆਪਣੇ ਨਾਲ਼ ਸਹਿਮਤ ਕਰਕੇ ਉਹਨਾਂ ਦਾ ਸਾਥ ਲਿਆ ਜਾਵੇ ਅਤੇ “ਇਕ ਅਤੇ ਇਕ ਗਿਆਰਾਂ” ਹੋਣ ਦੇ ਸਿਧਾਂਤ ਨੂੰ ਅਪਣਾਇਆ ਜਾਵੇ। ਇਹਨਾਂ ਮਿਹਨਤਕਸ਼ ਕੰਮੀ ਲੋਕਾਂ ਦਾ ਵਿਸ਼ਵਾਸ਼ ਜਿੱਤਿਆ ਜਾਵੇ ਅਤੇ ਸਾਡੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਸਿਧਾਂਤ “ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ” ਨੂੰ ਜ਼ਮੀਨੀ ਪੱਧਰ ਤੇ ਅਮਲ ਵਿੱਚ ਲਿਆਂਦਾ ਜਾਵੇ।
ਕਿਸੇ ਸ਼ਾਇਰ ਨੇ ਕਿੰਨਾ ਸੋਹਣਾ ਕਿਹਾ ਹੈ..
“ਹਮਾਰੀ ਉਪਲੱਬਧੀਓਂ ਮੇਂ ਦੂਸਰੋਂ ਕਾ ਭੀ ਯੋਗਦਾਨ ਹੋਤਾ ਹੈ,
ਸਮੁੰਦਰ ਮੇਂ ਭਲੇ ਹੀ ਪਾਨੀ ਅਪਾਰ ਹੋ ,ਪਰ ਸੱਚ ਤੋਂ ਜੇਹ ਹੈ ਕਿ ਵੋ ਭੀ
ਨਦੀਓਂ ਕਾ ਹੀ ਉਧਾਰ ਹੋਤਾ ਹੈ “।



















