ਪੰਜਾਬ ਦੀ ਬੱਸ

ਰਣਦੀਪ ਸਿੰਘ ਰਾਓ

ਰਣਦੀਪ ਸਿੰਘ ਰਾਓ

ਪਟਿਆਲ਼ੇ ਤੋਂ ਅਮ੍ਰਿਤਸਰ ਦਾ ਤਕਰੀਬਨ 500 ਕਿਲੋਮੀਟਰ(ਸਾਰੇ ਪੰਜਾਬ ਚੋਂ ਘੁੰਮ ਘੁਮਾਅ ਕੇ) ਦਾ ਸਫ਼ਰ। 70 ਸਾਲ ਦਾ ਡਰਾਈਵਰ ਲੋਕਾਂ ਨੂੰ ਮਿਨਤਾਂ ਕਰਕੇ ਤੇ ਇਹ ਕਹਿਕੇ ਕਿ ਮੇਰਾ ਆਖਰੀ ਚੱਕਰ ਐ ਮੈਂ ਥੋਨੂੰ ਬਹੁਤ ਵਧੀਆ ਯਾਤਰਾ ਕਰਵਾਊਂ ਬੱਸ ਦੀ ਸੀਟ ਤੇ ਬੈਠਿਆ ਤੇ ਬੱਸ ਲੈ ਤੁਰਿਆ।ਸਵਾਰੀਆਂ ਚਾਈਂ ਚਾਈਂ ਸੀਟਾਂ ਤੇ ਬੈਠੀਆਂ। ਜਦੋਂ ਕਲੱਚ ਛੱਡਿਆ ਝਟਕੇ ਤੋਂ ਈ ਦੋ ਚਾਰ ਸਵਾਰੀਆਂ ਨੇੰ ਅੰਦਾਜ਼ਾ ਲਾਇਆ ਕਿ ਇਹ ਡਰਾਈਵਰ ਨੀਂ ਪਾਰ ਲਾਉਂਦਾ। ਉਹਨਾਂ ਨੇਂ ਨਾਲ਼ ਬੈਠਿਆਂ ਨੂੰ ਅਗਾਹ ਕਰਨਾਂ ਚਾਹਿਆ ਪਰ ਕਿਸੇ ਨੇਂ ਗੱਲ ਨਾਂ ਗੌਲ਼ੀ।ਬੱਸ ਦਾ ਕੈਬਿਨ ਏ ਸੀ ਤੇ fully automatic ਹੋਣ ਕਰਕੇ ਸਾਰਾ ਕੰਟਰੋਲ ਡਰਾਈਵਰ ਦੇ ਕੋਲ਼ ਸੀ। ਨਾਂ ਕੋਈ ਕੰਡਕਟਰ ਨਾਂ ਕੋਈ ਖਲਾਸੀ। ਕੁਛ ਸਮਝਦਾਰ ਸਵਾਰੀਆਂ ਘੁਸਰ ਮੁਸਰ ਕਰਦੀਆਂ ਰਹੀਆਂ ਕਿ ਡਰਾਈਵਰ ਦੇ ਲੱਛਣ ਠੀਕ ਨੀਂ ਲੱਗਦੇ ਪਰ ਉਹਨਾਂ ਦੀ ਸੁਣੇਂ ਕੌਣ? ਡਰਾਈਵਰ ਦੇ headphone ਲੱਗੇ ਹੋਏ ਸੀ ਤੇ ਪਾਕਿਸਤਾਨੀ ਸੰਗੀਤ ਦੀ ਮਸਤੀ ‘ਚ ਸਵਾਰੀਆਂ ਦਾ ਰੌਲ਼ਾ ਮੱਦਮ ਹੁੰਦਾ ਗਿਆ।ਥੱਕ ਟੁੱਟ ਕੇ ਸਵਾਰੀਆਂ ਅਪਣੀਆਂ ਅਪਣੀਆਂ ਸੀਟਾਂ ਤੇ ਸੌਂਗੀਆਂ। ਤਕਰੀਬਨ ਅੱਧਾ ਸਫ਼ਰ ਨਿੱਬੜਿਆ ਤੇ ਇੱਕ ਸਲਵਾਰ ਆਲ਼ੀ ਸਵਾਰੀ ਉੱਠੀ ਤੇ ਤਾੜੀਆਂ ਮਾਰਨ ਲੱਗੀ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਡਰਾਈਵਰ ਨੀਂ ਕਿਤੇ ਬੱਸ ਰੋਕਦਾ ਮੈਨੂੰ ਤਾਂ ਲਗਦੈ ਇਹ ਸਾਨੂੰ ਕਿਤੇ ਪਾਕਿਸਤਾਨ ਨੂੰ ਈ ਨਾਂ ਲੈਜੇ।ਲਾਲਾ ਲਾਲਾ ਹੋਈ ਦੋ ਚਾਰ ਹੋਰ ਉੱਠੇ ਤੇ ਰੌਲ਼ਾ ਪਾਉਣ ਲੱਗੇ ਕਿ ਸਾਨੂੰ ਭੁੱਖ ਲੱਗੀ ਐ ਕਿਸੇ ਢਾਬੇ ਤੇ ਰੋਕੋ ਪਰ ਡਰਾਈਵਰ ਨੂੰ ਕਿਸੇ ਦੀ ਭੁੱਖ ਨਾਲ਼ ਕੀ? ਉਹਦੇ ਕੈਬਨ ‘ਚ ਲੱਗੇ ਫ਼ਰਿੱਜ ‘ਚ ਚੀਕੂ ਤੇ ਸੀਤਾਫ਼ਲ਼ ਦਾ ਕੋਟਾ ਪੂਰਾ ਸੀ।
ਸਵਾਰੀਆਂ ਨੇਂ ਰਾਏ ਕੀਤੀ ਤੇ ਦਿੱਲੀ ਦੇ ਟਰਾਂਸਪੋਰਟਰ ਨੂੰ ਫ਼ੋਨ ਲਾਇਆ ਤੇ ਡਰਾਈਵਰ ਦੀ ਸਾਰੀ ਕਰਤੂਤ ਦੱਸੀ ਪਰ ਟਰਾਂਸਪੋਰਟਰ ਨੇਂ ਅੱਗਿਓਂ ਇਹ ਕਹਿਕੇ ਫ਼ੋਨ ਕੱਟਤਾ ਕਿ ਇਹ ਸਾਡਾ ਸਭ ਤੋਂ ਪੁਰਾਣਾਂ ਤੇ ਵਫ਼ਾਦਾਰ ਬੰਦੈ ਚੁੱਪ ਕਰਕੇ ਸਫ਼ਰ ਕਰੋ ਜਾਂ ਬੱਸ ਚੋਂ ਉੱਤਰਜੋ। ਸਵਾਰੀਆਂ ਫ਼ੇਰ ਚੁੱਪ ਕਰਕੇ ਬੈਠੀਆਂ ਤੇ ਡਰਾਈਵਰ ਅਪਣੀ ਮਸਤੀ ‘ਚ ਬੱਸ ਚਲਾਉਂਦਾ ਰਿਹਾ।
ਜਿਉਂ ਜਿਉਂ ਸਫ਼ਰ ਲੰਘਦਾ ਗਿਆ ਤਿਉਂ ਤਿਉਂ ਭੁੱਖੀਆਂ ਪਿਆਸੀਆਂ ਤੇ ਡਰਾਈਵਰ ਤੋਂ ਦੁਖੀ ਸਵਾਰੀਆਂ ਦੀ ਗਿਣਤੀ ਵੀ ਵਧਦੀ ਗਈ। ਤਾੜੀਆਂ ਮਾਰਨ ਆਲ਼ੀ ਸਵਾਰੀ ਨੇਂ ਖੜ੍ਹੀ ਹੋ ਕੇ ਸਾਰਿਆਂ ਤੋਂ ਪੁੱਛਿਆ ਵੀ ਥੋਡੇ ‘ਚੋਂ ਕਿਸੇ ਨੂੰ ਬੱਸ ਚਲਾਉਣੀਂ ਆਉਂਦੀ ਐ? ਤਾਂ ਤਿੰਨ ਚਾਰ ਹੱਥ ਖੜ੍ਹੇ ਹੋਏ ਤੇ ਉਹਨਾਂ ਚੋਂ ਕੋਈ ਕਹੇ ਸਾਡੀ ਬਹੁਤ ਪੁਰਾਣੀ ਟਰਾਂਸਪੋਰਟ ਐ ਮੈਂ ਚਲਾਊਂ, ਕੋਈ ਕਹੇ ਸਾਡੇ ਟਰੱਕ ਟਰਾਲੇ ਨੇਂ ਮੈਂ ਚਲਾਊਂ ਪਰ ਤਜੁਰਬਾ ਕਿਸੇ ਕੋਲ਼ ਨੀਂ ਸੀ।ਤਾਂ ਸਾਰਿਆਂ ਨੇਂ ਰਾਏ ਕੀਤੀ ਕਿ ਆਪਾਂ ਆਪਸ ‘ਚ ਲੜਨ ਦੀ ਵਜਾਏ ਟਰਾਂਸਪੋਰਟਰ ਨੂੰ ਇੱਕ ਵਾਰ ਫ਼ੇਰ ਪੁੱਛ ਲਈਏ ਕੀ ਪਤੈ ਮੰਨ ਈ ਜਾਵੇ ਹੁਣ ਤਾਂ ਸਫ਼ਰ ਵੀ ਥੋੜ੍ਹਾ ਈ ਰਹਿ ਗਿਆ।
ਆਪਸੀ ਸਹਿਮਤੀ ਬਣੀਂ ਤੇ ਟਰਾਂਸਪੋਰਟਰ ਨਾਲ਼ ਗੱਲ ਕੀਤੀ ਤੇ ਅੱਗਿਓਂ ਭਲੇ ਵੇਲ਼ੇ ਨੂੰ ਟਰਾਂਸਪੋਰਟਰ ਦਾ ਵੀ ਦਮਾਗ ਕੰਮ ਕਰ ਗਿਆ ਕਿ ਅਜੇ ਚੱਕਰ ਹੋਰ ਵੀ ਲਾਉਣੇਂ ਨੇਂ ਡਰਾਈਵਰ ਦਾ ਕੀ ਐ ਉਹ ਤਾਂ ਕਿਸੇ ਹੋਰ ਕੰਪਨੀ ‘ਚ ਵੀ ਕੰਮ ਕਰਲੂ।
ਟਰਾਂਸਪੋਰਟਰ ਨੇਂ ਡਰਾਈਵਰ ਨੂੰ ਫ਼ੋਨ ਕੀਤਾ ਤੇ ਅਗਲੇ ਢਾਬੇ ਤੇ ਬੱਸ ਰੋਕਣ ਲਈ ਕਿਹਾ ਤੇ ਉੱਥੇ ਕੰਪਨੀ ਦੇ ਬੰਦੇ ਭੇਜਕੇ ਮਸਲਾ ਸੁਲਝਾਉਣ ਲਈ ਕਿਹਾ।ਕੰਪਨੀ ਦੇ ਬੰਦੇ ਨੇਂ ਡਰਾਈਵਰ ਬਦਲਨ ਦੀ ਗੱਲ ਕੀਤੀ ਪਹਿਲਾਂ ਤਾਂ ਡਰਾਈਵਰ ਕਹਿਣ ਲੱਗਿਆ ਕਿ ਮੈਂ ਬੱਸ ਦੀਆਂ ਚਾਬੀਆਂ ਨੀਂ ਦੇਣੀਆਂ ਜਦੋਂ ਟਰਾਂਸਪੋਰਟਰ ਨੇਂ ਗਿੱਦੜ ਧਮਕੀ ਦਿੱਤੀ ਤਾਂ ਚਾਬੀਆਂ ਮੇਜ ਤੇ ਰੱਖਕੇ ਮੰਜੇ ਤੇ ਮੂੱਧਾ ਲਿਟ ਗਿਆ।
ਹੁਣ ਵੱਡਾ ਮੁੱਦਾ ਇਹ ਸੀ ਕਿ ਬੱਸ ਚਲਾਊ ਕੌਣ?
ਕੋਈ ਕਹੇ “ਅੱਗੇ ਗੁਰੂ ਕੀ ਨਗਰੀ ਆ ਰਹੀ ਐ ਬੰਦਾ ਪੱਗ ਆਲ਼ਾ ਚਾਹੀਦੈ ” ਕੋਈ ਕਹੇ “ਬੰਦਾ ਪੜ੍ਹਿਆ ਲਿਖਿਆ ਲੱਗਣਾਂ ਚਾਹੀਦੈ” ਤਾੜੀਆਂ ਆਲ਼ੀ ਕਹੇ ਮੈਂ ਚਲਾਊਂ ਉਹਨੂੰ ਇੱਕ ਬੰਦਾ ਕਹਿੰਦਾ ਬਹਿਜਾ ਬਹਿਜਾ ਤੈਂ ਤਾਂ ਪਟਿਆਲ਼ੇ ਕਾਰ ਚਲਾਉਂਦੀ ਨੇਂ ਬੰਦਾ ਮਾਰਤਾ ਸੀ ਬੱਸ ਕਿੱਥੋਂ ਚਲਾਲੇਂਗੀ?ਅਖੀਰ ਨੂੰ ਕੰਪਨੀ ਦਾ ਬੰਦਾ ਉੱਠਿਆ ਤੇ ਪਿੱਛੇ ਜਿਹੇ ਬੈਠੇ ਇੱਕ ਬੰਦੇ ਨੂੰ ਬਾਹੋਂ ਫੜ ਕੇ ਲੈ ਆਇਆ ਤੇ ਸਭ ਨੂੰ ਕਿਹਾ ਕਿ ਬੱਸ ਇਹ ਬੰਦਾ ਈ ਚਲਾਊ। ਪਰ ਉਹ ਵਿਚਾਰਾ ਡਰਦਾ ਡਰਦਾ ਕਹਿਣ ਲੱਗਿਆ “ਜੀ ਮੈਂ ਤਾਂ ਇੱਕ ਰਿਕਸ਼ਾ ਚਲਾਣੇਂ ਆਲ਼ਾ ਬੰਦਾ ਮੈਂ ਕੀਕਣ ਚਲਾਊਂ ਬੱਸ?” ਕੰਪਨੀ ਦਾ ਬੰਦਾ ਕਹਿੰਦਾ ਘਬਰਾਓ ਨਾਂ ਥੋਨੂੰ ਨਾਲ਼ ਦੋ ਕੰਡਕਟਰ ਮਿਲ਼ਨਗੇ। ਸਾਰਿਆਂ ਨੇਂ ਸਮਾਂ ਖ਼ਰਾਬ ਨਾਂ ਕਰਦਿਆਂ ਹਾਮੀ ਭਰੀ ਤੇ ਉੱਠ ਖੜ੍ਹੇ ਹੋਏ।ਨਵੇਂ ਤੇ ਅਣਜਾਣ ਡਰਾਈਵਰ ਨੇਂ ਬੱਸ ਅੱਗੇ ਲੱਗੀ ਬਾਬੇ ਦੀ ਫ਼ੋਟੋ ਨੂੰ ਮੱਥਾ ਟੇਕਿਆ ਤੇ ਜਕਦੇ ਜਕਾਉਂਦੇ ਨੇਂ ਗੇਅਰ ਮਾਰਿਆ। ਕੰਪਨੀ ਦੇ ਬੰਦੇ ਨੇਂ ਮੰਜੇ ਤੇ ਮੂਧੇ ਪਏ ਪੁਰਾਣੇਂ ਡਰਾਈਵਰ ਨੂੰ ਹਾਕ ਮਾਰੀ ਚਲ ਬਈ ਜਾਕੇ ਚੁੱਪ ਕਰਕੇ ਪਿਛਲੀ ਸੀਟ ਤੇ ਬਹਿਜਾ ਤੇ ਫ਼ਾਲਤੂ ਰੌਲ਼ਾ ਨਾਂ ਪਾਈਂ।
ਹੁਣ ਸਵਾਰੀਆਂ ਇੱਕ ਦੂਜੇ ਨਾਲ਼ ਗੱਲਾਂ ਕਰਦੀਆਂ ਕਹਿ ਰਹੀਆਂ ਸੀ ਚਲੋ ਕੋਈ ਨਾਂ ਜੇ ਡਰਾਈਵਰ ਨਵੈਂ ਤਾਂ ਬੱਸ ਵੀ ਡਰਕੇ ਚਲਾਊ ਤੇ ਹੌਲ਼ੀ ਹੌਲ਼ੀ ਟ੍ਰੇਂਡ ਹੋਜੂ।
ਪਿਛਲੀ ਸੀਟ ਤੇ ਬੈਠਾ ਪਹਿਲਾ ਡਰਾਈਵਰ ਫ਼ੋਨ ਤੇ ਹੋਰ ਕਿਸੇ ਕੰਪਨੀ ਨਾਲ਼ ਸੰਪਰਕ ਸਾਧ ਰਿਹਾ ਸੀ ਤੇ ਦੂਜੀਆਂ ਸਵਾਰੀਆਂ ਨੂੰ ਸੁਣਾਕੇ ਕਹਿ ਰਿਹਾ ਸੀ ” ਹਾਂ ਹਾਂ ਦੇਖਦਾਂ ਇਹ ਬੱਸ ਕਿੱਥੇ ਤੱਕ ਜਾਊ ਇੰਜਣ ਇਹਦਾ ਗਿਆ ਖੜ੍ਹੈ ਕਲੱਚ ਤੇ ਗੇਅਰ ਦਾ ਇਹਦਾ ਕੰਮ ਹੋਣ ਆਲ਼ੈ ਇਹ ਨੀਂ ਪਤਾ financier ਕਦੋਂ ਫ਼ੜਕੇ ਲੈਜਾਣ ਆਪਾਂ ਤਾਂ ਹੁਣ ਕੰਪਨੀ ਬਦਲ ਈ ਲੈਣੀਂ ਐ।
😉😉😉

Total Views: 329 ,
Real Estate