ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ, ਜਿਨ੍ਹਾਂ ਦੇ ਆਗੂਆਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੋਨ ਕਰ ਕੇ ਹਰਦੀਪ ਨਿੱਝਰ ਦੇ ਕੇਸ ਬਾਰੇ ਜਾਣੂ ਕਰਾਇਆ ਹੈ, ਨੇ ਇਸ ਮਾਮਲੇ ਉਤੇ ਚਿੰਤਾ ਜ਼ਾਹਿਰ ਕੀਤੀ ਹੈ। ਵਾਈਟ ਹਾਊਸ ਨੇ ਟਰੂਡੋ ਵੱਲੋਂ ਲਾਏ ਦੋਸ਼ਾਂ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਵਾਈਟ ਹਾਊਸ ਦੀ ਕੌਮੀ ਸੁਰੱਖਿਆ ਪਰਿਸ਼ਦ ਦੀ ਤਰਜਮਾਨ ਐਡਰੀਅਨ ਵਾਟਸਨ ਨੇ ਕਿਹਾ ਕਿ ਉਹ ਕੈਨੇਡਾ ਦੇ ਲਗਾਤਾਰ ਸੰਪਰਕ ਵਿਚ ਹਨ, ਇਹ ਜ਼ਰੂਰੀ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਤੇ ਜ਼ਿੰਮੇਵਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ। ਆਸਟਰੇਲੀਆ ਨੇ ਵੀ ਮਾਮਲੇ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਵਿਦੇਸ਼ ਮੰਤਰੀ ਪੈਨੀ ਵੌਂਗ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਕਤਲ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਕੈਨੇਡੀਅਨ ਸਰਕਾਰ ਵੱਲੋਂ ਲਗਾਏ ਗਏ ਦੋਸ਼ ਚਿੰਤਾ ਦਾ ਵਿਸ਼ਾ ਹੈ। ਸਾਰੇ ਮੁਲਕਾਂ ਨੂੰ ਇੱਕ ਦੂਜੇ ਦੀ ਖੁਦਮੁਖਤਿਆਰੀ ਤੇ ਸਥਾਨਕ ਕਾਨੂੰਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਆਸਟਰੇਲੀਆ ’ਚ ‘ਫਾਈਵ-ਆਈ’ ਸਮਝੌਤੇ ਤਹਿਤ ਅਹਿਮ ਖੁਫੀਆ ਜਾਣਕਾਰੀਆਂ ਦੀ ਸਾਂਝ ਦਾ ਸਮਝੌਤਾ ਹੈ। ਵੌਂਗ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਬਾਰੇ ਆਪਣੇ ‘ਸੀਨੀਅਰਾਂ’ ਨੂੰ ਜਾਣੂ ਕਰਵਾ ਦਿੱਤਾ ਹੈ। ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਕੈਨੇਡਾ ਸਰਕਾਰ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਤੇ ਅਜੇ ਇਸ ਮਾਮਲੇ ਉਤੇ ਕੋਈ ਵੀ ਟਿੱਪਣੀ ਢੁੱਕਵੀਂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਵੱਲੋਂ ਲਾਏ ਗਏ ‘ਗੰਭੀਰ ਦੋਸ਼ਾਂ’ ਦਾ ਉਨ੍ਹਾਂ ਦੀ ਭਾਰਤ ਨਾਲ ਜਾਰੀ ਵਪਾਰਕ ਵਾਰਤਾ ਉਤੇ ਕੋਈ ਅਸਰ ਨਹੀਂ ਪਏਗਾ। ਬੁਲਾਰੇ ਨੇ ਕਿਹਾ ਕਿ ਵਾਰਤਾ ਪਹਿਲਾਂ ਵਾਂਗ ਜਾਰੀ ਰਹੇਗੀ। ਸਰਕਾਰ ਦੇ ਇਕ ਚੋਟੀ ਦੇ ਸੂਤਰ ਦੇ ਹਵਾਲੇ ਨਾਲ ਸੀਬੀਸੀ ਨਿਊਜ਼ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕੇਸ ਬਾਰੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਵੀ ਜਾਣੂ ਕਰਵਾ ਦਿੱਤਾ ਹੈ।
ਟਰੂਡੋ ਦੇ ਬਿਆਨ ’ਤੇ ਨਾਲ ਅਮਰੀਕਾ ਤੇ ਬਰਤਾਨੀਆ ਤੋਂ ਆਸਟਰੇਲੀਆ ਤੱਕ ਹਿਲਜੁਲ
Total Views: 198 ,
Real Estate



















