ਬਠਿੰਡਾ ਛਾਉਣੀ ਵਾਰਦਾਤ: ਗੁੰਮ ਹੋਈ ਰਾਈਫਲ ਬਰਾਮਦ ਅਤੇ ਮੈਗਜ਼ੀਨ ਜਾਂਚ ਲਈ ਭੇਜੇ ਗਏ ਫੌਰੈਂਸਿਕ ਲੈਬ

ਬਠਿੰਡਾ ਫੌਜੀ ਛਾਉਣੀ ਵਿੱਚ ਵਾਪਰੀ ਵਾਰਦਾਤ ਮਗਰੋਂ ਮਿਲਟਰੀ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਜਾਂਚ ਜਾਰੀ ਹੈ। ਇਸ ਸਬੰਧੀ ਭਾਰਤੀ ਫੌਜ ਦਾ ਬਿਆਨ ਆਇਆ ਹੈ ਕਿ ਸਰਚ ਟੀਮ ਨੇ ਇੰਸਾਸ ਰਾਈਫਲ ਅਤੇ ਮੈਗਜ਼ੀਨ ਬਰਾਮਦ ਕੀਤੀ ਹੈ। ਹਥਿਆਰਾਂ ਸਬੰਧੀ ਹੋਰ ਵੇਰਵੇ ਪ੍ਰਾਪਤ ਕਰਨ ਲਈ ਬਰਾਮਦ ਸਮੱਗਰੀ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜਿਆ ਗਿਆ ਹੈ। ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਹੀ ਬਾਕੀ ਖੋਲ੍ਹ ਜਾਂ ਜ਼ਿੰਦਾ ਕਾਰਤੂਸ ਸਬੰਧੀ ਜਾਣਕਾਰੀ ਮਿਲ ਸਕੇਗੀ।
ਇਸ ਤੋਂ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦਾ ਕੋਈ ਵੀ ਸੁਰਾਗ ਜਾਂਚ ਕਰ ਰਹੀਆਂ ਟੀਮਾਂ ਦੇ ਹੱਥ ਨਹੀਂ ਲੱਗਿਆ ਸੀ। ਹੁਣ ਜਾਂਚ ਮਗਰੋਂ ਹੋਲੀ-ਹੋਲੀ ਪਰਤਾਂ ਖੁੱਲ੍ਹ ਰਹੀਆਂ ਨੇ ਤਾਂ ਬਠਿੰਡਾ ਛਾਉਣੀ ਅੰਦਰ ਵਾਰਦਾਤ ਸਮੇਂ ਮੌਜੂਦ ਦੱਸੇ ਜਾ ਰਹੇ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨਾਂ ਉੱਤੇ ਬਠਿੰਡਾ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੇਜਰ ਆਸ਼ੂਤੋਸ਼ ਮੁਤਾਬਿਕ ਫਾਇਰ ਕਰਨ ਵਾਲੇ ਚਿੱਟੇ ਕੁੜਤੇ ਪਜਾਮੇ ਵਿੱਚ ਆਏ ਸਨ, ਇੱਕ ਦੇ ਹੱਥ ਵਿੱਚ ਰਾਈਫਲ ਅਤੇ ਦੂਸਰੇ ਦੇ ਹੱਥ ਵਿੱਚ ਕੁਹਾੜੀ ਸੀ। ਇਸ ਤੋਂ ਪਹਿਲਾਂ ਜਾਂਚ ਟੀਮਾਂ ਵਿੱਚ ਸ਼ਾਮਿਲ ਬਠਿੰਡਾ ਪੁਲਿਸ ਦੇ ਐੱਸਪੀਡੀ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਵਾਰਦਾਤ ਕਿਸ ਕਾਰਣ ਹੋਈ ਇਹ ਸਪੱਸ਼ਟ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਚਸ਼ਮਦੀਦਾਂ ਮੁਤਾਬਿਕ ਦੋ ਹਮਲਾਵਰਾਂ ਨੇ ਸਿਵਲ ਕੱਪੜਿਆਂ ਵਿੱਚ ਆਕੇ ਫਾਇਰਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਇੰਸਾਸ ਰਾਈਫਲ ਦਾ ਇਸਤੇਮਾਲ ਕੀਤਾ ਗਿਆ ਹੈ। ਵਾਰਦਾਤ ਵਾਲੀ ਜਗ੍ਹਾ ਤੋਂ ਜਾਂਚ ਦੌਰਾਨ 19 ਖੋਲ੍ਹ ਵੀ ਬਰਾਮਦ ਕੀਤੇ ਗਏ ਹਨ। ਐੱਸਪੀਡੀ ਨੇ ਦੋਹਰਾਇਆ ਕਿ ਇੰਨੀ ਵੱਡੀ ਘਟਨਾ ਦਾ ਕੀ ਕਾਰਣ ਸੀ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਵਾਰਦਾਤ ਵਿੱਚ ਕਿਸੇ ਵੀ ਤਰ੍ਹਾਂ ਦੇ ਟੈਰਰ ਐਂਗਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

Total Views: 208 ,
Real Estate