
ਉੱਤਰਾਖੰਡ ਦੇ ਜੋਸ਼ੀਮੱਠ ਨੂੰ ਜ਼ਮੀਨ ਖਿਸਕਣ-ਧਸਣ ਵਾਲਾ ਜ਼ੋਨ ਐਲਾਨ ਦਿੱਤਾ ਗਿਆ ਹੈ ਤੇ ਰਹਿਣ ਯੋਗ ਨਾ ਰਹੇ ਘਰਾਂ ਵਿਚੋਂ ਕਰੀਬ 60 ਪਰਿਵਾਰਾਂ ਨੂੰ ਕੱਢ ਕੇ ਆਰਜ਼ੀ ਰਾਹਤ ਕੇਂਦਰਾਂ ’ਚ ਲਿਜਾਇਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 90 ਹੋਰ ਪਰਿਵਾਰਾਂ ਨੂੰ ਕੱਢਿਆ ਜਾਣਾ ਹੈ। ਗੜ੍ਹਵਾਲ ਦੇ ਕਮਿਸ਼ਨਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਚਾਰ-ਪੰਜ ਥਾਵਾਂ ’ਤੇ ਰਾਹਤ ਕੇਂਦਰ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ’ਤੇ ਗੱਲ ਕਰ ਕੇ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਨਾਗਰਿਕਾਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਪੁਨਰਵਾਸ ਬਾਰੇ ਪੁੱਛਿਆ ਹੈ। ਮੁੱਖ ਮੰਤਰੀ ਦਫ਼ਤਰ ਮੁਤਾਬਕ ਮੋਦੀ ਨੇ ਇਸ ਸੰਕਟ ਨੂੰ ਟਾਲਣ ਲਈ ਕੀਤੀ ਜਾ ਰਹੀ ਯੋਜਨਾਬੰਦੀ ਬਾਰੇ ਜਾਣਕਾਰੀ ਲਈ ਹੈ। ਉਨ੍ਹਾਂ ਜਾਰੀ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਿੱਜੀ ਤੌਰ ’ਤੇ ਜੋਸ਼ੀਮੱਠ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਜੋਸ਼ੀਮੱਠ ਦੇ ਸੰਕਟ ਬਾਰੇ ਬੈਠਕ ਕੀਤੀ ਹੈ। ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ.ਕੇ. ਮਿਸ਼ਰਾ ਨੇ ਕੈਬਨਿਟ ਸਕੱਤਰ ਤੇ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਕਰ ਕੇ ਸਥਿਤੀ ਦੀ ਸਮੀਖਿਆ ਕੀਤੀ ਹੈ।



















