ਲੋਕਾਂ ਦੀ ਮੁਕਤੀ ਲਈ ਪੱਤਰਕਾਰੀ ਦਾ ਚਾਨਣ-ਮੁਨਾਰਾ ਸ਼ਹੀਦ ਭਗਤ ਸਿੰਘ

ਆਓ ਸ਼ਹੀਦ ਭਗਤ ਸਿੰਘ ਤੋਂ ਸਿੱਖੀਏ ਲੋਕ ਪੱਖੀ ਪੱਤਰਕਾਰੀ ਕਿਵੇਂ ਕੀਤੀ ਜਾਵੇ???

ਸ਼ਹਾਦਤ ਸਮੇਂ ਸ਼ਹੀਦ ਭਗਤ ਸਿੰਘ 23 1/2 ਸਾਲਾਂ ਦਾ ਨੌਜਵਾਨ ਸੀ ਅਤੇ ਆਮ ਲੋਕਾਂ ਦੀ ਨਿਗਾਹ ਵਿਚ ਵੀ ਭਗਤ ਸਿੰਘ ਇਕ ਜੋਸ਼ੀਲਾ ਅਤੇ ਵਿਦਰੋਹੀ ਨੌਜਵਾਨ ਸੀ, ਇਸੇ ਕਾਰਨ ਉਸ ਦੀ ਸਭ ਤੋਂ ਪ੍ਰਚਲਿਤ ਤਸਵੀਰ ਹੱਥ ਵਿੱਚ ਫੜੇ ਪਿਸਤੌਲ ਨਾਲ ਹੀ ਮਸ਼ਹੂਰ ਹੋਈ ਹੈ। ਨੌਜਵਾਨ ਪੀੜੀ ਦੇ ਮਨਾ ਵਿੱਚ ਵਸਿਆ ਭਗਤ ਸਿੰਘ ਇਸੇ ਅਕਸ ਵਾਲਾ ਹੀ ਹੈ। ਰਹਿੰਦੀ ਕਸਰ ਮੀਡੀਆ ਨੇ ਪੂਰੀ ਵੀ ਕਰ ਦਿੱਤੀ ਹੈ, ਮੀਡੀਆ ਵੱਲੋਂ ਵਿਆਪਕ ਤੌਰ ‘ਤੇ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ ਭਗਤ ਸਿੰਘ “ਇੱਕ ਨਿਡਰ, ਰੌਸ਼ਨ ਦਿਮਾਗ਼ ਅਤੇ ਮੋਹਰੀ ਪੱਤਰਕਾਰ ਵੀ ਸੀ।” ਸ਼ਹੀਦ ਭਗਤ ਸਿੰਘ ਸਥਾਪਤੀ ਵਿਰੋਧੀ ਪੱਤਰਕਾਰੀ ਦਾ ਇੱਕ ਚਾਨਣ ਮੁਨਾਰਾ, ਪੱਤਰਕਾਰਾਂ ਲਈ ਪ੍ਰੇਰਨਾ ਦਾ ਸਰੋਤ, ਉਨ੍ਹਾਂ ਦੀ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਦੀ ਭੁੱਖ ਅਤੇ ਗਿਆਨ ਵਿੱਚ ਵਾਧੇ ਦੀ ਲਾਲਸਾ ਦਾ ਪ੍ਰਤੀਕ ਹੈ। ਇਸ ਤੋਂ ਵੀ ਅੱਗੇ ਜੇ ਕਿਹਾ ਜਾਵੇ ਤਾਂ ਗਿਆਨ, ਬੁੱਧੀ ਅਤੇ ਖ਼ੋਜੀ ਪੱਤਰਕਾਰੀ ਵਿੱਚ ਨਿਰਪੱਖਤਾ ਦੀ ਜਿਦ, ਭਗਤ ਸਿੰਘ ਦਾ ਅਸਲ ਮਨੋਰਥ ਹੋ ਨਿੱਬੜਿਆ। ਹਾਲਾਂਕਿ ਆਮ ਤੌਰ ‘ਤੇ ਭਗਤ ਸਿੰਘ ਨੂੰ ਸਿਰਫ਼ ਆਜ਼ਾਦੀ ਦੇ ਅੰਦੋਲਨ ਦੇ ਇੱਕ ਨਿਡਰ ਸ਼ਹੀਦ ਵਜੋਂ ਦੇਖਿਆ ਅਤੇ ਜਾਣਿਆ ਜਾਂਦਾ ਹੈ,  ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਦੀ ਪੱਤਰਕਾਰ ਵਜੋਂ ਪਹਿਚਾਣ ਹੀ ਸੀ ਜੋ ਉਨ੍ਹਾਂ ਦੀ ਆਲੋਚਨਾਤਮਿਕ ਸੋਚ, ਕਾਰਜ ਅਤੇ ਖ਼ੁਦ ਨੂੰ ਕੁਰਬਾਨ ਕਰਨ ਦੀ ਬੁਨਿਆਦ ਸੀ, ਜੋ ਇੱਕ ਪੱਤਰਕਾਰ ਦੇ ਰੂਪ ਵਿੱਚ ਖ਼ਾਸ ਤੌਰ ‘ਤੇ ਇੱਕ ਵਚਨਬੱਧ ਅਤੇ ਬਹੁ-ਭਾਸ਼ਾਈ ਪੱਤਰਕਾਰ ਵਜੋਂ ਪਹਿਚਾਣ ਸੀ। ਉਨ੍ਹਾਂ ਮੁੱਖ ਤੌਰ ‘ਤੇ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਲਿਖਿਆ। ਉਨ੍ਹਾਂ ਨੇ ਉਸ ਵੇਲੇ ਦੇ ਰਾਜਨੀਤਿਕ ਮੁੱਦਿਆਂ ਉਪਰ ਕਈ ਖ਼ੂਬਸੂਰਤ ਅਤੇ ਜਾਨਦਾਰ ਲਿਖਤਾਂ ਲਿਖੀਆਂ ਜੋ ਸਮਾਜਿਕ ਮਾਹੌਲ ਨੂੰ ਵੀ ਚਾਰਜ ਕਰਦੀਆਂ ਸਨ ਅਤੇ ਸੱਤਾ ਉਪਰ ਵੱਡੇ ਸਵਾਲ ਵੀ ਖੜੇ ਕਰਦੀਆਂ ਸਨ।

ਇੱਕ ਨੌਜਵਾਨ, ਉੱਭਰਦੇ ਪੱਤਰਕਾਰ ਦੇ ਰੂਪ ਵਿੱਚ ਜਦੋਂ ਉਹ ਕਾਨਪੁਰ ਪਹੁੰਚਿਆ, ਉਸ ਸਮੇਂ ਦੇ ਮਸ਼ਹੂਰ ਮੀਡੀਆ ਪ੍ਰਤਾਪ ਦੇ ਨਾਲ ਇੱਕ ਅਪ੍ਰੈਂਟਿਸ (ਸਿੱਖਿਆਰਥੀ) ਵਜੋਂ ਕੰਮ ਸ਼ੁਰੂ ਕੀਤਾ ਅਤੇ ਪ੍ਰਤਾਪ ਦੇ ਸੰਪਾਦਕ ਗਣੇਸ਼ ਸ਼ੰਕਰ ਵਿਦਿਆਰਥੀ ਤੋਂ ਛੋਟੀ ਉਮਰ ਵਿੱਚ ਪੱਤਰਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਇੱਕ ਛੋਟੇ, ਰਚਨਾਤਮਿਕ, ਸਾਰਥਕ ਪੱਤਰਕਾਰੀ ਦੇ ਪੜਾਅ ਵਿੱਚ ਉਨ੍ਹਾਂ ਨੇ ਪ੍ਰਤਾਪ, ਵੀਰ ਅਰਜੁਨ, ਕਿਰਤੀ, ਮਹਾਂਰਥੀ, ਚਾਂਦ, ਪ੍ਰਭਾ, ਅਕਾਲੀ, ਮਤਵਾਲਾ, ਬੰਦੇ ਮਾਤਰਮ ਸਮੇਤ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਪ੍ਰਕਾਸ਼ਿਤ ਹੋਣ ਵਾਲੇ ਵੱਡੇ ਅਤੇ ਮਾਣਮੱਤੇ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜੇ ਰਹਿਣ ਸਮੇਂ ਉਨ੍ਹਾਂ ਵੱਖਰੀ-ਵੱਖਰੀ ਹੈਸੀਅਤ ਵਿੱਚ ਕੰਮ ਕੀਤਾ। ਇਹ ਬੇਹੱਦ ਦੁਖਦਾਈ ਹੈ ਕਿ ਇੱਕ ਪੱਤਰਕਾਰ ਵਜੋਂ ਭਗਤ ਸਿੰਘ ਦੀਆਂ ਵਧੀਆ ਰਚਨਾਵਾਂ ਦਾ ਮਹੱਤਵਪੂਰਨ ਹਿੱਸਾ ਅਣਗੌਲ਼ਿਆ ਹੀ ਰਹਿ ਗਿਆ ਹੈ। ਇਸ ਦੀ ਮੁੱਖ ਵਜ੍ਹਾ ਰਹੀ ਕਿ ਉਨ੍ਹਾਂ ਨੇ ਜ਼ਿਆਦਾਤਰ ‘ਕਲਮੀ ਨਾਮ ਹੇਠ ਲਿਖਿਆ’, ਸਭ ਤੋਂ ਜ਼ਿਆਦਾ ਮਸ਼ਹੂਰ ਹੈ ‘ਵਿਦਰੋਹੀ’, ‘ਬੀ.ਐੱਸ. ਸਿੰਧੂ’ ਅਤੇ ‘ਬਲਵੰਤ ਸਿੰਘ’। ਉਨ੍ਹਾਂ ਦੀਆਂ ਬਹੁਤੀਆਂ ਲਿਖਤਾਂ ਅਣ-ਲਿਖਿਤ ਇਤਿਹਾਸ ਵਿੱਚ ਗੁਆਚ ਗਈਆਂ ਹਨ। ਉਨ੍ਹਾਂ ਦੇ ਪੱਤਰਕਾਰੀ ਜੀਵਨ ਦਾ ਵੱਡਾ ਹਿੱਸਾ ਭੂਮੀਗਤ ਸੀ ਅਤੇ ਜਿਸ ਕਾਰਨ ਦਮਨਕਾਰੀ, ਬੇਰਹਿਮ ਬ੍ਰਿਟਿਸ਼ ਸਾਮਰਾਜ ਤੋਂ ਬਚਣ ਲਈ, ਉਨ੍ਹਾਂ ਨੇ ਆਪਣੀ ਪਛਾਣ ਲੁਕਾ ਕੇ ਹੀ ਰੱਖੀ ਸੀ। ਉਨ੍ਹਾਂ ਨੇ ਸੀਨੀਅਰ ਸੰਪਾਦਕ ਦੀ ਭੂਮਿਕਾ ਵੀ ਨਿਭਾਈ, ਕਿਰਤੀ ਦੀ ਸੰਪਾਦਕੀ ਟੀਮ ਵਿੱਚ ਸੇਵਾ ਕੀਤੀ, ਇੱਕ ਤਜਰਬੇਕਾਰ ਅਤੇ ਪੇਸ਼ੇਵਾਰ ਪੱਤਰਕਾਰ ਵਜੋਂ ਕੰਮ ਕੀਤਾ ਅਤੇ ਪ੍ਰਗਤੀਸ਼ੀਲ ਵਿਚਾਰਾਂ ਦਾ ਬਹੁਤ ਜ਼ੋਰਦਾਰ ਪ੍ਰਚਾਰ ਕੀਤਾ। ਭਗਤ ਸਿੰਘ ਨੇ ਸਥਾਪਤੀ-ਵਿਰੋਧੀ ਭਾਰਤੀ ਪੱਤਰਕਾਰੀ ਨੂੰ ਆਦਰਸ਼ਵਾਦ, ਦ੍ਰਿੜ੍ਹ ਵਿਸ਼ਵਾਸ ਅਤੇ ਨੈਤਿਕ ਤੰਦਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਭਾਰਤ ਦੇ ਅਜਿਹੇ ਆਜ਼ਾਦੀ ਘੁਲਾਟੀਆਂ ਦੇ ਰੂਪ ਵਿੱਚ, ਜਿਨ੍ਹਾਂ ਨੇ ਢੇਰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਵੱਖ-ਵੱਖ ਭਾਸ਼ਾਵਾਂ ਵਿੱਚ ਛੋਟੇ-ਮੋਟੇ ਅਖ਼ਬਾਰ ਚਲਾਏ ਸਨ।

ਭਗਤ ਸਿੰਘ ਨੇ 1927 ਵਿੱਚ ਕਿਰਤੀ ਵਿੱਚ ਪ੍ਰਕਾਸ਼ਿਤ ਆਪਣੇ ਇਤਿਹਾਸਕ ਲੇਖ, ‘ਕਾਕੋਰੀ ਦੇ ਨਾਇਕਾਂ ਦੀ ਜਾਣ-ਪਛਾਣ” ਦੇ ਸਿਰਲੇਖ ਨਾਲ ਦੇਸ਼ ਦੇ ਕੁਲੀਨ ਵਰਗ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਹਾਲਾਂਕਿ ਦੂਜੇ ਪਾਸੇ ਇਸ ਲੇਖ ਨੇ ਦੇਸ਼ ਦੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਅਤੇ ਦੇਸ਼ ਭਰ ਵਿੱਚ ਭਾਰੀ ਸਨਸਨੀ ਦਾ ਇੱਕ ਸਰੋਤ ਬਣ ਗਿਆ ਸੀ। ਇੱਕ ਹੋਰ ਲੇਖ, ‘ਆਜ਼ਾਦੀ ਕੀ ਭੇਟ ਸ਼ਹਾਦਤ’ ਲੋਕਾਂ ਲਈ ਰੈਡੀਕਲ ਰਾਜਨੀਤੀ ਦੇ ਜਾਣਕਾਰੀ ਭਰਪੂਰ, ਸਿੱਖਿਆਦਾਇਕ ਮਾਨਵਤਾਵਾਦੀ, ਪਰਿਵਰਤਨਸ਼ੀਲ ਅਤੇ ਰਚਨਾਤਮਿਕ ਪਹਿਲੂਆਂ ਦਾ ਇੱਕ ਸ਼ਾਨਦਾਰ ਲੇਖ ਸੀ। ਕੋਲਕਾਤਾ ਤੋਂ ‘ਮਤਵਾਲਾ’ ਵਿੱਚ ਦੋ ਭਾਗਾਂ ਵਿੱਚ ਛਪਿਆ ਉਨ੍ਹਾਂ ਦੇ ਲੇਖ ‘ਵਿਸ਼ਵ-ਪ੍ਰੇਮ’ ਨੂੰ ਵੀ ਬਹੁਤ ਹੁੰਗਾਰਾ ਮਿਲਿਆ ਸੀ ਅਤੇ ਮਕਬੂਲ ਹੋਇਆ ਸੀ। ਬਰਤਾਨਵੀ ਸਰਕਾਰ ਵੱਲੋਂ ਪਾਬੰਦੀਸ਼ੁਦਾ ‘ਚਾਂਦ’ ਮੈਗਜ਼ੀਨ ਦੇ ਇਤਿਹਾਸਕ ਅੰਕਾਂ ਵਿੱਚ ਭਗਤ ਸਿੰਘ ਦੇ ਬਹੁਤ ਸਾਰੇ ਲੇਖ ਛਪੇ ਸਨ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਉੱਪਰ ਬਹੁਤ ਪ੍ਰਭਾਵ ਪਾਇਆ ਸੀ। ਉਪਰੋਕਤ ਬਿਰਤਾਂਤ ਤੋਂ ਇਹ ਸਪਸ਼ਟ ਹੈ ਕਿ ਭਗਤ ਸਿੰਘ ਦਾ ਪੱਤਰਕਾਰੀ ਕੈਰੀਅਰ ਅਜ਼ਾਦੀ ਦੀ ਲਹਿਰ ਦੇ ਸੰਘਣੇ ਦੌਰ ਵਿੱਚ ਭਾਰਤੀ ਪੱਤਰਕਾਰੀ ਦਾ ਸਭ ਤੋਂ ਆਦਰਸ਼ਕ ਅਤੇ ਸ਼ਾਨਦਾਰ ਅਧਿਆਇ ਸੀ। ਉਨ੍ਹਾਂ ਦਾ ਪੱਤਰਕਾਰੀ ਦਾ ਜਨੂਨ ਜੇਲ੍ਹ ਵਿੱਚ ਵੀ ਜਾਰੀ ਰਿਹਾ, ਜਿੱਥੋਂ ਉਨ੍ਹਾਂ ਦੀਆਂ ਚਿੱਠੀਆਂ, ਲੇਖ ਅਤੇ ਵਿਚਾਰ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਰਹੇ। ਜੇਲ੍ਹ ਵਿੱਚੋਂ ਉਨ੍ਹਾਂ ਦੀਆਂ ਸਿਆਸੀ, ਦਾਰਸ਼ਨਿਕ ਅਤੇ ਪੱਤਰਕਾਰੀ ਦੀਆਂ ਪ੍ਰਕਾਸ਼ਿਤ ਲਿਖਤਾਂ ਵਿੱਚ ਸ਼ਾਮਲ ਹਨ, ‘ਮੈਂ ਨਾਸਤਿਕ ਕਿਉਂ ਹਾਂ’, ‘ਨੌਜਵਾਨ ਸਿਆਸੀ ਵਰਕਰਾਂ ਨੂੰ ਪੱਤਰ’, ‘ਜੇਲ੍ਹ ਡਾਇਰੀ’। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਲਿਖੇ ਹੋਰ ਅਨੇਕਾਂ ਵਿਚਾਰ ਅਤੇ ਰਚਨਾਵਾਂ ਪ੍ਰਕਾਸ਼ਿਤ ਨਹੀਂ ਹੋ ਸਕੇ ਹਨ, ਜਿਨ੍ਹਾਂ ਵਿੱਚੋਂ ਕੁਝ ਹਨ “ਸਵੈ-ਜੀਵਨੀ”, “ਸਮਾਜਵਾਦ ਦਾ ਆਦਰਸ਼”, “ਭਾਰਤ ਵਿੱਚ ਇਨਕਲਾਬੀ ਸੰਘਰਸ਼”, “ਮੌਤ ਦੇ ਦਰਵਾਜ਼ੇ ’ਤੇ” ਹਨ। ਭਗਤ ਸਿੰਘ ਨੇ ਸਚਿੰਦਰ ਨਾਥ ਸਾਨਿਆਲ ਦੀ ਆਤਮਕਥਾ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ, (ਬੰਦੀ ਦੀ ਜੀਵਨੀ) ਅਤੇ ਪੰਜਾਬੀਆਂ ਵਿੱਚ ਆਜ਼ਾਦੀ ਲਈ ਕੁਰਬਾਨੀ ਦੀ ਲਹਿਰ ਪੈਦਾ ਕੀਤੀ, ਜਦੋਂ ਉਹ ਅਜੇ ਪ੍ਰਤਾਪ ਨਾਲ ਕੰਮ ਕਰ ਰਹੇ ਸੀ। ਇੱਕ ਹੋਰ ਸਵੈ-ਜੀਵਨੀ ਜਿਸ ਦਾ ਉਨ੍ਹਾਂ ਨੇ ਹਿੰਦੀ ਵਿੱਚ ਅਨੁਵਾਦ ਕੀਤਾ ਸੀ ਉਹ ਇੱਕ ਆਇਰਿਸ਼ ਕ੍ਰਾਂਤੀਕਾਰੀ ਡੈਨ ਬ੍ਰੀਨ ਦੀ ਸੀ, “ਆਇਰਿਸ਼ ਆਜ਼ਾਦੀ ਲਈ ਮੇਰੀ ਲੜਾਈ”। ਭਗਤ ਸਿੰਘ ਪੱਤਰਕਾਰੀ ਵਿੱਚ ਸ਼ਾਨਦਾਰ ਕੰਮ ਕਰ ਰਿਹਾ ਸੀ ਅਤੇ ਬਿਨਾਂ ਪੱਖਪਾਤ ਦੇ ਬਾਹਰਮੁਖੀ ਰਿਪੋਰਟਿੰਗ ਲਈ ਹਮੇਸ਼ਾ ਸੱਚ ਉਪਰ ਪਹਿਰਾ ਦਿੱਤਾ। ਉਨ੍ਹਾਂ ਨੇ ਉਸ ਸਮੇਂ ਦਿੱਲੀ ਵਿੱਚ ਹੋਏ ਦੰਗਿਆਂ ਦੀ ਕਵਰੇਜ ਵਿੱਚ ਇਹ ਸਾਬਤ ਵੀ ਕੀਤਾ ਸੀ। ਉਨ੍ਹਾਂ ਨੂੰ ਦੰਗਿਆਂ ਬਾਰੇ ਇੱਕ ਖ਼ੋਜੀ ਕਵਰੇਜ ਲਈ ਨਿਯੁਕਤ ਕੀਤਾ ਗਿਆ ਸੀ। ਗਣੇਸ਼ ਸ਼ੰਕਰ ਵਿਦਿਆਰਥੀ, ਜੋ ਪਾਠਕਾਂ ਦੇ ਸਾਹਮਣੇ ਅਸਲ ਤਸਵੀਰ ਰੱਖਣਾ ਚਾਹੁੰਦੇ ਸੀ ਅਤੇ ਭਗਤ ਸਿੰਘ ਨੇ ਸੰਪਾਦਕ ਦੀ ਤਸੱਲੀ ਲਈ ਆਪਣਾ ਕੰਮ ਕੀਤਾ। ਦਿੱਲੀ ਦੰਗਿਆਂ ਬਾਰੇ ਇਹ ਲੇਖ ਸਮਾਨਤਾਵਾਦ ਦੇ ਹੱਕ ਵਿੱਚ ਸੁਤੰਤਰਤਾ ਅੰਦੋਲਨ ਨੂੰ ਵਿਚਾਰਧਾਰਕ ਮੋੜ ਦੇਣ ਦਾ ਇੱਕ ਸਾਧਨ ਸਾਬਤ ਹੋਇਆ। ਉੱਥੇ ਭਗਤ ਸਿੰਘ ਦੇ ਦਿੱਲੀ ਆਉਣ ਤੋਂ ਬਾਅਦ, ‘ਵੀਰ ਅਰਜੁਨ’ ਅਖ਼ਬਾਰ ਨਾਲ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਇੱਕ ਤਿੱਖੇ ਰਿਪੋਰਟਰ ਅਤੇ ਇੱਕ ਵਿਚਾਰਕ ਲੇਖਕ ਵਜੋਂ ਆਪਣੀ ਪਛਾਣ ਬਣਾਈ। 15 ਮਾਰਚ, 1926 ਨੂੰ ਉਨ੍ਹਾਂ ਨੇ ਇੱਕ ਲੇਖ ਲਿਖਿਆ, “ਹੋਲੀ ਕੇ ਦਿਨ ਰਕਤ ਕੇ ਛਿੱਟੇ”, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਸਿਵਲ ਨਾਫ਼ਰਮਾਨੀ ਅੰਦੋਲਨ ਬਾਰੇ ਕਹਾਣੀ ਲਿਖੀ, “ਸਿਵਲ ਨਾਫ਼ਰਮਾਨੀ ਆਪਣੇ ਸਿਖਰ ‘ਤੇ” ਅਤੇ ਪੰਜਾਬ ਸਭ ਤੋਂ ਅੱਗੇ। ਪੰਜਾਬ ਵਿੱਚ ਸਿੱਖ ਉੱਠ ਰਹੇ ਹਨ, ਉਨ੍ਹਾਂ ਵਿੱਚ ਬਹੁਤ ਜਨੂਨ ਹੈ। ਅਕਾਲੀ ਲਹਿਰ ਸ਼ੁਰੂ ਹੋ ਗਈ ਹੈ। ਕੁਰਬਾਨੀਆਂ ਦਾ ਦੌਰ ਜਾਰੀ ਹੈ। ਉਨ੍ਹਾਂ ਨੇ ਕਾਕੋਰੀ ਸਾਜ਼ਸ਼ ਦੇ ਸੂਰਬੀਰ ਸੁਤੰਤਰਤਾ ਸੈਨਾਨੀਆਂ ਦੇ ਸਨਮਾਨ ਵਿੱਚ ਇੱਕ ਲੇਖ ਵੀ ਲਿਖਿਆ, ਜੋ ਜਨਵਰੀ 1928 ਵਿੱਚ ‘ਕਿਰਤੀ’ ਵਿੱਚ ‘ਵਿਦਰੋਹੀ’ ਦੇ ਨਾਮ ਹੇਠ ਛਪਿਆ ਸੀ ਅਤੇ ਉਨ੍ਹਾਂ ਨੂੰ ਸਲਾਮ ਕਰਦਿਆਂ ਕਿਹਾ ਸੀ, ‘ਅਸੀਂ ਹੌਕਾ ਭਰਦੇ ਹਾਂ ਅਤੇ ਸਮਝਦੇ ਹਾਂ ਕਿ ਸਾਡਾ ਫ਼ਰਜ਼ ਪੂਰਾ ਹੋ ਗਿਆ ਹੈ। “ਸਾਨੂੰ ਸੇਕ ਦਾ ਅਹਿਸਾਸ ਨਹੀਂ ਹੁੰਦਾ। ਅਸੀਂ ਤਰਸਦੇ ਨਹੀਂ ਹਾਂ। ਅਸੀਂ ਅੰਦਰੋਂ ਬਹੁਤ ਮਰ ਚੁੱਕੇ ਹਾਂ। ਉਹ ਭੁੱਖ ਹੜਤਾਲ ‘ਤੇ ਹਨ। ਉਹ ਦਰਦ ਵਿੱਚ ਹਨ ਅਤੇ ਅਸੀਂ ਸਿਰਫ਼ ਦੇਖ ਰਹੇ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਤਾਕਤ ਦੇਵੇ ਅਤੇ ਉਹ ਜੇਲ੍ਹ ਵਿੱਚ ਆਪਣਾ ਸਮਾਂ ਪੂਰਾ ਕਰਨ ਅਤੇ ਉਨ੍ਹਾਂ ਦੀ ਕੁਰਬਾਨੀ ਸਾਰਥਕ ਹੈ।” ਭਗਤ ਸਿੰਘ ਦਾ ਇੱਕ ਹੋਰ ਲੇਖ ਫਰਵਰੀ 1928 ਵਿੱਚ, “ਯੁੱਗ ਪਲਟਣ ਵਾਲਾ ਅਗਨੀਕੁੰਡ”, ਪੰਜਾਬ ਦੇ ਮਲੇਰਕੋਟਲਾ ਵਿਖੇ ਗੋਲੀਆਂ ਨਾਲ ਉਡਾ ਦਿੱਤੇ ਗਏ 66 ਕੂਕਿਆਂ ਦੀ ਸ਼ਹਾਦਤ ਬਾਰੇ ਸੀ। ਮਾਰਚ 1928 ਤੋਂ ਅਕਤੂਬਰ 1928 ਤੱਕ ਉਨ੍ਹਾਂ ਨੇ “ਆਜ਼ਾਦੀ ਕੀ ਭੇਟ ਸ਼ਹਾਦਤ” ਸਿਰਲੇਖ ਹੇਠ ਇੱਕ ਲੜੀ ਲਿਖੀ ਅਤੇ ਇਸ ਲੜੀ ਵਿੱਚ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਬਾਰੇ ਲਿਖਦੇ ਹੋਏ ਉਨ੍ਹਾਂ ਨੇ ਲਿਖਿਆ, “ਮਦਨ ਲਾਲ ਫਾਂਸੀ ਦੇ ਕੋਲ ਖੜ੍ਹਾ ਸੀ” ਅਤੇ ਉਨ੍ਹਾਂ ਦੇ ਅੰਤਿਮ ਸ਼ਬਦ ਸਨ ‘ਵੰਦੇ ਮਾਤਰਮ’ ਭਾਰਤ ਮਾਂ ਨੂੰ ਸਲਾਮ! ਉਸ ਦੀ ਲਾਸ਼ ਨੂੰ ਜੇਲ੍ਹ ਵਿੱਚ ਹੀ ਦਫ਼ਨਾਇਆ ਗਿਆ। ਅਸੀਂ ਭਾਰਤੀ ਉਸ ਦਾ ਸਸਕਾਰ ਵੀ ਨਹੀਂ ਕਰ ਸਕੇ। ਧੰਨ ਹੈ ਉਹ ਬਹਾਦਰ। ਧੰਨ ਹੈ ਉਸ ਦੀ ਯਾਦ। ਇਸ ਮਰੇ ਹੋਏ ਦੇਸ਼ ਦੇ ਅਣਮੁੱਲੇ ਨਾਇਕ ਨੂੰ ਬਹੁਤ ਬਹੁਤ ਸਲਾਮ। ਜੇਲ੍ਹ ਤੋਂ ਉਸ ਨੇ ਵੰਦੇ ਮਾਤਰਮ ਲਈ ‘ਪੰਜਾਬ ਦਾ ਪਿਆਰਾ ਉਭਾਰ’ ਲੇਖ ਲਿਖਿਆ। ਦਲਿਤਾਂ ਬਾਰੇ ਵੀ ਭਗਤ ਸਿੰਘ ਨੇ ਲਿਖਿਆ, ‘ਜਦੋਂ ਤੁਸੀਂ ਉਨ੍ਹਾਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕਰੋਗੇ, ਤਾਂ ਉਹ ਯਕੀਨੀ ਤੌਰ ‘ਤੇ ਦੂਜੇ ਧਰਮਾਂ ਨੂੰ ਅਪਣਾ ਲੈਣਗੇ। ਉਨ੍ਹਾਂ ਧਰਮਾਂ ਵਿੱਚ ਉਨ੍ਹਾਂ ਨੂੰ ਵਧੇਰੇ ਅਧਿਕਾਰ ਮਿਲਣਗੇ। ਉਨ੍ਹਾਂ ਨੂੰ ਇਨਸਾਨਾਂ ਵਾਂਗ ਸਮਝਿਆ ਜਾਵੇਗਾ। ਫਿਰ ਇਹ ਕਹਿਣਾ ਬੇਕਾਰ ਹੋਵੇਗਾ ਕਿ ਇਸਾਈ ਅਤੇ ਮੁਸਲਮਾਨ ਹਿੰਦੂ ਭਾਈਚਾਰੇ ਦਾ ਨੁਕਸਾਨ ਕਰ ਰਹੇ ਹਨ। ਸ਼ਹੀਦ ਭਗਤ ਸਿੰਘ ਦੀ ਇਹ ਲਿਖਤ ਅੱਜ ਵੀ ਬਹੁਤ ਸਾਰਥਿਕ ਹੈ, ਅੱਜ ਵੀ ਇਹੀ ਹੋ ਰਿਹਾ ਹੈ। ਇਸ ਤਰ੍ਹਾਂ ਅਜਿਹੇ ਪ੍ਰਮੁੱਖ ਮੁੱਦਿਆਂ ਨੂੰ ਨਿਡਰਤਾ ਨਾਲ ਕੇਂਦਰਿਤ ਕਰਕੇ ਭਗਤ ਸਿੰਘ ਨੇ ਪੱਤਰਕਾਰ ਵਜੋਂ ਵੀ ਆਪਣੀਆਂ ਲਿਖਤਾਂ ਰਾਹੀਂ ਲੋਕਾਂ ਦੇ ਮਨਾਂ ‘ਤੇ ਬਹੁਤ ਪ੍ਰਭਾਵ ਪਾਇਆ। ਪੱਤਰਕਾਰੀ ਦੇ ਖੇਤਰ ਵਿੱਚ ਉਪਰੋਕਤ ਮਹਾਨ ਯੋਗਦਾਨ ਦੇ ਬਾਵਜੂਦ, ਅਸੀਂ ਖੋਜ ਦੀ ਘਾਟ ਕਾਰਨ, ਸੁਤੰਤਰਤਾ ਸੰਗਰਾਮ ਦੇ ਔਖੇ ਸਮਿਆਂ ਵਿੱਚ ਇੱਕ ਮੋਹਰੀ ਪੱਤਰਕਾਰ ਵਜੋਂ ਭਗਤ ਸਿੰਘ ਦੀ ਅਹਿਮ ਭੂਮਿਕਾ, ਉਹਨਾਂ ਵੱਲੋਂ ਅਪਣਾਈਆਂ ਚਾਲਾਂ ਅਤੇ ਰਣਨੀਤੀਆਂ ਨੂੰ ਅਣਡਿੱਠ ਕਰਦੇ ਰਹੇ। ਇਹ ਕੁਤਾਹੀ ਅੱਜ ਦੇ ਭਾਰਤੀ ਪੱਤਰਕਾਰਾਂ ਲਈ ਬਹੁਤ ਵੱਡਾ ਘਾਟਾ ਹੈ। ਹਾਲਾਂਕਿ ਇਹ ਇੱਕ ਸਾਧਾਰਨ ਕੁਤਾਹੀ ਨਹੀਂ ਹੈ, ਸਗੋਂ ਇਹ ਇੱਕ ਡਿਜ਼ਾਈਨ ਹੈ, ਜਿਸ ਨੇ  ਭਾਰਤੀ ਪ੍ਰੈੱਸ ਦਾ ਇਤਿਹਾਸ ਰਾਸ਼ਟਰਵਾਦ ਦੀ ਵਿਚਾਰਧਾਰਕ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਹੈ, ਜਿਸ ਕਾਰਨ ਭਗਤ ਸਿੰਘ, ਗਣੇਸ਼ ਸ਼ੰਕਰ ਵਿਦਿਆਰਥੀ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ ਅਤੇ ਬੀ.ਆਰ. ਅੰਬੇਦਕਰ ਦਾ ਭਾਰਤੀ ਸਮਾਜ ਦੇ ਲੋਕਾਂ ਖ਼ਾਸ ਕਰਕੇ ਵਾਂਝੇ ਅਤੇ ਨੀਵੀਂਆਂ ਜਾਤਾਂ ਦੇ ਲੋਕਾਂ ਦੀ ਮੁਕਤੀ ਦੇ ਮੁੱਦੇ ਅਤੇ ਰੂਪ-ਰੇਖਾ ਬਾਰੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਅਤੀਤ ਦੇ ਮਲਬੇ ਵਿੱਚ ਦੱਬਿਆ ਗਿਆ ਹੈ। ਇਸ ਸਭ ਦੇ ਬਾਵਜੂਦ, ਮੌਜੂਦਾ ਚੁਨੌਤੀਆਂ ਦੇ ਸਾਹਮਣੇ ਘੱਟੋ-ਘੱਟ ਇਹ ਸਪਸ਼ਟ ਹੈ ਕਿ ਸਿਆਸੀ ਦਮਨ ਦੇ ਸਮੇਂ ਦੌਰਾਨ, ਪੱਤਰਕਾਰੀ ਦੀ ਕਲਾ ਰਾਹੀਂ, ਪੂਰੀ ਸ਼ਕਤੀ ਨਾਲ ਸੱਚ ਬੋਲਣ ਦਾ ਇੱਕ “ਇਤਿਹਾਸਕ ਮਹੱਤਵ” ਵਾਲਾ ਕੰਮ ਹੈ। ਸ਼ੋਸ਼ਿਤ ਜਨਤਾ ਦੇ ਹੱਕ ਵਿੱਚ ਸਿਆਸੀ ਦਖ਼ਲਅੰਦਾਜ਼ੀ ਨੂੰ ਤਾਕਤ ਦੇਣਾ ਹੈ। ਸਪਸ਼ਟ ਹੈ ਕਿ ਅੱਜ ਦੇ ਸਮੇਂ ਵਿੱਚ ਜਦੋਂ ਮੁੱਖ ਧਾਰਾ ਮੀਡੀਆ ਦੇ ਵੱਖ-ਵੱਖ ਵਰਗ ਆਮ ਤੌਰ ‘ਤੇ ਅਤੇ ਕੁਝ ਟੈਲੀਵਿਜ਼ਨ ਚੈਨਲ ਖ਼ਾਸ ਤੌਰ ‘ਤੇ ਝੂਠਾ ਪ੍ਰਚਾਰ ਅਤੇ ਫ਼ਰਜ਼ੀ ਖ਼ਬਰਾਂ ਫੈਲਾਉਂਦੇ ਹਨ, ਦਿਨੋਂ-ਦਿਨ ਫ਼ਿਰਕਾਪ੍ਰਸਤੀ ਦਾ ਜ਼ਹਿਰ ਛਿੜਕਦੇ ਹਨ, ਜੋ ਸਾਡੇ ਧਰਮ ਨਿਰਪੱਖ ਸਮਾਜਿਕ ਤਾਣੇ-ਬਾਣੇ ਨੂੰ ਢਾਹ ਲਾ ਰਿਹਾ ਹੈ। ਭਗਤ ਸਿੰਘ ਵੱਲੋਂ ਪੱਤਰਕਾਰੀ ਦਾ ਗਿਆਨ ਅਤੇ ਸਮਝ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਇਹਨਾਂ ਤੱਥਾਂ ਅਤੇ ਵਰਤਮਾਨ ਦੀ ਕੌੜੀ ਹਕੀਕਤ ਦੇ ਮੱਦੇਨਜ਼ਰ, ਸ਼ਹੀਦ ਭਗਤ ਸਿੰਘ ਵੱਲੋਂ ਕੀਤੇ ਗਏ ਵਡਮੁੱਲੇ ਕਾਰਜਾਂ ਨੂੰ ਸੰਕਲਿਤ ਕਰਨ ਅਤੇ ਪੱਤਰਕਾਰੀ ਦੇ ਸਾਡੇ ਪਾਠਕ੍ਰਮ ਅਤੇ ਗਿਆਨ ਪ੍ਰਣਾਲੀ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਕਿਉਂਕਿ ਇਹ ਅਜੇ ਵੀ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਲ-ਨਾਲ ਮੀਡੀਆ ਦੀ ਆਜ਼ਾਦੀ ਦੀ ਹਾਮੀ ਭਰਦਾ ਹੈ। ਇਹ ਨਾ ਸਿਰਫ਼ ਪੱਤਰਕਾਰੀ ਨੂੰ ਬਚਾਏਗਾ, ਸਗੋਂ ਅਨੇਕਤਾ ਵਿੱਚ ਏਕਤਾ ਦੇ ਸਾਡੇ ਸ਼ਾਨਦਾਰ ਸਿਧਾਂਤ ਨੂੰ ਕਾਇਮ ਰੱਖਣ ਲਈ ਵੀ ਅੱਗੇ ਵਧੇਗਾ। ਕੋਈ ਸ਼ੱਕ ਨਹੀਂ ਕਿ ਅਸੀਂ ਪੱਤਰਕਾਰ ਵਜੋਂ ਭਗਤ ਸਿੰਘ ਤੋਂ ਸਿੱਖ ਸਕਦੇ ਹਾਂ। ਲੋਕ ਵਿਰੋਧੀ ਦਮਨਕਾਰੀ ਸਰਕਾਰੀ ਤੰਤਰ ਵੱਲੋਂ ਸਾਡੇ ਕੰਮਾਂ ਵਿੱਚ ਰੁਕਾਵਟਾਂ ਤੋਂ ਬਚਦੇ ਹੋਏ ਲੋਕਾਂ ਲਈ ਲਿਖਣ ਦੀ ਕਲਾ ਦਾ ਇਕ ਨਮੂਨਾ ਪੇਸ਼ ਕਰ ਸਕਦੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਅੱਜ ਦੇ ਸਮਾਗਮ ਵਿੱਚ ਮੌਜੂਦ ਪੱਤਰਕਾਰ ਖ਼ਾਸਕਰ ਨਵੇਂ ਪੱਤਰਕਾਰ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਬਣਾ ਕੇ ਭਵਿੱਖ ਵਿੱਚ ਸ਼ਾਨਦਾਰ ਅਤੇ ਲੋਕ ਪੱਖੀ ਪੱਤਰਕਾਰੀ ਦਾ ਰਾਹ ਅਖ਼ਤਿਆਰ ਕਰਨਗੇ।

ਸੰਤੋਖ ਗਿੱਲ
ਸਕੱਤਰ ਜਨਰਲ,ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ

 

Total Views: 61 ,
Real Estate