ਗੰਗਾ ਨਦੀ ‘ਚ ਸ਼ੁਰੂ ਕੀਤਾ ਗਿਆ ਨਵਾਂ ਕਰੂਜ਼, 50 ਹਜ਼ਾਰ ਤੋਂ ਜਿਅਦਾ ਰੋਜ਼ ਦੀ ਟਿਕਟ,2 ਸਾਲਾਂ ਦੀ ਹੋਈ ਅਗਾਊਂ ਬੁਕਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਲੰਬੇ ਕਰੂਜ਼ ‘ਗੰਗਾ ਵਿਲਾਸ’ ਨੂੰ ਵਰਚੁਅਲ ਸਮਾਰੋਹ ਦੌਰਾਨ ਹਰੀ ਝੰਡੀ ਦਿਖਾਈ। ਉਨ੍ਹਾਂ ਦੇਸ਼ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ, ”ਸਾਡੇ ਤਿਉਹਾਰਾਂ ਨਾਲ ਜੁੜੀ ਸਾਡੀ ਆਸਥਾ ਵਿੱਚ ਨਦੀਆਂ ਦੀ ਖ਼ਾਸ ਅਹਿਮੀਅਤ ਹੈ। ਅੱਜ ਅਸੀਂ ਨਦੀ ਜਲਮਾਰਗਾਂ ਨਾਲ ਜੁੜੇ ਉਤਸਵ ਦੇ ਗਵਾਹ ਬਣੇ ਹਾਂ।” ਗੰਗਾ ਵਿਲਾਸ ਕਰੂਜ਼ ਵਾਰਾਣਸੀ ਦੇ ਰਵਿਦਾਸ ਘਾਟ ਤੋਂ ਚੱਲ ਕੇ ਬਿਹਾਰ ਦੇ ਬੰਗਾਲ ਰਸਤੇ ਤੋਂ ਹੁੰਦਾ ਹੋਇਆ ਬੰਗਲਾਦੇਸ਼ ਰਾਹੀਂ ਅਸਾਮ ਦੇ ਡਿਬਰੂਗੜ੍ਹ ਪਹੁੰਚੇਗਾ।
51 ਦਿਨ ਲੰਬੇ ਇਸ ਰੋਮਾਂਚਕ ਸਫ਼ਰ ਦੀ ਇੱਕ ਪਾਸੇ ਤਾਰੀਫ਼ ਹੋ ਰਹੀ ਹੈ ਤਾਂ ਦੂਜੇ ਪਾਸੇ ਬਿਹਾਰ ਵਿੱਚ ਇਸ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ। ਬਿਹਾਰ ਵਿੱਚ ਸੱਤਾਧਾਰੀ ਪਾਰਟੀ ਜੇਡੀਯੂ ਦੇ ਕੌਮੀ ਪ੍ਰਧਾਨ ਲਲਨ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਗੰਗਾ ਵਿਲਾਸ ਕਰੂਜ਼ ਚਲਾਉਣਾ ਜਨਤਾ ਦੇ ਪੈਸੇ ਦੀ ਲੁੱਟ ਹੈ।
ਕੇਂਦਰ ਸਰਕਾਰ ਵਲੋਂ ਗੰਗਾ ਵਿਲਾਸ ਕਰੂਜ਼ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਯਾਤਰੀ ਜਹਾਜ਼ ਭਾਰਤ ਅਤੇ ਬੰਗਲਾਦੇਸ਼ ਦੀਆਂ 27 ਨਦੀ ਪ੍ਰਣਾਲੀਆਂ ਅਤੇ ਸੱਤ ਨਦੀਆਂ – ਗੰਗਾ, ਭਾਗੀਰਥੀ, ਮੇਘਨਾ, ਹੁਗਲੀ, ਜਮੁਨਾ, ਪਦਮਾ ਅਤੇ ਬ੍ਰਹਮਪੁੱਤਰ ਤੋਂ ਲੰਘੇਗਾ। ਇਸ ਯਾਤਰਾ ਵਿੱਚ 50 ਸੈਰ-ਸਪਾਟਾ ਸਥਾਨਾਂ ਨੂੰ ਜੋੜਿਆ ਜਾਵੇਗਾ। ਇਹ ਜਹਾਜ਼ 11 ਜਨਵਰੀ ਨੂੰ 56 ਘੰਟਿਆਂ ਦੀ ਇੱਕ ਯਾਤਰਾ ਮੁਕੰਮਲ ਕਰਕੇ ਵਾਰਾਣਸੀ ਪਹੁੰਚਿਆ ਸੀ।
ਕਰੂਜ਼ ਦੇ ਨਿਰਦੇਸ਼ਕ ਅਨੁਸਾਰ ਇਹ ਇਕਲੌਤਾ ਜਹਾਜ਼ ਹੈ ਜੋ ਸਵਦੇਸ਼ੀ ਤਕਨੀਕ ਅਤੇ ਫਰਨੀਚਰ ਨਾਲ ਲੈਸ ਹੈ। ਇਸ ਵਿਸ਼ੇਸ਼ ਜਹਾਜ਼ ਨੂੰ ਕੋਲਕਾਤਾ ਦੇ ਨੇੜੇ ਇੱਕ ਸ਼ਿਪਯਾਰਡ ਵਿੱਚ ਤਿਆਰ ਕੀਤਾ ਗਿਆ ਹੈ। ਇਹ ਜਹਾਜ਼ 2020 ਵਿੱਚ ਹੀ ਤਿਆਰ ਹੋ ਗਿਆ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਸ ਦਾ ਉਦਘਾਟਨ ਨਾ ਹੋ ਸਕਿਆ। ਲਗਜ਼ਰੀ ਸੁਵਿਧਾਵਾਂ ਨਾਲ ਲੈਸ, ਇਸ ਕਰੂਜ਼ ਵਿੱਚ ਕਿਸੇ ਵੀ ਸਫ਼ਰ ਲਈ ਲੋੜੀਂਦੀ ਹਰ ਆਧੁਨਿਕ ਸੁਖ-ਸਹੂਲਤ ਮੌਜੂਦ ਹੈ। 62.5 ਮੀਟਰ ਲੰਬੇ, 12.8 ਮੀਟਰ ਚੌੜੇ ਇਸ ਤਿੰਨ ਮੰਜ਼ਿਲਾ ਜਹਾਜ਼ ਵਿੱਚ ਕੁੱਲ 18 ਸੂਟ ਯਾਨੀ ਲਗਜ਼ਰੀ ਕਮਰੇ ਹਨ। ਕਮਰੇ ਵਿੱਚ ਕਨਵਰਟਿਵਲ ਬੈੱਡ, ਫ਼ਰੈਂਚ ਬਾਲਕਨੀ, ਏਅਰ ਕੰਡੀਸ਼ਨਰ, ਸੋਫ਼ਾ, ਐੱਲਈਡੀ ਟੀਵੀ, ਸਮੋਕ ਅਲਾਰਮ, ਅਟੈਚਡ ਬਾਥਰੂਮ ਵਰਗੀਆਂ ਸਹੂਲਤਾਂ ਹਨ। ਜਹਾਜ਼ ਵਿੱਚ ਜਿੰਮ, ਸਪਾ, ਆਉਟਡੋਰ ਅਬਜ਼ਰਵੇਸ਼ਨ ਡੈਕ, ਨਿੱਜੀ ਬਟਲਰ ਸੇਵਾ ਤੇ ਯਾਤਰੀਆਂ ਲਈ ਖ਼ਾਸ ਸੰਗੀਤ, ਤੇ ਸਭਿਆਚਰਕ ਪ੍ਰੋਗਰਾਮ ਦਾ ਵੀ ਪ੍ਰਬੰਧ ਹੈ।
ਇਹ ਜਹਾਜ਼ ਅੱਜ 13 ਜਨਵਰੀ ਨੂੰ ਵਾਰਾਣਸੀ ਤੋਂ ਰਵਾਨਾ ਹੋ ਕੇ 51 ਦਿਨ ਬਾਅਦ 1 ਮਾਰਚ ਨੂੰ ਅਸਾਮ ਦੇ ਡਿਬਰੂਗੜ੍ਹ ਪਹੁੰਚੇਗਾ। ਇਸ ਦੌਰਾਨ ਇਹ ਭਾਰਤ ਦੇ 5 ਸੂਬਿਆਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਅਸਾਮ ਦੇ ਨਾਲ-ਨਾਲ ਬੰਗਲਾਦੇਸ਼ ਵਿੱਚੋਂ ਲੰਘੇਗਾ। ਇਹ ਜਹਾਜ਼ 15 ਦਿਨਾਂ ਤੱਕ ਬੰਗਲਾਦੇਸ਼ ਵਿੱਚ ਰੁਕੇਗਾ। ਇਸ ਤੋਂ ਇਲਾਵਾ ਸੈਲਾਨੀ ਇਸ ਪੂਰੀ ਯਾਤਰਾ ਦੌਰਾਨ ਵੱਖ-ਵੱਖ ਸੂਬਿਆਂ ਦੇ ਕੁੱਲ 50 ਸੈਰ ਸਪਾਟਾ ਸਥਾਨਾਂ ਦਾ ਆਨੰਦ ਵੀ ਲੈ ਸਕਣਗੇ। ਇਨ੍ਹਾਂ ਵਿੱਚ ਵਿਸ਼ਵ ਵਿਰਾਸਤੀ ਥਾਵਾਂ, ਕੌਮੀ ਪਾਰਕ, ​ਦਰਿਆਈ ਘਾਟ ਅਤੇ ਹੋਰ ਥਾਵਾਂ ਸ਼ਾਮਲ ਹੋਣਗੇ। ਜਹਾਜ਼ ਵਿੱਚ ਕੁੱਲ 36 ਯਾਤਰੀਆਂ ਦੀ ਰਿਹਾਇਸ਼ ਦੀ ਸਹੂਲਤ ਹੈ।
ਇਸ ਰੋਚਕ ਸਫ਼ਰ ਦਾ ਖ਼ਰਚਾ ਪ੍ਰਤੀ ਵਿਅਕਤੀ ਪ੍ਰਤੀ ਦਿਨ ਲਗਭਗ 50 ਹਜ਼ਾਰ ਰੁਪਏ ਦਾ ਖਰਚਾ ਆਵੇਗਾ। ਪਰ ਹਰ ਕਿਸੇ ਨੂੰ 51 ਦਿਨਾਂ ਲਈ ਬੁੱਕ ਕਰਨਾ ਲਾਜ਼ਮੀ ਨਹੀਂ ਹੋਵੇਗਾ। ਯਾਤਰੀ ਜੇਕਰ ਚਾਹੁਣ ਤਾਂ ਇਸ ਯਾਤਰਾ ਨੂੰ ਵਿਚਕਾਰ ਕਿਤੇ ਵੀ ਛੱਡ ਸਕਦੇ ਹਨ। ਕਰੂਜ਼ ਦੇ ਨਿਰਦੇਸ਼ਕ ਅਨੁਸਾਰ ਅਗਲੇ ਦੋ ਸਾਲਾਂ ਤੱਕ ਦੀ ਬੁਕਿੰਗ ਪਹਿਲਾਂ ਤਕਰੀਬਨ ਪਹਿਲਾਂ ਹੀ ਹੋ ਚੁੱਕੀ ਹੈ।

Total Views: 206 ,
Real Estate