ਸਿੱਧੂ ਦੀ ਪਟੀਸ਼ਨ ’ਤੇ ਐੱਨਜੀਟੀ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਤੇ ਹੋਰਾਂ ਵੱਲੋਂ ਪੰਜਾਬ ਦੇ ਰੂਪਨਗਰ ’ਚ ਗੈਰਕਾਨੂੰਨੀ ਖਣਨ ਦੇ ਮਾਮਲੇ ’ਚ ਦਾਇਰ ਪਟੀਸ਼ਨ ’ਤੇ ਸੂਬਾ ਸਰਕਾਰ, ਸਬੰਧਤ ਜ਼ਿਲ੍ਹਾ ਮੈਜਿਸਟਰੇਟ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ’ਚ ਗੈਰਕਾਨੂੰਨੀ ਖਣਨ ਰੁਕਵਾਉਣ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਜਾਂਚ ਮਗਰੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਹੇਠਲੇ ਬੈਂਚ ਨੇ ਅੱਜ ਐਡਵੋਕੇਟ ਕੇਸੀ ਮਿੱਤਲ ਤੇ ਅਭਿਮੰਨਿਊ ਵਾਲੀਆ ਵੱਲੋਂ ਦਾਇਰ ਹਲਫਨਾਮਿਆਂ ’ਤੇ ਸੁਣਵਾਈ ਮਗਰੋਂ ਸਾਰੀਆਂ ਸਬੰਧਤ ਧਿਰਾਂ ਤੋਂ ਜਵਾਬ ਮੰਗਿਆ ਤੇ ਮਾਮਲੇ ਦੀ ਸੁਣਵਾਈ 11 ਮਾਰਚ ਨੂੰ ਤੈਅ ਕਰ ਦਿੱਤੀ ਹੈ। ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਟੀਸ਼ਨ ’ਚ ਕਿਹਾ, ‘ਮੈਂ ਪੰਜਾਬ ਦੇ ਕੁਝ ਸ਼ੁਭਚਿੰਤਕਾਂ ਨਾਲ ਮਿਲ ਕੇ ਐੱਨਜੀਟੀ, ਦਿੱਲੀ ਦੇ ਸਾਹਮਣੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਤਾਂ ਜੋ ਤੁਰੰਤ ਸੁਧਾਰ ਲਈ ਕਦਮ ਚੁੱਕੇ ਜਾਣ ਅਤੇ ਰੂਪਨਗਰ, ਪੰਜਾਬ ’ਚ ਸਾਰੀ ਗੈਰਕਾਨੂੰਨੀ ਖਣਨ ’ਤੇ ਰੋਕ ਲਾਈ ਜਾਵੇ ਤੇ ਉਨ੍ਹਾਂ ਸਬੰਧਤ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਜਿਨ੍ਹਾਂ ਰੂਪਨਗਰ ’ਚ ਗ਼ੈਰਕਾਨੂੰਨੀ ਖਣਨ ਦੀ ਇਜਾਜ਼ਤ ਦਿੱਤੀ ਅਤੇ ਅਜਿਹੇ ਲੋਕਾਂ ਖ਼ਿਲਾਫ਼ ਜਾਂਚ ਮਗਰੋਂ ਕਾਰਵਾਈ ਸ਼ੁਰੂ ਕੀਤੀ ਜਾਵੇ। ਇਹ ਕੇਸ ਐੱਨਜੀਟੀ ਕੋਲ 15 ਜਨਵਰੀ ਨੂੰ ਸੁਣਵਾਈ ਲਈ ਸੂਚੀਬੱਧ ਹੈ।’

Total Views: 121 ,
Real Estate