
ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ ਸੋਮਵਾਰ ਨੂੰ ਪਾਈਆਂ ਜਾਣਗੀਆਂ। ਪਾਰਟੀ ਦੇ ਸੀਨੀਅਰ ਆਗੂਆਂ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਮੁਕਾਬਲਾ ਹੈ। ਕਰੀਬ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਆਗੂ ਕਾਂਗਰਸ ਦੀ ਕਮਾਨ ਸੰਭਾਲੇਗਾ। 9 ਹਜ਼ਾਰ ਤੋਂ ਜ਼ਿਆਦਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟਾਂ ਪਾਉਣਗੇ। ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ। ਕਾਂਗਰਸ ਦੇ ਇਥੇ ਹੈੱਡਕੁਆਰਟਰ ਅਤੇ ਦੇਸ਼ ਦੇ 65 ਹੋਰ ਥਾਵਾਂ ’ਤੇ ਪੋਲਿੰਗ ਬੂਥ ਬਣਾਏ ਗੲੇ ਹਨ। ਪਾਰਟੀ ਦੇ 137 ਸਾਲਾਂ ਦੇ ਇਤਿਹਾਸ ’ਚ ਇਹ ਛੇਵੀਂ ਵਾਰ ਹੈ ਜਦੋਂ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਇਥੇ ਕਾਂਗਰਸ ਦਫ਼ਤਰ ’ਤੇ ਵੋਟ ਪਾਏ ਜਾਣ ਦੀ ਸੰਭਾਵਨਾ ਹੈ ਜਦਕਿ ਰਾਹੁਲ ਗਾਂਧੀ ਕਰਨਾਟਕ ਦੇ ਸੰਗਾਨਕਾਲੂ ’ਚ ਭਾਰਤ ਜੋੜੋ ਯਾਤਰਾ ਦੇ ਕੈਂਪ ’ਚ ਬਣੇ ਬੂਥ ’ਤੇ ਵੋਟ ਪਾਉਣਗੇ। ਉਨ੍ਹਾਂ ਨਾਲ 40 ਹੋਰ ਭਾਰਤ ਯਾਤਰੀ ਵੀ ਵੋਟ ਪਾਉਣਗੇ ਜੋ ਪੀਸੀਸੀ ਡੈਲੀਗੇਟ ਹਨ। ਗਾਂਧੀ ਪਰਿਵਾਰ ਨਾਲ ਨੇੜਤਾ ਹੋਣ ਅਤੇ ਸੀਨੀਅਰ ਆਗੂਆਂ ਵੱਲੋਂ ਹਮਾਇਤ ਦਿੱਤੇ ਜਾਣ ਕਾਰਨ ਖੜਗੇ ਨੂੰ ਕਾਂਗਰਸ ਦਾ ਅਗਲਾ ਪ੍ਰਧਾਨ ਮੰਨਿਆ ਜਾ ਰਿਹਾ ਹੈ। ਉਂਜ ਥਰੂਰ ਵੀ ਆਪਣੇ ਪੱਧਰ ’ਤੇ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਗੁਪਤ ਬੈਲੇਟ ਰਾਹੀਂ ਵੋਟਾਂ ਪਾਈਆਂ ਜਾਣਗੀਆਂ ਅਤੇ ਇਹ ਕੋਈ ਨਹੀਂ ਜਾਣ ਸਕੇਗਾ ਕਿ ਕਿਸ ਨੇ ਕਿਹੜੇ ਉਮੀਦਵਾਰ ਨੂੰ ਵੋਟ ਪਾਈ ਹੈ।
















