ਚੀਨ ’ਚ ਵਧੇ ਨਿਮੋਨੀਆ ਦੇ ਮਾਮਲੇ , ਭਾਰਤ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਸੁਝਾਅ

ਚੀਨ ਵਿਚ ਬੱਚਿਆਂ ’ਚ ਸਾਹ ਦੀ ਬਿਮਾਰੀ (ਨਿਮੋਨੀਆ) ਦੇ ਮਾਮਲੇ ਵਧਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਤੁਰੰਤ ਜਨਤਕ ਸਿਹਤ ਸਬੰਧੀ ਤਿਆਰੀਆਂ ਦੀ ਸਮੀਖਿਆ ਕਰਨ। ਅੱਜ ਜਾਰੀ ਬਿਆਨ ਵਿਚ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਪੂਰੀ ਸਾਵਧਾਨੀ ਵਰਤਦਿਆਂ ਸਾਹ ਦੀ ਇਸ ਬਿਮਾਰੀ ਖ਼ਿਲਾਫ਼ ਆਪਣੀਆਂ ਤਿਆਰੀਆਂ ਦੀ ਸਰਗਰਮੀ ਨਾਲ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਜਾਰੀ ਇਨਫਲੂਐਂਜ਼ਾ ਤੇ ਸਰਦੀ ਦੀ ਰੁੱਤ ਵਿਚ ਸਾਹ ਦੀਆਂ ਬਿਮਾਰੀਆਂ ਦੇ ਕੇਸ ਵਧ ਰਹੇ ਹਨ। ਭਾਰਤ ਸਰਕਾਰ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਫਿਲਹਾਲ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਦਿਆਂ ਕੇਂਦਰੀ ਸਿਹਤ ਸਕੱਤਰ ਨੇ ਤੁਰੰਤ ਸਿਹਤ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਹਾ ਹੈ। ਉਨ੍ਹਾਂ ਹਸਪਤਾਲਾਂ ਵਿਚਲੇ ਪ੍ਰਬੰਧਾਂ ਜਿਵੇਂ ਕਿ ਬਿਸਤਰਿਆਂ, ਦਵਾਈਆਂ ਤੇ ਟੀਕਿਆਂ ਦੀ ਗਿਣਤੀ, ਮੈਡੀਕਲ ਆਕਸੀਜ਼ਨ, ਨਿੱਜੀ ਬਚਾਅ ਸਮੱਗਰੀ, ਟੈਸਟ ਕਿੱਟਾਂ, ਵੈਂਟੀਲੇਟਰਾਂ ਆਦਿ ਦੀ ਉਪਲੱਬਧਤਾ ਦੀ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਹੈ। ਰਾਜਾਂ ਦੇ ਸਿਹਤ ਵਿਭਾਗਾਂ ਨੂੰ ਅਪਰੇਸ਼ਨਲ ਗਾਈਡਲਾਈਨਜ਼ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ। ਇਸ ਵਿਚ ਸੋਧੀ ਹੋਈ ਨਿਗਰਾਨੀ ਦੀ ਰਣਨੀਤੀ ਵੀ ਸ਼ਾਮਲ ਹੈ। ਇਸ ਤਹਿਤ ਇਨਫਲੂਐਂਜ਼ਾ ਵਰਗੀ ਬਿਮਾਰੀ ਤੇ ਸਾਹ ਲੈਣ ਵਿਚ ਗੰਭੀਰ ਤਕਲੀਫ਼ ਜਿਹੀਆਂ ਮੁਸ਼ਕਲਾਂ ਦੀ ਏਕੀਕ੍ਰਿਤ ਨਿਗਰਾਨੀ ਕੀਤੀ ਜਾਵੇਗੀ। ਸੂਬਿਆਂ ਨੂੰ ਏਕੀਕ੍ਰਿਤ ਨਿਗਰਾਨੀ ਪ੍ਰਾਜੈਕਟ ਤਹਿਤ ਵਿਸ਼ੇਸ਼ ਕਰ ਕੇ ਬੱਚਿਆਂ ਤੇ ਕਿਸ਼ੋਰਾਂ ਵਿਚ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਦੀ ਬਾਰੀਕੀ ਨਾਲ ਨਿਗਰਾਨੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਰਾਜ ਦੀ ਅਥਾਰਿਟੀ ਨੂੰ ਸੈਂਪਲ ਵਾਇਰਸ ਰਿਸਰਚ ਲੈਬਾਂ ਵਿਚ ਭੇਜਣ ਦੀ ਸਲਾਹ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਡਬਲਿਊਐਚਓ ਨੇ ਚੀਨ ਦੇ ਉੱਤਰੀ ਹਿੱਸਿਆਂ ਵਿਚ ਸਾਹ ਦੀ ਬਿਮਾਰੀ ਵਧਣ ਦੇ ਸੰਕੇਤ ਦਿੱਤੇ ਸਨ। ਡਬਲਿਊਐਚਓ ਨੇ ਚੀਨ ਤੋਂ ਇਸ ਸਬੰਧੀ ਹੋਰ ਜਾਣਕਾਰੀ ਵੀ ਮੰਗੀ ਸੀ।

Total Views: 276 ,
Real Estate