ਬਸਪਾ ਇਕੱਲਿਆਂ ਲੜੇਗੀ ਚੋਣਾਂ

ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ ਪਰ ਉਨ੍ਹਾਂ ਚੋਣਾਂ ਤੋਂ ਬਾਅਦ ਗੱਠਜੋੜ ਤੋਂ ਇਨਕਾਰ ਨਹੀਂ ਕੀਤਾ ਹੈ। ਆਪਣੇ 68ਵੇਂ ਜਨਮਦਿਨ ਮੌਕੇ ਪਾਰਟੀ ਦਫ਼ਤਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਸਿਆਸਤ ਤੋਂ ਆਪਣੀ ਸੇਵਾਮੁਕਤੀ ਬਾਰੇ ਮੀਡੀਆ ਦੇ ਇਕ ਵਰਗ ’ਚ ਆਈਆਂ ਰਿਪੋਰਟਾਂ ਨੂੰ ਵੀ ਸਿੱਧੇ ਤੌਰ ’ਤੇ ਨਾਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਆਖਰੀ ਸਾਹਾਂ ਤੱਕ ਪਾਰਟੀ ਨੂੰ ਮਜ਼ਬੂਤ ਕਰਨਾ ਜਾਰੀ ਰੱਖਣਗੇ। ਇਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਬਸਪਾ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ’ਚ ਸ਼ਾਮਲ ਨਹੀਂ ਹੋਵੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਯੁੱਧਿਆ ’ਚ 22 ਜਨਵਰੀ ਨੂੰ ਮੂਰਤੀ ਸਥਾਪਨਾ ਦੇ ਸਮਾਗਮ ਲਈ ਸੱਦਾ ਮਿਲਿਆ ਹੈ ਪਰ ਉਥੇ ਜਾਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ। ਮਾਇਆਵਤੀ ਨੇ ਪਾਰਟੀ ਵਰਕਰਾਂ ਨੂੰ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਤੋਂ ਚੌਕਸ ਰਹਿਣ ਲਈ ਕਿਹਾ ਹੈ। ਬਸਪਾ ਸੁਪਰੀਮੋ ਮੁਤਾਬਕ ਅਖਿਲੇਸ਼ ਉਨ੍ਹਾਂ ਨੂੰ ਗੁਮਰਾਹ ਕਰਨ ਲਈ ਗਿਰਗਿਟ ਵਾਂਗ ਰੰਗ ਬਦਲਦਾ ਹੈ। ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਮਗਰੋਂ ਬਸਪਾ ਢੁੱਕਵੀਂ ਨੁਮਾਇੰਦਗੀ ਮਿਲਣ ’ਤੇ ਕੇਂਦਰ ਦੀ ਸਰਕਾਰ ’ਚ ਸ਼ਾਮਲ ਹੋ ਸਕਦੀ ਹੈ। ‘ਪਾਰਟੀ ਕਿਸੇ ਨਾਲ ਗੱਠਜੋੜ ਕਰਕੇ ਚੋਣਾਂ ਨਹੀਂ ਲੜੇਗੀ ਪਰ ਚੋਣਾਂ ਮਗਰੋਂ ਬਸਪਾ ਪਹਿਲਾਂ ਵਾਂਗ ਕਿਸੇ ਨੂੰ ਬਾਹਰੋਂ ਮੁਫ਼ਤ ’ਚ ਹਮਾਇਤ ਨਹੀਂ ਦੇਵੇਗੀ।’ ਉਨ੍ਹਾਂ ਸਪੱਸ਼ਟ ਕੀਤਾ ਕਿ ਬਸਪਾ ਜਾਤੀਗਤ, ਪੂੰਜੀਵਾਦ ਅਤੇ ਫਿਰਕੂ ਵਿਚਾਰਾਂ ਵਾਲੀਆਂ ਧਿਰਾਂ ਤੋਂ ਦੂਰੀ ਬਣਾ ਕੇ ਰਖੇਗੀ। ਬਸਪਾ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦਾ ਹਿੱਸਾ ਨਹੀਂ ਹੈ। ਉਂਜ ਰਿਪੋਰਟਾਂ ਸਨ ਕਿ ਕੁਝ ਗੱਠਜੋੜ ਮੈਂਬਰਾਂ ਨੇ ਮਾਇਆਵਤੀ ਨੂੰ ‘ਇੰਡੀਆ’ ’ਚ ਸ਼ਾਮਲ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਮਾਜਵਾਦੀ ਪਾਰਟੀ ਨੇ ਸੰਕੇਤ ਦਿੱਤੇ ਸਨ ਕਿ ਉਹ ਬਸਪਾ ਨੂੰ ਗੱਠਜੋੜ ’ਚ ਸ਼ਾਮਲ ਕਰਨ ਦੇ ਇੱਛੁਕ ਨਹੀਂ ਹਨ।

Total Views: 142 ,
Real Estate