ਪਹਿਲਵਾਨ ਵਿਨੇਸ਼ ਫੋਗਾਟ ਨੇ ਕ੍ਰਿਕਟਰਾਂ ਦੀ ਚੁੱਪ ‘ਤੇ ਚੁੱਕੇ ਸਵਾਲ, ‘ਹੁਣ ਕੀ ਹੋ ਗਿਆ?’

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮਾਮਲੇ ‘ਚ ਪਹਿਲਵਾਨ ਵਿਨੇਸ਼ ਫੋਗਾਟ ਨੇ ਭਾਰਤੀ ਕ੍ਰਿਕਟਰਾਂ ਅਤੇ ਹੋਰ ਖਿਡਾਰੀਆਂ ਦੀ ਚੁੱਪ ‘ਤੇ ਸਵਾਲ ਖੜ੍ਹੇ ਕੀਤੇ ਹਨ। ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਵਿਨੇਸ਼ ਫੋਗਾਟ ਨੇ ਕਿਹਾ, “ਪੂਰਾ ਦੇਸ਼ ਕ੍ਰਿਕਟ ਦੀ ਪੂਜਾ ਕਰਦਾ ਹੈ ਪਰ ਇੱਕ ਵੀ ਕ੍ਰਿਕਟਰ ਨੇ ਕੁਝ ਨਹੀਂ ਬੋਲਿਆ।” ”ਅਸੀਂ ਅਜਿਹਾ ਇਸ ਲਈ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਹੱਕ ‘ਚ ਬੋਲੋ, ਪਰ ਘੱਟੋ-ਘੱਟ ਆ ਕੇ ਇਹ ਤਾਂ ਕਹੋ ਕਿ ਇਨਸਾਫ਼ ਹੋਣਾ ਚਾਹੀਦਾ ਹੈ। ਇਸ ਨਾਲ ਮੈਨੂੰ ਬਹੁਤ ਦੁਖ ਹੁੰਦਾ ਹੈ। ਚਾਹੇ ਉਹ ਕ੍ਰਿਕਟਰ ਹੋਣ, ਬੈਡਮਿੰਟਨ ਖਿਡਾਰੀ, ਐਥਲੀਟ ਜਾਂ ਫਿਰ ਮੁੱਕੇਬਾਜ਼।” ਉਨ੍ਹਾਂ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦੀ ਉਦਾਹਰਣ ਦਿੰਦੇ ਹੋਏ ਕਿਹਾ, ”ਅਜਿਹਾ ਨਹੀਂ ਹੈ ਕਿ ਸਾਡੇ ਦੇਸ਼ ‘ਚ ਵੱਡੇ ਐਥਲੀਟ ਨਹੀਂ ਹਨ। ਅਜਿਹੇ ਵੀ ਕ੍ਰਿਕਟਰ ਹਨ, ਜਿਨ੍ਹਾਂ ਨੇ ਅਮਰੀਕਾ ‘ਚ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦੌਰਾਨ ਆਪਣਾ ਸਮਰਥਨ ਦਿਖਾਇਆ ਸੀ। ਕੀ ਅਸੀਂ ਇੰਨੇ ਕੁ ਵੀ ਲਾਇਕ ਨਹੀਂ ਹਾਂ?”ਵਿਨੇਸ਼ ਫੋਗਾਟ ਨੇ ਕਿਹਾ, “ਜਦੋਂ ਅਸੀਂ ਕੁਝ ਜਿੱਤਦੇ ਹਾਂ, ਤਾਂ ਤੁਸੀਂ ਸਾਨੂੰ ਵਧਾਈ ਦੇਣ ਲਈ ਅੱਗੇ ਆਉਂਦੇ ਹੋ। ਇੱਥੋਂ ਤੱਕ ਕਿ ਕ੍ਰਿਕਟਰ ਵੀ ਟਵੀਟ ਕਰਦੇ ਹਨ। ਹੁਣ ਕੀ ਹੋ ਗਿਆ? ਕੀ ਤੁਸੀਂ ਸਿਸਟਮ ਤੋਂ ਇੰਨਾ ਡਰਦੇ ਹੋ? ਜਾਂ ਹੋ ਸਕਦਾ ਹੈ ਕਿ ਉੱਥੇ ਵੀ ਕੁਝ ਗੜਬੜ ਚੱਲ ਰਹੀ ਹੋਵੇ?”

Total Views: 370 ,
Real Estate