ਸਾਰਾ ਜੋਸ਼ੀਮੱਠ ਹੀ ਧਸਣ ਦਾ ਬਣਿਆ ਖਤਰਾ ! ਇਸਰੋ ਵੱਲੋਂ ਵਿਸ਼ੇਸ ਤਸਵੀਰਾਂ ਜਾਰੀ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਉਪਗ੍ਰਹਿ ਰਾਹੀਂ ਖਿੱਚੀਆਂ ਉੱਤਰਾਖੰਡ ਦੇ ਜੋਸ਼ੀਮੱਠ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਹਿਮਾਲਿਆ ਵਿਚਲਾ ਇਹ ਸਾਰਾ ਪਹਾੜੀ ਸ਼ਹਿਰ ਹੀ ਆਉਣ ਵਾਲੇ ਸਮੇਂ ’ਚ ਧਸ ਸਕਦਾ ਹੈ। ਇਸਰੋ ਵੱਲੋਂ ਜਾਰੀ ਰਿਪੋਰਟ ਅਨੁਸਾਰ ਸਿਰਫ਼ 12 ਦਿਨ ਅੰਦਰ ਹੀ ਜੋਸ਼ੀਮੱਠ 5.4 ਸੈਂਟੀਮੀਟਰ ਤੱਕ ਧਸ ਗਿਆ ਹੈ। ਦੂਜੇ ਪਾਸੇ ਜੋਸ਼ੀਮੱਠ ’ਚ ਅੱਜ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਜਿੱਥੇ ਰਾਹਤ ਕਾਰਜਾਂ ’ਚ ਅੜਿੱਕਾ ਪਿਆ ਹੈ ਉੱਥੇ ਹੀ ਸਥਾਨਕ ਲੋਕਾਂ ਲਈ ਵੀ ਮੁਸ਼ਕਲਾਂ ਵਧ ਗਈਆਂ ਹਨ। ਬਦਰੀਨਾਥ ਤੇ ਹੇਮਕੁੰਟ ਸਾਹਿਬ ਜਿਹੀਆਂ ਧਾਰਮਿਕ ਥਾਵਾਂ ਅਤੇ ਕੌਮਾਂਤਰੀ ਸਕੀਇੰਗ ਸਥਾਨ ਓਲੀ ਪਹੁੰਚਣ ਦੇ ਮੁੱਖ ਰਸਤੇ ਜੋਸ਼ੀਮੱਠ ਨੂੰ ਜ਼ਮੀਨ ਧਸਣ ਕਾਰਨ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਨੇ ਮੁੱਢਲੇ ਅਧਿਐਨ ’ਚ ਕਿਹਾ ਹੈ ਕਿ ਅਪਰੈਲ ਤੇ ਨਵੰਬਰ 2022 ਵਿਚਾਲੇ ਜ਼ਮੀਨ ਧਸਣ ਦੀ ਪ੍ਰਕਿਰਿਆ ਹੌਲੀ ਸੀ। ਇਸ ਦੌਰਾਨ ਜੋਸ਼ੀਮੱਠ 8.9 ਸੈਂਟਮੀਟਰ ਤੱਕ ਧਸਿਆ ਸੀ ਪਰ 27 ਦਸੰਬਰ 2022 ਅਤੇ 8 ਜਨਵਰੀ 2023 ਵਿਚਾਲੇ ਜ਼ਮੀਨ ਤੇਜ਼ੀ ਨਾਲ ਧਸੀ ਤੇ ਇਨ੍ਹਾਂ ਦਿਨਾਂ ਦੌਰਾਨ ਸ਼ਹਿਰ 5.4 ਸੈਂਟੀਮੀਟਰ ਤੱਕ ਧਸ ਗਿਆ। ਇਹ ਤਸਵੀਰਾਂ ਕਾਰਟੋਸੈੱਟ-2ਐੱਸ ਉੱਪਗ੍ਰਹਿ ਰਾਹੀਂ ਖਿੱਚੀਆਂ ਗਈਆਂ ਹਨ। ਐੱਨਆਰਐੱਸਸੀ ਦੀ ਰਿਪੋਰਟ ’ਚ ਕਿਹਾ ਗਿਆ ਹੈ, ‘ਇਹ ਇਲਾਕਾ ਕੁਝ ਦਿਨਾਂ ਅੰਦਰ ਹੀ ਤਕਰੀਬਨ ਪੰਜ ਸੈਂਟੀਮੀਟਰ ਤੱਕ ਧਸ ਗਿਆ ਅਤੇ ਇਸ ਦੀ ਖੇਤਰੀ ਸੀਮਾ ਵੀ ਵੱਧ ਗਈ ਹੈ। ਫਿਲਹਾਲ ਜ਼ਮੀਨ ਧਸਣ ਦੀ ਇਹ ਪ੍ਰਕਿਰਿਆ ਜੋਸ਼ੀਮੱਠ ਸ਼ਹਿਰ ਦੇ ਮੱਧ ਭਾਗ ਤੱਕ ਹੀ ਸੀਮਤ ਹੈ ਪਰ ਆਉਣ ਵਾਲੇ ਸਮੇਂ ’ਚ ਸਾਰਾ ਜੋਸ਼ੀਮੱਠ ਹੀ ਧੱਸ ਸਕਦਾ ਹੈ।’ ਰਿਪੋਰਟ ਅਨੁਸਾਰ ਇਲਾਕਾ ਧਸਣ ਦਾ ਕੇਂਦਰ ਜੋਸ਼ੀਮੱਠ-ਓਲੀ ਰੋਡ ਨੇੜੇ 2,180 ਮੀਟਰ ਦੀ ਉਚਾਈ ’ਤੇ ਸਥਿਤ ਸੀ। ਤਸਵੀਰਾਂ ’ਚ ਸੈਨਾ ਦੇ ਹੈਲੀਪੈਡ ਅਤੇ ਨਰਸਿੰਘ ਮੰਦਰ ਨੂੰ ਜੋਸ਼ੀਮੱਠ ਸ਼ਹਿਰ ਦੇ ਮੱਧ ਹਿੱਸੇ ਵਿਚਲੀ ਧੱਸ ਰਹੀ ਜ਼ਮੀਨ ਦੀਆਂ ਅਹਿਮ ਥਾਵਾਂ ’ਚ ਦਿਖਾਇਆ ਗਿਆ ਹੈ। ਇਸੇ ਦੌਰਾਨ ਉੱਤਰਾਖੰਡ ਸਰਕਾਰ ਨੇ ਜੋਸ਼ੀਮੱਠ ਦੇ ਪੀੜਤ ਪਰਿਵਾਰਾਂ ਦੇ ਛੇ ਮਹੀਨੇ ਦੇ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਉੱਤਰਾਖੰਡ ਕੈਬਨਿਟ ਨੇ ਪੀੜਤ ਪਰਿਵਾਰਾਂ ਲਈ 45 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੀ ਜਾਰੀ ਕੀਤੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਲਾਤ ਨਾਲ ਨਜਿੱਠਣ ਲਈ ਕਦਮ-ਦਰ-ਕਦਮ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ਦੀ ਤਰਜੀਹ ਪੀੜਤ ਲੋਕਾਂ ਨੂੰ ਤੁਰੰਤ ਰਾਹਤ ਮੁਹੱਈਆ ਕਰਨਾ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਹੈ।’ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ ਜਾ ਰਿਹਾ ਹੈ ਅਤੇ ਨੁਕਸਾਨੀਆਂ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।

Total Views: 400 ,
Real Estate