ਸੁਰੰਗ ਹਾਦਸਾ: ਮਜ਼ਦੂਰਾਂ ਦੇ ਬਚਾਅ ਲਈ ਕੰਮ ਜਾਰੀ

ਉੱਤਰਕਾਸ਼ੀ ਦੀ ਸਿਲਕਯਾਰਾ ਸੁਰੰਗ ਵਿਚ 14 ਦਿਨਾਂ ਤੋਂ ਫਸੇ ਹੋਏ ਵਰਕਰਾਂ ਨੂੰ ਕੱਢਣ ਲਈ ਵਰਟੀਕਲ ਡਰਿਲਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।ਐੱਨਡੀਐਮਏ ਦੇ ਮੈਂਬਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਦ ਅਤਾ ਹਸਨੈਨ ਨੇ ਮੀਡੀਆ ਨੂੰ ਦੱਸਿਆ ਕਿ ਵਰਕਰਾਂ ਨੂੰ ਕੱਢਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਰਟੀਕਲ ਡਰਿਲਿੰਗ ਨੂੰ ਦੂਜਾ ਸਭ ਤੋਂ ਵਧੀਆ ਬਦਲ ਮੰਨਦਿਆਂ ਇਸ ਉਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪਹਿਲੇ ਦਿਨ 20 ਮੀਟਰ ਤੱਕ ਡਰਿੱਲ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ 86 ਮੀਟਰ ਦੀ ਵਰਟੀਕਲ ਡਰਿੱਲਿੰਗ ਤੋਂ ਬਾਅਦ ਫਸੇ ਹੋਏ ਵਰਕਰਾਂ ਨੂੰ ਕੱਢਣ ਲਈ ਸੁਰੰਗ ਦੀ ਬਾਹਰੀ ਪਰਤ ਨੂੰ ਤੋੜਿਆ ਜਾਵੇਗਾ। ਹਸਨੈਨ ਨੇ ਨਾਲ ਹੀ ਜ਼ਿਕਰ ਕੀਤਾ ਕਿ ਵਰਕਰਾਂ ਨੂੰ ਬਚਾਉਣ ਲਈ ਘੱਟੋ-ਘੱਟ ਛੇ ਯੋਜਨਾਵਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਸਭ ਤੋਂ ਵਧੀਆ ਬਦਲ ਫ਼ਿਲਹਾਲ ਸਿੱਧੀ ਡਰਿੱਲਿੰਗ ਹੀ ਹੈ ਜੋ ਕਿ 47 ਮੀਟਰ ਤੱਕ ਹੋ ਚੁੱਕੀ ਹੈ। ਐਨਡੀਐਮਏ ਮੈਂਬਰ ਨੇ ਕਿਹਾ ਕਿ ਔਗਰ ਮਸ਼ੀਨ ਦੇ ਟੁੱਟੇ ਹੋਏ ਹਿੱਸਿਆਂ ਨੂੰ ਕੱਢਣ ਲਈ ਮੈਗਨਾ ਤੇ ਪਲਾਜ਼ਮਾ ਕਟਰ ਵਰਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਕ ਵਾਰ ਟੁੱਟੇ ਹਿੱਸੇ ਨਿਕਲਣ ਤੋਂ ਬਾਅਦ ਵਰਕਰਾਂ ਤੱਕ ਪਹੁੰਚਣ ਲਈ 15 ਮੀਟਰ ਦੀ ਮੈਨੂਅਲ ਡਰਿੱਲਿੰਗ ਕੀਤੀ ਜਾਵੇਗੀ। ਹਾਲਾਂਕਿ ਇਸ ਵਿਚ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਏਜੰਸੀਆਂ ਬਚਾਅ ਅਪਰੇਸ਼ਨ ਨੂੰ ਸਫ਼ਲ ਬਣਾਉਣ ਲਈ ਕੰਮ ਕਰ ਰਹੀਆਂ ਹਨ। ਪਲਾਜ਼ਮਾ ਕਟਰ ਹੈਦਰਾਬਾਦ ਤੋਂ ਲਿਆਂਦਾ ਗਿਆ ਹੈ। ਮਸ਼ੀਨ ਨੂੰ ਸੁਰੰਗ ਵਿਚੋਂ ਪੂਰੀ ਤਰ੍ਹਾਂ ਬਾਹਰ ਕੱਢਿਆ ਜਾਣਾ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਮੈਨੂਅਲ ਢੰਗ ਨਾਲ ਪਾਈਪ ਪਾ ਕੇ ਬਚਾਅ ਦਾ ਰਾਹ ਤਿਆਰ ਕੀਤਾ ਜਾ ਸਕੇਗਾ।

Total Views: 145 ,
Real Estate