ਸਰਕਾਰ ਨੇ ਲੋਕਾਂ ਦੇ ਨੋਟ ਜਰੂਰ ਚੌਗਣੇਂ ਕਰਤੇ…

ਰਣਦੀਪ ਸਿੰਘ ਰਾਓ

ਪਿਛਲੇ ਦਿਨੀਂ ਬੈਂਕ ਗਿਆ ਦੋ ਹਜ਼ਾਰ ਦੇ ਨੋਟ ਬਦਲਾਉਣ (ਇਹ ਨਾਂ ਪੁੱਛਿਓ ਕਿੰਨੇਂ ਨੋਟ)। ਖਜ਼ਾਨਚੀ ਨੇਂ ਇੱਕ ਨੂੰ ਚਾਰ ਨਾਲ਼ ਗੁਣਾਂ ਕਰਕੇ ਜਦੋਂ ਪੰਜ ਸੌ ਦੇ ਨੋਟ ਮੋੜੇ ਯਾਰਾਂ ਦੀ ਜੇਭ ਭਰਗੀ ਚਾਅ ਨਾਂ ਚੱਕਿਆ ਜਾਵੇ ਆਏਂ ਲੱਗੇ ਅੱਜ ਤਾਂ ਅਮੀਰ ਹੋਗੇ।ਆਉਂਦੇ ਆਉਂਦੇ 96-97 ਦੀ ਇੱਕ ਗੱਲ ਯਾਦ ਆਗੀ ਜਦੋਂ ਮੈਂ ਰਾਜ ਹਾਈ ਸਕੂਲ ‘ਚ ਪੜ੍ਹਦਾ ਸੀ ਤੇ ਚਾਚਾ ਜੀ ਕੋਲ਼ ਸੰਗਰੂਰ ਈ ਰਹਿੰਦਾ ਸੀ। Jatinder Rao ਅੱਜ ਕੱਲ੍ਹ ਤਾਂ ਕੈਲਗਰੀ ਰਹਿ ਰਿਹੈ ਸੁੱਖ ਨਾਲ਼ ਹੁਣ ਤਾਂ ਮੰਗਣੀਂ ਵੀ ਹੋਗੀ। ਓਦੋਂ ਅਸੀਂ ਇਹਨੂੰ ਪਿਆਰ ਨਾਲ਼ ਜਿੰਦੀ ਕਹਿੰਦੇ ਹੁੰਦੇ ਸੀ ਇਹ ਛੋਟਾ ਜਿਹਾ ਹੁੰਦਾ ਮੇਰੀ ਪੈਂਟ ਚੋਂ ਪੰਜਾਹ ਰੁਪਏ ਕੱਢਕੇ ਲੈ ਗਿਆ।ਸ਼ਾਇਦ ਹੋਵੇ ਵੀ ਇੱਕੋ ਨੋਟ ਮੇਰੇ ਕੋਲ਼।ਜਿੰਦੀ ਦੁਕਾਨ ਤੋਂ ਪੰਜ ਰੁਪਏ ਦੀਆਂ ਟੌਫ਼ੀਆਂ ਲਿਆਇਆ।ਜੇ ਕਿਤੇ ਓਦੋਂ ਮੋਦੀ ਸਾਬ ਪ੍ਰਧਾਨ ਮੰਤਰੀ ਹੁੰਦੇ ਤੇ 45 ਰੁਪਏ ਦਾ ਵੀ ਨੋਟ ਹੁੰਦਾ ਤਾਂ ਸ਼ਾਇਦ ਅੱਜ ਤੱਕ ਮੈਨੂੰ ਮੇਰੇ ਪੰਜਾਹਾਂ ਦੇ ਨੋਟ ਦਾ ਪਤਾ ਈ ਨਾਂ ਲੱਗਦਾ ਵੀ ਗਿਆ ਕਿੱਧਰ?ਜਦੋਂ ਜਿੰਦੀ ਨੂੰ ਦੁਕਾਨਦਾਰ ਨੇਂ ਖੁੱਲ੍ਹੇ ਪੈਸੇ ਮੋੜੇ ਜਿੰਦੀ ਵੀ ਬਾਹਾਂ ਚੌੜੀਆਂ ਕਰਕੇ 11 ਫੁੱਟ ਦੀ ਗਲ਼ੀ ਚੋਂ ਢਾਈ ਫੁੱਟ ਜਗ੍ਹਾ ਘੇਰਕੇ ਤੁਰਿਆ ਆਵੇ ਜਿਵੇਂ ਮੈਂ ਬੈਂਕ ਚੋਂ ਪੰਜ ਪੰਜ ਸੌ ਦੇ ਨੋਟ ਲੈਕੇ ਨਿੱਕਲ਼ਿਆ ਸੀ।ਜਿੰਦੀ ਘਰ ਆਕੇ ਮੈਨੂੰ ਕਹਿੰਦਾ “ਵੀਰੇ ਆਹ ਦੇਖ ਮੈਂ ਤੇਰੇ ਇੱਕ ਪੈਸੇ ਦੇ ਕਿੰਨੇਂ ਪੈਸੇ ਬਣਾਤੇ”। ਮੈਂ ਜਿੰਦੀ ਨੂੰ ਮੋਢਿਆਂ ਤੋਂ ਫ਼ੜਕੇ ਗੋਦੀ ਚੱਕ ਲਿਆ ਤੇ ਇੱਕ ਟੌਫ਼ੀ ਮੂੰਹ ‘ਚ ਪਾਲੀ।ਮੈਂ ਸੋਚਿਆ “ਆਉਂਦੇ ਜਿੰਦੀ ਦੀ ਟੌਫ਼ੀ ਓ ਸਹੀ”।ਹੁਣ ਐਵੀਂ ਨਾਂ ਤੁਸੀਂ ਕਹਿ ਦਿਓ ਵੀ “ਜਿੰਦੀ ਚੋਰ” ਫ਼ਿਲਮ ਵੀ ਏਸੇ ਘਟਨਾਂ ਤੋਂ ਬਾਅਦ ਬਣੀਂ ਸੀ।
ਬੈਂਕ ਤੋਂ ਮੁੜਦਾ ਮੈਂ ਇਹੀ ਸੋਚ ਰਿਹਾ ਸੀ ਵੀ ਦੋ ਹਜ਼ਾਰ ਦੇ ਨੋਟ ਬਦਲੀ ਆਲ਼ਾ ਫ਼ੈਸਲਾ ਠੀਕ ਈ ਐ ਜੇ ਸਰਕਾਰ ਆਮ ਜਨਤਾ ਦੀ ਆਮਦਣ ਦੁੱਗਣੀਂ ਨਹੀਂ ਕਰ ਸਕੀ ਤਾਂ ਕੀ ਐ? ਘੱਟੋ ਘੱਟ ਲੋਕਾਂ ਦੇ ਨੋਟ ਤਾਂ ਚੌਗਣੇਂ ਕਰ ਈ ਦਿੱਤੇ।

Total Views: 213 ,
Real Estate