
ਰੇਲਾਂ ਰੋਕਣ ਵਾਲੇ ਕਿਸਾਨਾਂ ਖਿਲਾਫ ਰੇਲਵੇ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਰੇਲਵੇ ਵਿਭਾਗ ਨੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰਾਂ ਵਿਰੁੱਧ ਵਿੱਢੇ ਸੰਘਰਸ਼ਾਂ ਦੌਰਾਨ ਰੇਲ ਆਵਾਜਾਈ ਵਿੱਚ ਅੜਿੱਕੇ ਡਾਹੁਣ ਤੇ ਰੇਲ ਲਾਈਨਾਂ ’ਤੇ ਧਰਨੇ ਦੇਣ ਦੇ ਮਾਮਲੇ ਵਿੱਚ 350 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਰੇਲਵੇ ਸੁਰੱਖਿਆ ਬਲ ਜਲੰਧਰ ਛਾਉਣੀ ਨੇ ਦਰਜ ਕੀਤਾ ਹੈ। ਜਲੰਧਰ ‘ਚ ਗੰਨੇ ਦੇ ਰੇਟ ‘ਚ ਵਾਧੇ ਨੂੰ ਲੈ ਕੇ ਜੰਮੂ-ਰਾਸ਼ਟਰੀ ਮਾਰਗ ਅਤੇ ਰੇਲਵੇ ਟਰੈਕ ਜਾਮ ਕਰਨ ਵਾਲੇ ਕਿਸਾਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। 24 ਨਵੰਬਰ ਨੂੰ ਰੇਲਵੇ ਟਰੈਕ ‘ਤੇ ਪ੍ਰਦਰਸ਼ਨ ਦੌਰਾਨ 182 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸਨ। ਰੇਲਵੇ ਵਿਭਾਗ ਦੀ ਸ਼ਿਕਾਇਤ ਵਿੱਚ RPF ਥਾਣੇ ਵਿੱਚ 2 ਕਿਸਾਨਾਂ ਅਤੇ 348 ਕਿਸਾਨਾਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।RPF ਥਾਣਾ ਜਲੰਧਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਵਿੱਚ IPC ਦੀ ਧਾਰਾ 147 ਅਤੇ 174-ਏ ਜੋੜ ਦਿੱਤੀ ਗਈ ਹੈ। ਨਾਮਜ਼ਦ ਕਿਸਾਨਾਂ ਵਿੱਚ ਬਲਵਿੰਦਰ ਸਿੰਘ ਰਾਜੂ ਔਲਖ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ਮਿਲ ਹਨ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।



















