ਸਰਕਾਰ ਨੂੰ ਪਹਿਲਵਾਨਾਂ ਨੇ ਦਿੱਤਾ 21 ਮਈ ਤੱਕ ਦਾ ਅਲਟੀਮੇਟਮ

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਜੰਤਰ ਮੰਤਰ ’ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਨੂੰ ਸਲਾਹ ਮਸ਼ਵਰਾ ਦੇਣ ਵਾਲੀ 31 ਮੈਂਬਰੀ ਕਮੇਟੀ ਨੇ ਅੱਜ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 21 ਮਈ ਤੱਕ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਸ ਨੂੰ ਕੋਈ ‘ਵੱਡਾ/ਅਹਿਮ ਫੈਸਲਾ’ ਲੈਣ ਲਈ ਮਜਬੂਰ ਹੋਣਾ ਪਏਗਾ। ਉਧਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੇ ਧਰਨੇ ਨੂੰ ਕਿਸਾਨ ਜਥੇਬੰਦੀਆਂ ਨਹੀਂ ਬਲਕਿ ਉਹ ਖ਼ੁਦ ਚਲਾ ਰਹੇ ਹਨ। ਉਨ੍ਹਾਂ ਧਰਨੇ ਦੀ ਕਮਾਨ ਕਿਸਾਨ ਜਥੇਬੰਦੀਆਂ ਦੇ ਹੱਥਾਂ ’ਚ ਜਾਣ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ, ਖਾਪ ਮਾਹਮ 24 ਦੇ ਮੁਖੀ ਮੇਹਰ ਸਿੰਘ ਤੇ ਸੰਯੁਕਤ ਕਿਸਾਨ ਮੋਰਚਾ(ਗੈਰ-ਸਿਆਸੀ) ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਮੰਚ ਸਾਂਝਾ ਕੀਤਾ। ਕਿਸਾਨ ਆਗੂ ਤੇ ਪਹਿਲਵਾਨ ਮਗਰੋਂ ਪੱਤਰਕਾਰਾਂ ਦੇ ਰੂਬਰੂ ਹੋਏ। ਟਿਕੈਤ ਨੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਖਾਪ ਪੰਚਾਇਤ ਤੇ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂ ਅੱਜ ਮੀਟਿੰਗ ਵਿਚ ਸ਼ਾਮਲ ਹੋੲੇ। ਅਸੀਂ ਫੈਸਲਾ ਕੀਤਾ ਹੈ ਕਿ ਹਰੇਕ ਖਾਪ ਦਾ ਮੈਂਬਰ ਰੋਜ਼ਾਨਾ ਧਰਨੇ ਵਾਲੀ ਥਾਂ ਆਏਗਾ। ਉਹ ਦਿਨ ਵੇਲੇ ਧਰਨੇ ਵਿੱਚ ਰਹਿਣਗੇ ਤੇ ਸ਼ਾਮ ਨੂੰ ਮੁੜ ਜਾਣਗੇ।’’ ਉਨ੍ਹਾਂ ਕਿਹਾ, ‘‘ਪਹਿਲਵਾਨਾਂ ਦੀ ਕਮੇਟੀ ਧਰਨੇ ਦੀ ਸਾਂਭ ਸੰਭਾਲ ਦਾ ਕੰਮ ਦੇਖੇਗੀ ਅਤੇ ਅਸੀਂ ਬਾਹਰੋਂ ਪਹਿਲਵਾਨਾਂ ਦੀ ਹਮਾਇਤ ਕਰਾਂਗੇ। ਅਸੀਂ 21 ਮਈ ਲਈ ਮੀਟਿੰਗ ਰੱਖੀ ਹੈ। ਜੇਕਰ ਸਰਕਾਰ ਨੇ ਉਦੋਂ ਤੱਕ ਕਿਸੇ ਹੱਲ ਦੀ ਪੇਸ਼ਕਸ਼ ਨਾ ਕੀਤੀ, ਅਸੀਂ ਆਪਣੀ ਨਵੀਂ ਰਣਨੀਤੀ ਘੜਾਂਗੇ।’’ ਟਿਕੈਤ ਨੇ ਕਿਹਾ, ‘‘ਜੇਕਰ ਇਸ ਦੌਰਾਨ ਕੋਈ ਐਮਰਜੈਂਸੀ ਹੋਈ, ਜੇਕਰ ਪਹਿਲਵਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਹੁੰਦੀ ਹੈ ਤਾਂ ਪੂਰਾ ਮੁਲਕ ਉਨ੍ਹਾਂ ਦੇ ਪਿੱਛੇ ਖੜ੍ਹਾ ਹੈ।’’

Total Views: 251 ,
Real Estate