AAP ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਅਹਿਮ ਫ਼ੈਸਲੇ ਲਏ ਗਏ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਗਤ ਨੂੰ ਫੈਸਲਾ ਸੁਣਾਉਂਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖ਼ਾਹੀਆ ਕਰਾਰ ਦੇਣ, ਜੀਵਨ ਸਿੰਘ ਬਗੀਚੀਵਾਲੇ ਦੇ ਪ੍ਰਚਾਰ ਅਤੇ ਕੀਰਤਨ ਕਰਨ ’ਤੇ ਰੋਕ ਲਗਾਉਣ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਮਰਹੂਮ ਭਾਈ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਧਰਮ ਵਿੱਚ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗ਼ਰੀਬ ਦੇ ਆਧਾਰ ’ਤੇ ਕਿਸੇ ਨਾਲ ਵਿਤਕਰਾ ਕਰਨ ਦੀ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਬਰਾਬਰਤਾ, ਭਾਈਚਾਰਕ ਸਾਂਝ ਅਤੇ ਆਪਸੀ ਸਤਿਕਾਰ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਲਈ ਖੁੱਲ੍ਹੇ ਹਨ।
ਉਨ੍ਹਾਂ ਦੱਸਿਆ ਕਿ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਸੰਸਥਾਵਾਂ ਬਾਰੇ ਕੀਤੀ ਗਈ ਬਿਆਨਬਾਜ਼ੀ ਸਬੰਧੀ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਗਿਆ। ਉਨ੍ਹਾਂ ਅਨੁਸਾਰ, ਆਮ ਆਦਮੀ ਪਾਰਟੀ ਨਾਲ ਸਬੰਧਤ ਵਿਧਾਇਕਾਂ ਅਤੇ ਆਗੂਆਂ ਦੇ ਵਫ਼ਦ ਨੇ ਵੀ ਮੰਨਿਆ ਕਿ ਜਾਤ ਦਾ ਮੁੱਦਾ ਜਾਣਬੁੱਝ ਕੇ ਉਠਾਇਆ ਗਿਆ ਸੀ ਅਤੇ ਉਸ ਦਿਨ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਇਸ ਮਾਮਲੇ ਵਿੱਚ ਗਿਆਸਪੁਰਾ ਨੂੰ ਤਨਖ਼ਾਹੀਆ ਕਰਾਰ ਦਿੰਦਿਆਂ ਸਿੱਖਾਂ ਨੂੰ ਉਨ੍ਹਾਂ ਨਾਲ ਸਾਂਝ ਰੱਖਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ।

Real Estate