“ਰੀਤੇ ਪੁੱਤ ਵੱਡਾ ਹੋਕੇ ਕੀ ਬਣੇਂਗਾ? ਰੀਤਾ ਕਹਿੰਦਾ “ਮੈਂ ਤਾਂ ਕਨੇਡਾ ਜਾਊਂ”…

ਰਣਦੀਪ ਰਾਓ

ਜਦੋਂ ਹਰਦੀਪ(ਮੇਰੀ ਘਰ ਆਲ਼ੀ) ਗਰਭਵਤੀ ਸੀ ਮੈਨੂੰ ਉਹਨੇਂ ਪੁੱਛਣਾਂ “ਰਣਦੀਪ ਤੁਸੀਂ ਕੀ ਚਹੁਨੇਂ ਓੰ ਹੋਣ ਆਲ਼ਾ ਬੱਚਾ ਕੀ ਹੋਵੇ ਮੁੰਡਾ ਜਾਂ ਕੁੜੀ?”।ਮੇਰਾ ਜਵਾਬ ਹੁੰਦਾ ਜੋ ਵੀ ਹੋਵੇ ਤੰਦਰੁਸਤ ਹੋਵੇ। 26 ਮਈ 2004 ਦੁਪਿਹਰੇ 2 ਵੱਜਕੇ 26 ਮਿੰਟ ਤੇ ਇੱਕ ਪ੍ਰਾਈਵੇਟ ਹਸਪਤਾਲ਼ ‘ਚ ਇੱਕ ਨੰਨ੍ਹੀ ਗੁਡੀਆ ਨੇਂ ਜਨਮ ਲਿਆ। ਉਹਦਾ ਮੂੰਹ ਦੇਖਦੇ ਈ ਮੇਰੀਆਂ ਅੱਖਾਂ ਮੂਹਰੇ ਜਿਵੇਂ ਇੱਕ ਫ਼ਿਲਮ ਦਾ ਦ੍ਰਿਸ਼ ਘੁਮਿਆ ਹੋਵੇ ਵੀ ਇਹਨੇਂ ਕਿਹੜਾ ਸਾਡੇ ਕੋਲ਼ ਰਹਿਣੈਂ ਇੱਕ ਦਿਨ ਬੇਗਾਨੇ ਘਰ ਚਲੀ ਜਾਣੈਂ। ਮੈਨੂੰ ਇਹ ਯਾਦ ਈ ਨੀਂ ਰਿਹਾ ਕਿ ਨਵੇਂ ਜੰਮੇ ਬੱਚੇ ਨੂੰ ਸ਼ਗਨ ਵੀ ਦੇਈਦੈ। ਸਹੁਰਿਆਂ ਵੱਲੋਂ ਇੱਕ ਤਾਈ ਨੇਂ ਕਿਹਾ “ਰਣਦੀਪ ਨੂੰ ਧੀਅ ਦੀ ਖੁਸ਼ੀ ਨੀਂ ਹੋਈ”।ਓਸ ਤਾਈ ਤੋਂ ਮੈਂ ਇਹ ਕਹਿਕੇ ਖਹਿੜਾ ਛੁਡਾਇਆ ਵੀ ਤਾਈ ਜੀ ਸਾਰੀ ਉਮਰ ਅਸੀਂ ਇਹਨੂੰ ਈ ਦੇਣੈਂ ਹੋਰ ਕੀਹਦੇ ਵਾਸਤੇ ਕਮਾਵਾਂਗੇ। ਮੇਰੀ ਪੁੱਤਰੀ ਦਾ ਨਾਮ ਰੱਖਣ ਲਈ ਗੁਰੂਘਰ ਚੋਂ ਅੱਖਰ ਕਢਵਾਇਆ “ਜ” ਨਿੱਕਲ਼ਿਆ ਹਰਦੀਪ ਦੇ ਫੁੱਫੜ ਜੀ ਨੇਂ ਨਾਮ ਜੁਗਨਦੀਪ ਰੱਖਿਆ ਸਭ ਦੇ ਪਸੰਦ ਆਇਆ।ਜੁਗਨਦੀਪ ਦੀ ਮਾਸੀ ਨੇਂ ਉਹਦਾ ਛੋਟਾ ਨਾਮ “ਰੀਤ” ਰੱਖਿਆ।ਸਾਰੇ ਜੁਗਨਦੀਪ ਨੂੰ ਰੀਤਾ-ਰੀਤਾ ਕਹਿਕੇ ਬੁਲਾਉਣ ਲੱਗੇ।ਰੀਤ ਨੇਂ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਸਿੱਖਿਆ ਉਹ ਸੀ “ਡੈਡੂੰ” ਮਤਲਬ ਡੈਡੀ।ਰੀਤ ਦੇ ਰੁੜਨ, ਤੁਰਨ, ਤੋਤਲਾ ਬੋਲਣ ਤੋਂ ਲੈਕੇ ਅੱਜ ਕੈਲਗਰੀ ਤੋਂ ਵੀਡੀਓ ਕਾਲ ਕਰਨ ਤੱਕ ਇੱਕ ਇੱਕ ਪਲ ਮੈਨੂੰ ਯਾਦ ਐ।ਕਦੇ ਰੀਤ ਨੇਂ ਕਹਿਣਾ “ਮੈਂ ਵੱਡਾ ਹੋਕੇ ਪਾਇਲਟ ਬਣੂੰ, ਕਦੇ ਕਹਿਣਾਂ ਮੈਂ ਪੁਲਿਸ ਬਣੂੰ ਕਦੇ ਜੱਜ। ਇੱਕ ਵਾਰ ਅੱਠਵੀਂ ਕਲਾਸ Golden Earth Global School ‘ਚ ਪੜ੍ਹਦੀ ਰੀਤ ਨੂੰ ਮੈਂ ਪੁੱਛਿਆ “ਰੀਤੇ ਪੁੱਤ ਵੱਡਾ ਹੋਕੇ ਕੀ ਬਣੇਂਗਾ? ਰੀਤਾ ਕਹਿੰਦਾ “ਮੈਂ ਤਾਂ ਕਨੇਡਾ ਜਾਊਂ” ਮੈਂ ਕਿਹਾ “ਮਾਰੂੰ ਕੰਨ ਤੇ ਸਾਲ਼ਾ ਕੁਤੜਾ, ਟੱਪਿਆ ਤੂੰ ਕਦੇ ਰੋਸ਼ਨਵਾਲ਼ਾ ਨੀਂ ਕਨੇਡਾ ਜਾਏਂਗਾ”।ਰੀਤ ਕਹਿੰਦੀ “ਡੈਡੀ ਸਾਰੀ ਧਰਤੀ ਦਾ ਪੀਣ ਆਲ਼ਾ ਪਾਣੀ 20% ਕੱਲੇ ਕਨੇਡਾ ਕੋਲ਼ ਐ”।ਮੈਂ ਰੀਤ ਨੂੰ ਗੋਦੀ ਚੱਕਿਆ ਤੇ ਗਲ਼ ਨਾਲ਼ ਲਾਕੇ ਕਿਹਾ “ਅੱਛਾ ਪੁੱਤ ਤੂੰ ਪੀਣ ਆਲ਼ੇ ਪਾਣੀ ਨੂੰ ਵੀ ਤਰਸ ਗਿਆ?
ਦੋਸਤੋ ਇਹ ਸਾਰੀ ਕਹਾਣੀ ਮੇਰੀ ਕੱਲੇ ਦੀ ਨੀਂ ਹਰੇਕ ਓਸ ਮਾਂ ਬਾਪ ਦੀ ਐ ਜੀਹਨੇਂ ਬੱਚੇ ਪੈਦਾ ਕਰਕੇ ਵੱਡੇ ਕੀਤੇ ਨੇਂ। ਉੱਪਰਲਾ ਪਹਿਰਾ ਸਿਰਫ਼ ਏਸ ਕਰਕੇ ਲਿਖਿਐ ਕਿ ਤੁਸੀਂ ਸਮਝ ਸਕੋਂ ਵੀ ਮਾਪਿਆਂ ਵਾਸਤੇ ਬੱਚੇ ਕਿੰਨੇਂ ਪਿਆਰੇ ਹੁੰਦੇ ਨੇਂ।
ਅੱਜ ਰੀਤ ਨੂੰ ਕਨੇਡਾ ਗਈ ਨੂੰ ਅੱਠ ਮਹੀਨੇਂ ਬਾਰਾਂ ਦਿਨ ਹੋਗੇ। ਕਈ ਦਿਨਾਂ ਤੋਂ ਲੱਖੇ ਸਿਧਾਣੇ ਦੀਆਂ ਵੀਡੀਓਜ਼ ਦੇਖਦਾਂ ਜੀਹਦੇ ‘ਚ ਉਹ ਕਹਿ ਰਿਹੈ “ਪੰਜਾਬੀਓ ਤੁਸੀਂ ਡਾਲਰਾਂ ਦੇ ਲਾਲਚ ‘ਚ ਜਵਾਕ ਕਨੇਡਾ, ਅਮਰੀਕਾ ਤੇ ਆਸਟ੍ਰੇਲੀਆ ਭੇਜੀ ਜਾਨੇਂ ਓਂ”। ਬੜਾ ਮਨ ਦੁਖੀ ਹੁੰਦੈ ਜਦੋਂ “ਲਾਲਚ” ਸ਼ਬਦ ਸੁਣਨਾਂ ਪੈਂਦੈ।ਲੋਕ ਕਹਿੰਦੇ ਨੇਂ ਲੱਖਾ ਗੈਂਗਸਟਰ ਸੀ ਪਰ ਮੈਂ ਉਹਦਾ ਸੁਧਰਿਆ ਰੂਪ ਈ ਦੇਖਿਐ।ਜਦੋਂ ਕਦੇ ਜੀਅ ਕਰਦੈ ਵੀ ਲੱਖੇ ਨੂੰ ਜਵਾਬ ਦੇਵਾਂ ਤਾਂ ਅੱਖਾਂ ਅੱਗੇ ਇਹੀ ਆਉਂਦੈ ਵੀ ਉਹ ਆਪ ਤੇ ਉਹਦੇ ਨਾਲ਼ਦੇ ਗਾਲ਼ਾਂ ਈ ਕੱਢਣਗੇ।
ਪਰ ਜੀਅ ਬਹੁਤ ਕਰਦੈ ਵੀ ਉਹਨੂੰ ਦੱਸਾਂ ਰੱਬ ਦਿਆ ਬੰਦਿਆ ਜਿਹੜੇ ਲੋਕ ਪੱਲਿਓਂ ਪੱਚੀ ਪੱਚੀ ਲੱਖ ਲਾਕੇ ਅਪਣੇ ਜਿਗਰ ਦੇ ਟੁਕੜਿਆਂ ਨੂੰ ਬਾਹਰ ਭੇਜਦੇ ਨੇਂ ਉਹ ਲਾਲਚੀ ਨੀਂ ਸਗੋਂ ਮਜਬੂਰ ਨੇਂ।ਲਾਲਚੀ ਉਹ ਹੁੰਦੈ ਜਿਹੜਾ ਪਹਿਲਾਂ ਪੈਸੇ ਲਵੇ, ਉਹ ਨੀਂ ਜਿਹੜਾ ਜ਼ਮੀਨ, ਘਰ,ਪਲਾਟ ਵੇਚੇ ਜਾਂ ਕਰਜ਼ਾ ਲਵੇ।ਜੀਅ ਤਾਂ ਮੇਰਾ ਵੀ ਕਰਦੈ ਵੀ ਇਹ ਕਹਾਂ ਕਿ ਲਾਲਚੀ ਲੋਕ ਪਹਿਲਾਂ ਸਿਆਸੀ ਲੋਕਾਂ ਦੀਆਂ ਤਲ਼ੀਆਂ ਚੱਟਦੇ ਨੇਂ ਜਦੋਂ ਉਹੀ ਲੀਡਰ ਇਹਨਾਂ ਨੂੰ ਜੇਲ੍ਹ ਦਖਾਉਂਦੇ ਨੇਂ ਫ਼ੇਰ ਇਹ ਸਮਾਜ ਸੇਵੀ ਬਣ ਜਾਂਦੇ ਨੇਂ ਪਰ ਨਹੀਂ ਮੈਂ ਏਸ ਪੱਧਰ ਤੇ ਜਾਣਾਂ ਨੀਂ ਚਹੁੰਦਾ ਜਾਂ ਕਹਿਲੋ ਮੈਨੂੰ ਇਹਨਾਂ ਤੋਂ ਡਰ ਲਗਦੈ।
ਲੱਖੇ ਮੈਂ ਵੀ ਤੇਰੇ ਰੋਡ ਸ਼ੋਅ ‘ਚ ਸ਼ਾਮਲ ਹੋਇਆ ਸੀ ਜਦਕਿ ਸੰਗਰੂਰ ਤੋਂ ਅਸੀਂ ਆਪ ਦੇ ਸਮਰਥਕ ਸੀ ਤੇ ਤੇਰੇ ਹਲਕੇ ਚੋਂ ਤੇਰੇ।
ਜਦੋਂ ਬਾਈ ਤੂੰ ਭੈੜਾ ਜਿਹਾ ਮੂੰਹ ਕਰਕੇ ਇਹ ਕਹਿਨੈਂ ਵੀ “ਪੰਜਾਬੀਓ ਥੋਡੀਆਂ ਕੁੜੀਆਂ ਕਨੇਡਾ,ਆਸਟ੍ਰੇਲੀਆ ਤੇ ਅਮਰੀਕਾ ਜਾਕੇ ਪੱਬਾਂ ‘ਚ ਦਾਰੂ ਪੀਂਦੀਆਂ ਨੇਂ,ਦੇਹ ਵਪਾਰ ਕਰਦੀਆਂ ਨੇਂ, ਆਹ ਕਰਦੀਆਂ ਨੇਂ ਔਹ ਕਰਦੀਆਂ ਨੇਂ ਬੜਾ ਮਨ ਦੁਖੀ ਹੁੰਦੈ ਮੈਂ ਕਿਸੇ ਦੀ ਧੀਅ ਨੂੰ ਕਿਉਂ ਕਹਾਂ? ਮੈਨੂੰ ਤਾਂ ਮੇਰੀ ਰੀਤ ਦਾ ਚਿਹਰਾ ਈ ਦਿਖਦੈ। ਲੱਖੇ ਯਾਰ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾਂ ਕਿ ਤੈਨੂੰ ਤੇਰੇ ਬੱਚੇ ਕਦੇ ਵਿਦੇਸ਼ ਨਾਂ ਭੇਜਣੇਂ ਪੈਣ।ਭਰਾਵਾ ਮੈਨੂੰ ਇਹ ਤਾਂ ਪਤੈ ਵੀ ਤੇਰਾ ਜਿਗਰਾ ਮੇਰੇ ਨਾਲ਼ੋਂ ਕਈ ਗੁਣਾਂ ਵੱਡੈ ਪਰ ਜਿਹੜੇ ਹਿਸਾਬ ਨਾਲ਼ ਤੂੰ ਪੰਜਾਬ ਤੇ ਪਜਾਬੀਆਂ ਲਈ ਚਿੰਤਾ ਤੇ ਫ਼ਿਕਰ ਪਰਗਟ ਕਰਦੈਂ ਜੇ ਇਹ ਵਾਕਿਆ ਈ ਸੱਚਾ ਫ਼ਿਕਰ ਐ ਤਾਂ ਮੈਨੂੰ ਇਹ ਕਹਿਣ ‘ਚ ਕੋਈ ਹਰਜ ਨੀਂ ਕਿ ਜਿਹੜਾ ਬੰਦਾ ਭਾਵਨਾਤਮਕ ਤੌਰ ਤੇ ਐਨਾਂ ਗੰਭੀਰ ਹੋ ਸਕਦੈ ਉਹ ਕਿਸੇ ਦੀ ਧੀਅ ਭੈਣ ਬਾਰੇ ਐਨੇਂ ਕੈੜੇ ਤੇ ਗੰਦੇ ਸ਼ਬਦ ਨੀਂ ਵਰਤ ਸਕਦਾ।

Total Views: 735 ,
Real Estate