ਦਸ ਦਾ ਨੋਟ ਬਨਾਮ ਇੱਕ ਵੋਟ

ਇੱਕ ਦਿਨ ਪਿੰਡ ਆਲ਼ੇ ਘਰ ਘਾਹ ਖੋਤ ਰਿਹਾ ਸੀ। ਬਾਹਰ ਸੜਕ ਤੇ ਕੰਧ ਕੋਲ਼ੋਂ ਇੱਕ ਦਸ ਰੁਪਏ ਦਾ ਨੋਟ ਲੱਭਿਆ ਤੇ ਮੈਂ ਚੱਕ ਕੇ ਜੇਬ ‘ਚ ਪਾਲਿਆ।ਥੋੜ੍ਹੀ ਦੇਰ ਬਾਅਦ ਇੱਕ ਭਗਮੇ ਜਿਹੇ ਕੱਪੜਿਆਂ ਆਲ਼ਾ ਬੰਦਾ ਆਇਆ ਹੱਥ ‘ਚ ਤੂੰਬਾ ਫ਼ੜਿਆ ਹੋਇਆ ਸੀ ਕਹਿੰਦਾ “ਕਰ ਕੋਈ ਸੇਵਾ ਬਾਬਿਆਂ ਦੀ ਭਗਤਾ” ਮੈਂ ਕਿਹਾ ਕੀ ਭਾਲ਼ਦੈਂ ਐਡਾ ਸ਼ਰਧਾਲੂ ਨੀਂ ਮੈਂ ਅੱਗੇ ਤੁਰਜਾ ਕਹਿੰਦਾ “ਦਸ ਰਪਈਏ ਵੀ ਨੀਂ ਤੇਰੇ ਕੋਲ਼” ਮੇਰੇ ਇਕਦਮ ਯਾਦ ਆਇਆ ਵੀ ਦਸ ਰੁਪਏ ਲੱਭੇ ਸੀ ਮੈਂ ਜੇਬ ‘ਚੋਂ ਕੱਢੇ ਤੇ ਬਾਬੇ ਨੂੰ ਫ਼ੜਾਤੇ। ਬਾਬਾ ਦਸ ਰੁਪਏ ਗੀਝੇ ‘ਚ ਪਾਕੇ ਆਕੜਕੇ ਖੜ੍ਹ ਗਿਆ ਤੇ ਕਹਿੰਦਾ “ਮੰਗ ਭਗਤਾ ਕੀ ਮੰਗਦੈਂ?” ਮੈਂ ਕਿਹਾ “ਆਹੀ ਦਸ ਦਾ ਨੋਟ ਮੋੜਦੇ ਜਿਹੜਾ ਤੈਨੂੰ ਦੀੱਤੈ” ਅੱਗਿਓਂ ਕਹਿੰਦਾ “ਊਂ” ਮੈਂ ਕਿਹਾ ਭੋਲ਼ਿਆ ਆਪ ਤਾਂ ਤੂੰ ਮੰਗਦਾ ਫ਼ਿਰਦੈਂ ਮੇਤੋਂ ਦਸ ਰੁਪਏ ਲੈਕੇ ਮੇਰੇ ਮੂਹਰੇ ਈ ਦਾਤਾ ਬਣਕੇ ਖੜ੍ਹ ਗਿਆ।ਬਾਬਾ ਚੱਕਮੇਂ ਪੈਰੀਂ ਹੋਲਿਆ।
ਭਾਈ ਮੈਂ ਤਾਂ ਥੋਨੂੰ ਆਪ ਬੀਤੀ ਸੁਣਾਈ ਐ “ਆਪ” ਦੀ ਗੱਲ ਨੀਂ ਕੀਤੀ। ਹੁਣ ਜਿਹੜੀਆਂ ਗੱਲਾਂ ਥੋਡੇ ਦਮਾਗ ‘ਚ ਆ ਰਹੀਆਂ ਨੇਂ ਵੀ ਕਰਦੇ ਤਾਂ ਸਾਡੇ ਸਿਆਸੀ ਲੋਕ ਵੀ ਏਸੇ ਤਰ੍ਹਾਂ ਈ ਨੇਂ ਪਹਿਲਾਂ ਸਾਥੋਂ ਮੰਗਤੇ ਬਣਕੇ ਵੋਟਾਂ ਮੰਦੇ ਨੇਂ ਫ਼ੇਰ ਸਾਨੂੰ ਈ ਕਹਿੰਦੇ ਨੇਂ “ਮੰਗੋ ਕੀ ਮੰਗਦੇ ਓਂ, ਅਸੀਂ ਥੋਨੂੰ ਆਹ ਦੇਤਾ ਔਹ ਦੇਤਾ, ਅਸੀਂ ਆਏਂ ਕਰਤਾ ਓਵੇਂ ਕਰਤਾ”। ਇਹ ਤਾਂ ਤੁਸੀਂ ਸੋਚ ਰਹੇ ਓਂ ਮੈਂ ਤਾਂ ਨੀਂ ਕਿਸੇ ਬਾਰੇ ਕੁਛ ਕਹਿੰਦਾ, ਹਾਂ ਏਨੀਂ ਗੱਲ ਜ਼ਰੂਰ ਐ ਜੇ ਕੋਈ ਐਮ ਐਲ ਏ ਜਾਂ ਐਮ ਪੀ ਥੋਨੂੰ ਕਹੇ ਵੀ ਮੰਗੋ ਕੀ ਮੰਗਦੇ ਓਂ ਤਾਂ ਇੱਕ ਗੱਲ ਕਹਿਕੇ ਦੇਖਿਓ ਵੀ ਜਿਹੜੀ ਤੈਨੂੰ ਵੋਟ ਪਾਈ ਸੀ ਓਹੀ ਮੋੜਦੇ ਤੇ ਅਸਤੀਫ਼ਾ ਦੇਕੇ ਅਸੈਂਬਲੀ/ਸੰਸਦ ਆਲ਼ੇ ਚੌਂਤਰੇ ਤੋਂ ਉੱਤਰਕੇ ਸਾਡੇ ਨਾਲ਼ ਦੁਬਾਰਾ ਸੱਥ ਆਲ਼ੇ ਥੜ੍ਹੇ ਤੇ ਬਹਿਜਾ। ਥੋਨੂੰ ਮੈਂ ਗਰੰਟੀ ਦਿੰਨਾਂ ਇਹਨਾਂ ਲੀਡਰਾਂ ਕੋਲ਼ ਬਾਬੇ ਆਲ਼ਾ ਈ ਜਵਾਬ ਹੋਊ “ਊਂ” ਤੇ ਗੱਡੇ ਦੇ ਸ਼ੀਸ਼ੇ ਚਾੜ੍ਹਕੇ ਚੱਕਵੇਂ ਟੈਰੀਂ ਹੋ ਲੈਣਗੇ।

ਰਣਦੀਪ ਰਾਓ
Total Views: 221 ,
Real Estate