ਉਹ ਦਿਨ ਦੂਰ ਨਹੀਂ ਜਦੋਂ ਸੰਸਦ ’ਚ ਹਜ਼ੂਮੀ ਹਿੰਸਾ ਵਾਪਰੇਗੀ: ਓਵਾਇਸੀ

ਭਾਜਪਾ ਐੱਮਪੀ ਰਮੇਸ਼ ਬਿਧੂੜੀ ਵੱਲੋਂ ਬਸਪਾ ਆਗੂ ਦਾਨਿਸ਼ ਅਲੀ ਖ਼ਿਲਾਫ਼ ਲੋਕ ਸਭਾ ਵਿੱਚ ਵਰਤੀ ਗਈ ਮਾੜੀ ਸ਼ਬਦਾਵਲੀ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਹੈ, ਜਦੋਂ ਸੰਸਦ ਵਿੱਚ ਇੱਕ ਮੁਸਲਿਮ ਨਾਲ ਹਜ਼ੂਮੀ ਹਿੰਸਾ ਹੋਵੇਗੀ। ਇੱਥੇ ਐਤਵਾਰ ਨੂੰ ਦੇਰ ਰਾਤ ਇੱਕ ਇਕੱਤਰਤਾ ਮੌਕੇ ਸੰਬੋਧਨ ਕਰਦਿਆਂ ਨੂਹ ਵਿੱਚ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਤੋਂ ਤੋਂ ਬਗੈਰ ਘਰ ਢਾਹੁਣ ਅਤੇ ‘ਧਰਮ ਸੰਸਦ’ ਵਿੱਚ ਮੁਸਲਮਾਨਾਂ ਖ਼ਿਲਾਫ਼ ਵਰਤੀ ਗਈ ਮਾੜੀ ਸ਼ਬਦਾਵਲੀ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੋਟਾਂ ਲੈਣ ਖ਼ਾਤਰ ਮੁਲਕ ਵਿੱਚ ਨਫ਼ਰਤ ਦਾ ਮਾਹੌਲ ਬਣਾ ਰਹੇ ਹਨ। ਉਨ੍ਹਾਂ ਤਿਲੰਗਾਨਾ ਦੀਆਂ ਆਗਾਮੀ ਚੋਣਾਂ ਵਿੱਚ ਲੋਕਾਂ ਨੂੰ ਏਆਈਐੱਮਆਈਐੱਮ ਦਾ ਜ਼ੋਰਦਾਰ ਸਮਰਥਨ ਕਰਨ ਲਈ ਕਿਹਾ। ਸ੍ਰੀ ਓਵਾਇਸੀ ਨੇ ਰਾਹੁਲ ਗਾਂਧੀ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਵਾਇਨਾਡ ਦੀ ਬਜਾਇ ਹੈਦਰਾਬਾਦ ਤੋਂ ਚੋਣ ਲੜਨ ਦੀ ਚੁਣੌਤੀ ਵੀ ਦਿੱਤੀ। ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਦੇ ਖ਼ਿਲਾਫ਼ ਭੁਗਤਣ ਸਬੰਧੀ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਮੁਸਲਮਾਨ ਤੇ ਓਬੀਸੀ ਮਹਿਲਾਵਾਂ ਲਈ ਕੋਟਾ ਰੱਖਣ ਦੀ ਵਕਾਲਤ ਕੀਤੀ ਹੈ।

Total Views: 210 ,
Real Estate