ਗਾਜ਼ੀਪੁਰ ਦੀ ਇਕ ਅਦਾਲਤ ਨੇ ਗੈਂਗਸਟਰ-ਸਿਆਸਤਦਾਨ ਮੁਖ਼ਤਾਰ ਅੰਸਾਰੀ ਤੇ ਉਸ ਦੇ ਭਰਾ ‘ਬਸਪਾ’ ਸੰਸਦ ਮੈਂਬਰ ਅਫ਼ਜ਼ਲ ਅੰਸਾਰੀ ਨੂੰ 2007 ਦੇ ਗੈਂਗਸਟਰ ਐਕਟ ਦੇ ਇਕ ਕੇਸ ਵਿਚ ਕੈਦ ਦੀ ਸਜ਼ਾ ਸੁਣਾਈ। ਮੁਖ਼ਤਾਰ ਨੂੰ ਦਸ ਸਾਲ ਜਦਕਿ ਅਫ਼ਜ਼ਲ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਸਦ ਮੈਂਬਰਾਂ-ਵਿਧਾਇਕਾਂ ਲਈ ਕਾਇਮ ਵਿਸ਼ੇਸ਼ ਅਦਾਲਤ ਨੇ ਮੁਖ਼ਤਾਰ ਨੂੰ ਪੰਜ ਲੱਖ ਤੇ ਅਫ਼ਜ਼ਲ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ‘ਬਸਪਾ’ ਸੰਸਦ ਮੈਂਬਰ ਅਫ਼ਜ਼ਲ ਜੋ ਕਿ ਗਾਜ਼ੀਪੁਰ ਸੰਸਦੀ ਹਲਕੇ ਤੋਂ ਜਿੱਤਿਆ ਸੀ, ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਦਕਿ ਮੁਖ਼ਤਾਰ ਅੰਸਾਰੀ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ। ਇਸ ਫ਼ੈਸਲੇ ਤੋਂ ਬਾਅਦ ਅਫ਼ਜ਼ਲ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਹੋ ਸਕਦੀ ਹੈ। ਦੋ ਸਾਲ ਤੋਂ ਵੱਧ ਦੀ ਕੈਦ ਹੋਣ ਕਾਰਨ ਉਸ ਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ। ਹਾਲ ਹੀ ਵਿਚ ਹੋਈ ਸਜ਼ਾ ਕਾਰਨ ਕਾਂਗਰਸ ਮੈਂਬਰ ਰਾਹੁਲ ਗਾਂਧੀ, ਯੂਪੀ ਦੇ ਵਿਧਾਇਕਾਂ ਆਜ਼ਮ ਖਾਨ, ਅਬਦੁੱਲ੍ਾ ਆਜ਼ਮ ਤੇ ਵਿਕਰਮ ਸੈਣੀ (ਭਾਜਪਾ) ਨੂੰ ਅਯੋਗ ਠਹਿਰਾਇਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ 22 ਨਵੰਬਰ, 2007 ਨੂੰ ਅੰਸਾਰੀ ਭਰਾਵਾਂ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕੇਸ ਦਰਜ ਹੋਇਆ ਸੀ ਜਦਕਿ ਦੋਸ਼ 23 ਸਤੰਬਰ, 2022 ਨੂੰ ਤੈਅ ਹੋਏ ਸਨ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਵਿਚ ਆਪਣਾ ਫ਼ੈਸਲਾ ਰਾਖ਼ਵਾਂ ਰੱਖ ਲਿਆ ਸੀ। ਮੁਖ਼ਤਾਰ ਇਸ ਵੇਲੇ ਬਾਂਦਾ ਜੇਲ੍ਹ ਵਿਚ ਹੈ। ਇਹ ਮਊ ਸਦਰ ਹਲਕੇ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕਾ ਹੈ। ਮੁਖ਼ਤਾਰ ਅੰਸਾਰੀ ਨੇ 2022 ਦੀਆਂ ਚੋਣਾਂ ਨਹੀਂ ਲੜੀਆਂ ਸਨ।
ਅੰਸਾਰੀ ਤੇ ਉਸ ਦੇ MP ਭਰਾ ਨੂੰ 10 ਤੇ 4 ਸਾਲ ਦੀ ਹੋਈ ਕੈਦ
Total Views: 232 ,
Real Estate
















