ਕ੍ਰਿਪਟੋ ਕਰੰਸੀਆਂ ਦਾ ਆਪਣਾ ਕੋਈ ਮੁੱਲ ਨਹੀਂ !

ਕ੍ਰਿਪਟੋ ਕਰੰਸੀਆਂ ਨੂੰ ‘ਕਰੰਸੀ’ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਆਪਣੀ ਕੋਈ ਕੀਮਤ ਨਹੀਂ ਹੈ। ਕੇਂਦਰੀ ਬੈਂਕ ਦੇ ਇੱਕ ਅਧਿਕਾਰੀ ਨੇ ਅੱਜ ਇੱਕ ਚਰਚਾ ਦੌਰਾਨ ਇਹ ਗੱਲ ਆਖੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨਵੇਂ ਜ਼ਮਾਨੇ ਦੀਆਂ ਕਰੰਸੀਆਂ ਜਿਵੇਂ ਬਿਟਕੁਆਇਨ ਆਦਿ ਦੀ ਆਲੋਚਨਾ ਕਰਦਾ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ (ਕ੍ਰਿਪਟੋ ਕਰੰਸੀਆਂ) ਵਿੱਤੀ ਪ੍ਰਣਾਲੀਆਂ ਲਈ ਯੋਜਨਾਬੱਧ ਖ਼ਤਰਾ ਪੈਦਾ ਕਰਦੀਆਂ ਹਨ। ਆਰਬੀਆਈ ਦੇ ਇੱਕ ਕਾਰਜਕਾਰੀ ਡਾਇਰੈਕਟਰ ਪੀ. ਵਾਸੂਦੇਵਨ ਨੇ ਇੱਥੇ ਆਈਆਈਐੱਮ ਕੋਜ਼ੀਕੋੜ ’ਚ ਪੈਨਲ ਚਰਚਾ ਦੌਰਾਨ ਆਖਿਆ, ‘‘ਕ੍ਰਿਪਟੋ ਕਰੰਸੀਆਂ ਨੂੰ ‘ਕਰੰਸੀ’ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਆਪਣੀ ਕੋਈ ਕੀਮਤ ਨਹੀਂ ਹੈ।’’ ਅਧਿਕਾਰੀ ਨੇ ਕਿਹਾ ਕਿ ਆਖਰਕਾਰ ਇਹ ਸਰਕਾਰ ਫ਼ੈਸਲਾ ਹੈ ਕਿ ਕ੍ਰਿਪਟੋ ਕਰੰਸੀਆਂ ਨਾਲ ਕਿਵੇਂ ਨਜਿੱਠਣਾ ਹੈ। ਮੌਜੂਦਾ ਸਮੇਂ ਭਾਰਤ ਵਿੱਚ ਬਿਟਕੁਆਇਨ ਨੂੰ ਕੋਈ ਕਾਨੂੰਨੀ ਸਮਰਥਨ ਨਹੀਂ ਹੈ ਅਤੇ ਨਿਵੇਸ਼ਕਾਂ ਨੂੰ ਇਸ ਵਿੱਚ ਵਪਾਰ ਕਰਨ ਤੋਂ ਪ੍ਰਾਪਤ ਆਮਦਨ ’ਤੇ ਟੈਕਸ ਦੇਣਾ ਪੈਂਦਾ ਹੈ। ਪੇਅਟੀਐੱਮ ਪੇਮੈਂਟਸ ਬੈਂਕ ਖਿਲਾਫ਼ ਕਾਰਵਾਈ ਅਤੇ ਕੁਝ ਕੌਮਾਂਤਰੀ ਕਾਰਡ ਹੋਲਡਰਾਂ ’ਤੇ ਲਾਈਆਂ ਪਾਬੰਦੀਆਂ ਦੇ ਸਬੰਧ ’ਚ ਵਾਸੂਦੇਵਨ ਨੇ ਆਖਿਆ ਕਿ ਸਵੈ-ਨਿਯਮ ਫਿਨਟੈੱਕ ਸੈਕਟਰ ਨੂੰ ਬਿਹਤਰ ਸੁਰੱਖਿਆ ਦੇ ਸਕਦੇ ਹਨ। ਉਨ੍ਹਾਂ ਇਹ ਵੀ ਆਖਿਆ ਮਾੜੇ ਵਿਹਾਰ ਨੂੰ ਉਜਾਗਰ ਕਰਨ ਲਈ ਪ੍ਰਣਾਲੀ ’ਤੇ ਵੀ ਗੌਰ ਕੀਤਾ ਜਾ ਸਕਦਾ ਹੈ।

Total Views: 145 ,
Real Estate