
ਅਫ਼ਗਾਨਿਸਤਾਨ ਤੋਂ 2021 ਵਿਚ ਅਮਰੀਕੀ ਫ਼ੌਜ ਦੀ ਹਫੜਾ-ਦਫੜੀ ਵਿਚ ਵਾਪਸੀ ਦੇ ਫ਼ੈਸਲੇ ਦਾ ਜੋਅ ਬਾਇਡਨ ਪ੍ਰਸ਼ਾਸਨ ਨੇ ਬਚਾਅ ਕੀਤਾ ਹੈ। ਕਿਹਾ, ਜੇਕਰ ਫ਼ੌਜ ਨਾ ਪਰਤਦੀ ਤਾਂ ਤਾਲਿਬਾਨ ਹਮਲਾ ਕਰ ਸਕਦਾ ਸੀ। ਇਸ ਦੇ ਨਾਲ ਹੀ ਦੋਸ਼ ਲਗਾਇਆ ਕਿ ਇਹ ਸਭ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਕੀਤੇ ਗਏ ਸਮਝੌਤੇ ਦੀ ਮਜਬੂਰੀ ਵਿਚ ਕਰਨਾ ਪਿਆ। ਵ੍ਹਾਈਟ ਹਾਊਸ ਵੱਲੋਂ ਵੀਰਵਾਰ ਨੂੰ 12 ਪੰਨੇ ਦੇ ਜਾਰੀ ਦਸਤਾਵੇਜ਼ ਵਿਚ ਅਫ਼ਗਾਨਿਸਤਾਨ ਤੋਂ ਫ਼ੌਜ ਵਾਪਸੀ ਦੀਆਂ ਸਥਿਤੀਆਂ ਬਾਰੇ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਇਸ ਨਾਲ ਸਬੰਧਤ ਗੁਪਤ ਦਸਤਾਵੇਜ਼ ਵੱਖ-ਵੱਖ ਕਾਂਗਰਸ ਕਮੇਟੀਆਂ ਨੂੰ ਭੇਜਿਆ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਤਾਲਿਬਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਦਾ ਸਮਝੌਤਾ ਕੀਤਾ ਸੀ। ਹਾਲਾਂਕਿ, ਇਸ ਦੇ ਨਾਲ ਵੀਰਵਾਰ ਦੀ ਰਿਪੋਰਟ ਵਿਚ ਤੱਤਕਾਲੀਨ ਟਰੰਪ ਪ੍ਰਸ਼ਾਸਨ ’ਤੇ ਸਮਝੌਤੇ ਨੂੰ ਅੰਜਾਮ ਦੇਣ ਦੀ ਯੋਜਨਾ ਵਿਚ ਕਮੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। 28 ਸਤੰਬਰ 2021 ਨੂੰ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਸੀ ਕਿ ਜੇਕਰ ਅਮਰੀਕੀ ਫ਼ੌਜੀ ਉੱਥੋਂ ਨਾ ਆਉਂਦੇ ਤਾਂ ਤਾਲਿਬਾਨ ਉਨ੍ਹਾਂ ’ਤੇ ਹਮਲਾ ਕਰ ਸਕਦਾ ਹੈ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਕਿਰਬੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੂੰ ਆਪਣੇ ਫ਼ੈਸਲੇ ’ਤੇ ਮਾਣ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਜੋਅ ਬਾਇਡਨ ਨੇ 20 ਜਨਵਰੀ 2021 ਨੂੰ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਜ਼ਿੰਮੇਵਾਰੀ ਸੰਭਾਲੀ ਸੀ, ਉਸ ਸਮੇਂ ਤਾਲਿਬਾਨ 2001 ਤੋਂ ਬਾਅਦ ਤੋਂ ਸਭ ਤੋਂ ਮਜ਼ਬੂਤ ਫ਼ੌਜੀ ਸਥਿਤੀ ਵਿਚ ਸੀ। ਉਸ ਦਾ ਦੇਸ਼ ਦੇ ਕਰੀਬ ਅੱਧੇ ਹਿੱਸੇ ’ਤੇ ਕਬਜ਼ਾ ਹੋ ਚੁੱਕਾ ਸੀ ਜਦਕਿ ਉਸ ਸਮੇਂ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜੀ ਸਿਰਫ਼ 2,500 ਸਨ, ਜੋ 2001 ਤੋਂ ਬਾਅਦ ਸਭ ਤੋਂ ਘੱਟ ਸਨ।
















