ਪੁਲਾੜ ਮਿਸ਼ਨਾਂ ’ਚ ਮਹਿਲਾਵਾਂ ਦੀ ਨੁਮਾਇੰਦਗੀ ਵਧੇ: ISRO Chairman

ਭਾਰਤੀ ਪੁਲਾੜ ਖੋਜ ਸੰਸਥਾ ਦੇ ਚੇਅਰਮੈਨ ਐੱਸ ਸੋਮਨਾਥ ਨੇ ਅੱਜ ਦੇਸ਼ ਦੇ ਕੌਮੀ ਪੁਲਾੜ ਮਿਸ਼ਨਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਵਧਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਛਾ ਪ੍ਰਧਾਨ ਮੰਤਰੀ ਸਣੇ ਸਮੁੱਚੇ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਇੱਥੇ ਪੂਰਨਾਮਿਕਾਵੂ ਮੰਦਰ ਵਿੱਚ ਇਕ ਸਮਾਰੋਹ ਦੌਰਾਨ ਸੋਮਨਾਥ ਨੇ ਬੱਚਿਆਂ ਦੇ ਅੱਖਰਾਂ ਦੀ ਦੁਨੀਆਂ ਵਿੱਚ ਪ੍ਰਵੇਸ਼ ਦੇ ਹਿੱਸੇ ਵਜੋਂ ਵਿਜੈਦਸਮੀ ਮੌਕੇ ਕਰਵਾਏ ਗਏ ਵਿੱਦਿਆਰੰਭਮ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਇਸਰੋ ਦੇ ਗਗਨਯਾਨ ਮਿਸ਼ਨ ਵਿੱਚ ਵਧੇਰੇ ਔਰਤਾਂ ਨੂੰ ਪੁਲਾੜ ਯਾਤਰੀ ਵਜੋਂ ਦੇਖਣ ਦੀ ਆਸ ਪ੍ਰਗਟਾਈ। ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਉਂਕਿ ਪੁਲਾੜ ਯਾਤਰੀਆਂ ਦੀ ਚੋਣ ਅਤੇ ਸਿਖਲਾਈ ਪਹਿਲਾਂ ਹੀ ਹੋ ਚੁੱਕੀ ਹੈ, ਇਸ ਵਾਸਤੇ ਗਗਨਯਾਨ ਦੇ ਸ਼ੁਰੂਆਤੀ ਮਿਸ਼ਨ ਵਿੱਚ ਔਰਤਾਂ ਦੀ ਹਿੱਸੇਦਾਰੀ ਸੰਭਵ ਨਹੀਂ ਹੋਵੇਗੀ, ਜਿਸ ਦਾ ਉਦੇਸ਼ ਮਨੁੱਖਾਂ ਨੂੰ ਪੁਲਾੜ ਵਿੱਚ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਧਰਤੀ ’ਤੇ ਵਾਪਸ ਲਿਆਉਣਾ ਹੈ। ਹਾਲਾਂਕਿ, ਉਨ੍ਹਾਂ ਨੇ ਭਵਿੱਖ ਦੇ ਗਗਨਯਾਨ ਮਿਸ਼ਨਾਂ ਵਿੱਚ ਔਰਤਾਂ ਦੀ ਵਧੇਰੇ ਭਾਗੀਦਾਰੀ ਦੀ ਆਸ ਪ੍ਰਗਟਾਈ। ਉਨ੍ਹਾਂ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਪੁਲਾੜ ਮਿਸ਼ਨਾਂ ਵਿੱਚ ਵਧੇਰੇ ਮਹਿਲਾ ਐਸਟਰੋਨਾਟ ਭੇਜਣਾ ਮੇਰੀ ਇੱਛਾ ਸੂਚੀ ਦਾ ਹਿੱਸਾ ਹੈ ਅਤੇ ਮੈਂ ਸਿਰਫ ਪ੍ਰਧਾਨ ਮੰਤਰੀ ਸਣੇ ਰਾਸ਼ਟਰ ਦੀ ਆਵਾਜ਼ ਉਠਾਈ ਹੈ।’’

Total Views: 158 ,
Real Estate