
ਪੰਜਾਬ ਪੁਲਿਸ ਨੇ ਗੈਂਗਸਟਰਾਂ ਲਈ ਜਾਅਲੀ ਪਾਸਪੋਰਟ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ,’’ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਫੇਕ ਪਾਸਪੋਰਟ ਬਣਾ ਕੇ ਗੈਂਗਸਟਰਾਂ ਨੂੰ ਬਾਹਰ ਭੇਜਣ ਵਾਲਾ ਇੱਕ ਤਿੰਨ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।‘’ਡੀਜੀਪੀ ਨੇ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਓਂਕਾਰ ਸਿੰਘ ਜਲੰਧਰ, ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਪਟਿਆਲਾ ਅਤੇ ਪ੍ਰਭਜੋਤ ਸਿੰਘ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲੇ ਹਨ।ਡੀਜੀਪੀ ਨੇ ਦੱਸਿਆ ਕਿ ਸਟੇਟ ਕਰਾਈਮ ਪੁਲਿਸ ਥਾਣੇ ਵਿੱਚ ਇਸ ਸਬੰਧੀ ਐਫਆਈਆਰ ਦਰਜ ਕੀਤੀ ਗਈ ਹੈ।ਗੌਰਵ ਯਾਦਵ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਸ ਗਿਰੋਹ ਦਾ ਇੱਕ ਹੋਰ ਮੈਂਬਰ ਚਰਨਜੀਤ ਸਿੰਘ ਬਰੇਲੀ ਸੀ, ਜਿਸ ਨੇ ਦੀਪਕ ਬੌਕਸਰ ਦਾ ਫੇਕ ਪਾਸਪੋਰਟ ਬਣਾਇਆ ਸੀ, ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਦੂਜੇ ਗੈਂਗਸਟਰਸ ਜਿਵੇਂ ਬੰਬੀਹਾ ਗਰੁੱਪ ਦਾ ਵਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਖੱਟੂ ਦੇ ਵੀ ਫੇਕ ਪਾਸਪੋਰਟ ਬਣਾਏ ਗਏ ਸਨ।ਡੀਜੀਪੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਗਿਰੋਹ ਦੇ ਦਿੱਲੀ, ਯੂਪੀ, ਕੋਲਕਾਤਾ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਬੰਧ ਸਨ ਅਤੇ ਇਹ ਗਿਰੋਹ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਈ ਗੈਂਗਸਟਰਾਂਤੇ ਮੁਜਰਮਾਂ ਨੂੰ ਜਾਅਲੀ ਪਾਸਪੋਰਟਾਂ ‘ਤੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਦਾ ਸੀ।ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 420, 468, 471, 473 ਅਤੇ 120-ਬੀ, ਅਸਲਾ ਐਕਟ ਦੀ ਧਾਰਾ 25 ਅਤੇ ਪਾਸਪੋਰਟ ਐਕਟ ਦੀ ਧਾਰਾ 12 ਅਧੀਨ ਪੁਲਿਸ ਸਟੇਸ਼ਨ ਸਟੇਟ ਕਰਾਈਮ, ਮੋਹਾਲੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
















