
ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਡੇਅਰੀ ਕਾਰੋਬਾਰੀਆਂ ‘ਤੇ ਹਮਲੇ ਵਧੇ ਹਨ। ਰਿਪੋਰਟਾਂ ਮੁਤਾਬਕ ਨਿਊਜ਼ੀਲੈਂਡ ਵਿੱਚ ਇਸ ਸਮੇਂ ਸਭ ਤੋਂ ਵੱਧ ਡੇਅਰੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇੱਥੇ ਡੇਅਰੀ ਦਾ ਧੰਦਾ ਜ਼ਿਆਦਾ ਭਾਰਤੀਆਂ ਵੱਲੋਂ ਚਲਾਇਆ ਜਾਂਦਾ ਹੈ। ਇਸ ਲਈ ਭਾਰਤੀਆਂ ‘ਤੇ ਹੀ ਇਨ੍ਹਾਂ ਘਟਨਾਵਾਂ ਦਾ ਸਭ ਤੋਂ ਵੱਧ ਅਸਰ ਹੋ ਰਿਹਾ ਹੈ। ਇਕ ਰਿਪੋਰਟ ਮੁਤਾਬਕ ਔਕਲੈਂਡ ਵਿੱਚ 269 ਵਿਚੋਂ 227 ਡੇਅਰੀਆਂ ਭਾਰਤੀਆਂ ਦੀਆਂ ਹਨ। ਭਾਰਤੀਆਂ ‘ਤੇ ਹਮਲੇ ਵਧਣ ਦਾ ਦੂਜਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੇਅਰੀ ਸ਼ੌਪ ‘ਤੇ ਪੁਖ਼ਤਾ ਪ੍ਰਬੰਧ ਨਹੀਂ ਹੁੰਦੇ। ਇਸ ਲਈ ਲੁੱਟ-ਖੋਹ ਆਸਾਨੀ ਨਾਲ ਹੋ ਜਾਂਦੀ ਹੈ। ਭਾਰਤੀਆਂ ‘ਤੇ ਹਮਲੇ ਤੇ ਉਨ੍ਹਾਂ ਨਾਲ ਲੁੱਟ- ਖੋਹ ਦੀ ਸ਼ੁਰੂਆਤ ਉਸ ਵੇਲੇ ਹੋਈ, ਜਦੋਂ ਇਸੇ ਸਾਲ ਨਵੰਬਰ ਮਹੀਨੇ ਵਿੱਚ 34 ਸਾਲ ਦੇ ਜਨਕ ਪਟੇਲ ਦਾ ਕੁੱਝ ਲੁਟੇਰਿਆਂ ਨੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਲਗਾਤਾਰ ਵਧਦੀਆਂ ਗਈਆਂ ਤੇ ਹੁਣ ਤੱਕ ਇਨ੍ਹਾਂ ਘਟਨਾਵਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਡੇਅਰੀ ਔਨਰਸ ਐਸੋਸੀਏਸ਼ਨ ਨੇ ਆਕਲੈਂਡ ਵਿੱਚ ਰੋਸ ਪ੍ਰਦਰਸ਼ਨ ਕਰਕੇ ਅਤੇ ਬੰਦ ਦਾ ਸੱਦਾ ਦੇ ਕੇ ਸਰਕਾਰ ਵਿਰੁੱਧ ਗੁੱਸਾ ਵੀ ਜ਼ਾਹਰ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਈ ਵਾਰ ਆਗਾਹ ਕੀਤਾ ਗਿਆ, ਪਰ ਉਹ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਇਸ ਕਾਰਨ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਤੇ ਉਹ ਭਾਰਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਉੱਧਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਨ ਦਾ ਕਹਿਣਾ ਹੈ ਕਿ ਉਹ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਯਤਨ ਕਰ ਰਹੇ ਹਨ। ਇਸ ਲਈ ਉਨਾਂ ਨੇ ਛੋਟੀਆਂ ਦੁਕਾਨਾਂ ਅਤੇ ਡੇਅਰੀ ਲਈ ਫੌਗ ਕੈਨਨ ਸਬਸਿਡੀ ਸਕੀਮ ਲਾਗੂ ਕੀਤੀ ਹੈ। ਇਸ ਤੋਂ ਇਲਾਵਾ ਅਪਰਾਧ ਖਤਮ ਕਰਨ ਲਈ ਪੈਕੇਜ ਜਾਰੀ ਕੀਤਾ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਰਾਹਤ ਪੈਕੇਜ ਵੀ ਜਾਰੀ ਕੀਤਾ ਗਿਆ ਹੈ।



















