ਪੱਤਰਕਾਰ ਮਨਿੰਦਰ ਸਿੱਧੂ ’ਤੇ ਮੁਕਤਸਰ ਪੁਲਿਸ ਵਲੋਂ ਪਰਚਾ ਦਰਜ ਕਰਨ ਦੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋਂ ਸਖ਼ਤ ਨਿਖੇਧੀ

ਸਰਕਾਰ ਘੁੱਟ ਰਹੀ ਹੈ ਮੀਡੀਆ ਦੀ ਆਜ਼ਾਦੀ ਦਾ ਗਲਾ-ਜੌੜਾ, ਸਿੱਧੂ, ਪੂਹਲੀ, ਭਗਤਾ

ਭੁੱਚੋ ਮੰਡੀ, 20 ਅਗਸਤ (PNO Media Group)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਲੋਂ ਥਾਣਾ ਲੰਬੀ ਵਿਖੇ ਲੋਕ ਆਵਾਜ਼ ਟੀ.ਵੀ. ਦੇ ਪੱਤਰਕਾਰ ਮਨਿੰਦਰ ਸਿੱਧੂ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਸੰਗੀਨ ਧਾਰਾ ਤਹਿਤ ਦਰਜ ਕੀਤੇ ਗਏ ਕਥਿਤ ਝੂਠੇ ਪਰਚੇ ਦੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।
ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਵਿੰਦਰ ਸਿੰਘ ਜੌੜਾ, ਕੌਮੀ ਕਾਰਜਕਾਰੀ ਦੇ ਮੈਂਬਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਨੈਬ ਸਿੰਘ ਸਿੱਧੂ, ਸੂਬਾ ਸਕੱਤਰ ਵੀਰਪਾਲ ਭਗਤਾ ਅਤੇ ਸੂਬਾ ਕਮੇਟੀ ਮੈਂਬਰ ਗੁਰਤੇਜ ਸਿੰਘ ਸਿੱਧੂ ਪੂਹਲੀ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਮੀਡੀਆ ਦੀ ਆਜ਼ਾਦੀ ਦਾ ਗਲਾ ਘੁੱਟ ਰਹੀ ਹੈ।
ਉਨ੍ਹਾਂ ਕਿਹਾ ਕਿ ਪੱਤਰਕਾਰਤਾ ਦਾ ਮੁੱਖ ਕੰਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮਾਜਿਕ ਕੁਰੀਤੀਆਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਉਨ੍ਹਾਂ ਦਾ ਸਾਰਥਕ ਹੱਲ ਕੱਢਿਆ ਜਾ ਸਕੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੱਤਰਕਾਰ ਮਨਿੰਦਰ ਸਿੱਧੂ ਵੀ ਆਪਣੀ ਡਿਊਟੀ ਬਾਖ਼ੂਬੀ ਨਿਭਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਨਿੰਦਰ ਸਿੱਧੂ ਵੱਲੋਂ ਸੂਬਾ ਸਰਕਾਰ ਦੇ ਇੱਕ ਮੰਤਰੀ ਦੇ ਪਿੰਡ ਵਿੱਚ ਵਿਕ ਰਹੇ ਨਸ਼ਿਆਂ ਅਤੇ ਨਸ਼ਿਆਂ ਕਾਰਨ ਪਿੰਡ ਦੇ ਨੌਜਵਾਨਾਂ ਦੀਆਂ ਜਾ ਰਹੀਆਂ ਜਾਨਾਂ ਸਬੰਧੀ ਕਵਰੇਜ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੱਲ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਈ ਅਤੇ ਕਥਿਤ ਤੌਰ ’ਤੇ ਝੂਠੀ ਕਹਾਣੀ ਘੜ ਕੇ ਪੱਤਰਕਾਰ ਮਨਿੰਦਰ ਸਿੱਧੂ ਸਮੇਤ ਹੋਰਨਾਂ ’ਤੇ ਪਰਚਾ ਦਰਜ ਕਰ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਪੁਲਿਸ ਅਤੇ ਸਰਕਾਰ ਦਾ ਇਹ ਰਵੱਈਆ ਨਾਕਾਬਿਲ-ਏ-ਬਰਦਾਸ਼ਤ ਹੈ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਇਸ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਮਾਮਲੇ ਦੇ ਸਾਰੇ ਕਾਨੂੰਨੀ ਪਹਿਲੂਆਂ ਨੂੰ ਵਿਚਾਰਨ ਉਪਰੰਤ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।

Total Views: 1 ,
Real Estate