ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਦਰਿੰਦੇ

ਲੇਖਕ: ਕੁਲਵੰਤ ਸਿੰਘ ‘ਢੇਸੀ’

ਅੱਜਕਲ ਭਾਰਤ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਯੂ ਕੇ ਆ ਰਹੇ ਹਨ। ਇਹਨਾ ਦੇ ਮਾਪੇ ਕਿਸੇ ਨਾ ਕਿਸੇ ਤਰਾਂ ਯੂਨੀਵਰਸਿਟੀਆਂ ਦੀਆਂ
ਫੀਸਾਂ ਤਾਂ ਭਰ ਦਿੰਦੇ ਹਨ ਪਰ ਇਹਨਾ ਵਿਚੋਂ ਬਹੁਤਿਆਂ ਕੋਲ ਰਿਹਾਇਸ਼ ਅਤੇ ਖਾਣ ਪੀਣ ਦਾ ਇੰਤਜ਼ਾਮ ਨਹੀਂ ਹੁੰਦਾ। ਜ਼ਿਆਦਾਤਰ
ਵਿਦਿਆਰਥੀ ਪਾਰਟ ਟਾਈਮ ਜਾਂ ਫੁੱਲ ਟਾਈਮ ਰੁਜ਼ਗਾਰ ਦੀ ਭਾਲ ਵਿਚ ਖੱਜਲ ਖੁਆਰ ਹੁੰਦੇ ਰਹਿੰਦੇ ਹਨ। ਤਰਸਯੋਗ ਹਾਲਾਤਾਂ ਵਸ ਇਹ
ਵਿਦਿਆਰਥੀ ਹਰ ਤਰਾਂ ਦਾ ਕੰਮ ਕਰਨ ਲਈ ਅਤੇ ਹਰ ਤਰਾਂ ਦੇ ਹਾਲਾਤਾਂ ਵਿਚ ਰਹਿਣ ਲਈ ਮਜ਼ਬੂਰ ਹੋ ਜਾਂਦੇ ਹਨ ਪਰ ਕੁਝ ਮੌਕਾ ਪ੍ਰਸਤ
ਅਤੇ ਮਾੜੇ ਇਰਾਦਿਆਂ ਵਾਲੇ ਲੋਕ ਇਹਨਾ ਦੀ ਮਜ਼ਬੂਰੀ ਦਾ ਨਜ਼ਾਇਜ ਫਾਇਦਾ ਲੈਂਦੇ ਹਨ।
ਯੂ ਕੇ ਵਿਚ ਕੁਝ ਦਿਨ ਪਹਿਲਾਂ ਪੰਜਾਬ ਤੋਂ ਆਈ ਇੱਕ ਸਿੱਖ ਲੜਕੀ ਨੇ ਸੋਸ਼ਲ ਮੀਡੀਏ ‘ਤੇ ਦੱਸਿਆ ਸੀ ਜਿਸ ਵੇਲੇ ਉਸ ਨੇ ਬ੍ਰਮਿੰਘਮ
ਪਾਕਿਸਤਾਨੀ ਲੋਕਾਂ ਦੀ ਕਾਫੀ ‘ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਸ਼ਾਮ ਨੂੰ ਹੁੱਕਾ ਬਾਰ ‘ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ
ਫਿਰ ਹੌਲੀ ਹੌਲੀ ਉਸ ਨੂੰ ਦੇਹ ਵਪਾਰ ਵਲ ਉਕਸਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਲੜਕੀ ਨੇ ਕਿਹਾ ਸੀ ਕਿ ਹੁਣ ਉਹ ਮਜ਼ਬੂਰੀ ਦੀ
ਹਾਲਤ ਵਿਚ ਪੰਜਾਬ ਵਾਪਸ ਜਾ ਰਹੀ ਹੈ।
ਇਸੇ ਤਰਾਂ ਸਾਊਥਾਲ ਤੋਂ ਇੱਕ ਨੌਜਵਾਨ ਵਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦਾ ਸਿਰਲੇਖ ਹੈ, ‘ਯੂ ਕੇ ਵਿਚ ਕੁੜੀਆਂ ਸਾਵਧਾਨ’। ਇਸ
ਵਿਚ ਉਸ ਨੇ ਦੱਸਿਆ ਕਿ ਸਾਊਥਾਲ ਵਿਚ ਅੱਜਕਲ ਇੱਕ ਬਹੁਤ ਵੱਡਾ ਗੋਰਖਧੰਦਾ ਚੱਲ ਰਿਹਾ ਹੈ ਜਿਸ ਨੂੰ ਅਸੀਂ ਸਕੈਮ ਵੀ ਕਹਿ ਸਕਦੇ
ਹਾਂ। ਕੁਝ ਲੋਕ ਇੰਡੀਅਨ ਦੁਕਾਨਾ ‘ਤੇ ਪਰਚੇ ਲਾ ਕੇ ਪ੍ਰਚਾਰ ਕਰ ਰਹੇ ਹਨ ਕਿ ਉਹਨਾ ਨੂੰ ਕੰਮ ਕਰਨ ਲਈ ਲੜਕੀਆਂ ਦੀ ਲੋੜ ਹੈ। ਜਦੋਂ
ਲੜਕੀਆਂ ਉਸ ਨੰਬਰ ‘ਤ ਫੋਨ ਕਰਦੀਆਂ ਹਨ ਤਾਂ ਅੱਗੋਂ ਜਵਾਬ ਦੇਣ ਵਾਲੀ ਲੜਕੀ ਆਪਣਾ ਨਾਮ ਰੁਪਿੰਦਰ ਕੌਰ ਜਾਂ ਪਿੰਦਰ ਦੱਸਦੀ ਹੈ।
ਫੋਨ ਦੇ ਜਵਾਬ ਵਿਚ ਉਹ ਕੁੜੀਆ ਨੂੰ ਪਡਿੰਗਟਨ ਅਉਣ ਲਈ ਕਹਿੰਦੀ ਹੈ ਜਦੋਂ ਉਹ ਪਡਿੰਗਟਨ ਜਾਂਦੀਆਂ ਹਨ ਤਾਂ ਉਹਨਾ ਨੂੰ ਇਲਫੋਰਡ
ਅਉਣ ਲਈ ਕਿਹਾ ਜਾਂਦਾ ਹੈ। ਜਦੋਂ ਲੜਕੀਆਂ ਦੱਸੇ ਹੋਏ ਪਤੇ ‘ਤੇ ਪਹੁੰਚਦੀਆਂ ਹਨ ਤਾਂ ਉਹਨਾ ਨੂੰ ਕਮਰ ਦਰਦ ਤੋਂ ਪੀੜਤ ਮੁੰਡਿਆਂ ਦੀ
ਮਾਲਸ਼ ਕਰਨ ਲਈ ਕਿਹਾ ਜਾਂਦਾ ਹੈ। ਮਾਲਸ਼ ਕਰਦੀਆਂ ਇਹਨਾ ਲੜਕੀਆਂ ਦੀਆਂ ਗੁਪਤ ਕੈਮਰਿਆਂ ਰਾਹੀਂ ਫਿਲਮਾਂ ਬਣਾਈਆਂ ਜਾਂਦੀਆਂ
ਹਨ ਜਦ ਕਿ ਪੀੜਤ ਦੱਸੇ ਜਾਂਦੇ ਮੁੰਡੇ ਉਹਨਾ ਨਾਲ ਅਸ਼ਲੀਲ ਹਰਕਤਾਂ ਕਰਦੇ ਹਨ। ਇਹਨਾ ਫਿਲਮਾਂ ਰਾਹੀਂ ਫਿਰ ਲੜਕੀਆਂ ਨੂੰ ਬਲੈਕਮੇਲ
ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹਨਾ ਲੜਕੀਆਂ ਨੂੰ ਦੇਹ ਵਪਾਰ ਦੀ ਦਲਦਲ ਵਿਚ ਧੱਕਿਆ ਜਾਂਦਾ ਹੈ। ਪੋਸਟ ਪਉਣ ਵਾਲਾ ਇਹ
ਨੌਜਵਾਨ ਸਾਵਧਾਨ ਕਰਦਾ ਕਹਿੰਦਾ ਹੈ ਕਿ ਕੇਅਰ ਟੇਕਰ ਦੀ ਜੌਬ ‘ਤੇ ਕੁੜੀਆਂ ਇਕੱਲੀਆਂ ਨਾ ਜਾਣ। ਉਹ ਕਹਿੰਦਾ ਹੈ ਕਿ ਇਸ ਤਰਾਂ ਦੇ
ਫਰੇਬ ਵਿਚ ਸਾਡੀਆਂ ਲੜਕੀਆਂ ਨਾਲ ਜੋ ਕੁਝ ਹੁੰਦਾ ਹੈ ਉਸ ਨੂੰ ਦਸਦਿਆਂ ਸ਼ਰਮ ਆਉਂਦੀ ਹੈ।
ਕਾਰਾਂ ਵਿਚ ਰਾਤਾਂ ਕੱਟ ਰਹੇ ਨੌਜਵਾਨ

ਪਿਛਲੇ ਦਿਨੀ ਕਾਵੈਂਟਰੀ ਗੁਰਦੁਆਰੇ ਮੇਰੇ ਸੰਪਰਕ ਵਿਚ ਵੀ ਕੁਝ ਐਸੇ ਵਿਦਿਆਰਥੀ ਆਏ ਸਨ ਜੋ ਕਿ ਜੌਬਾਂ ਵਾਸਤੇ ਦਰਬਦਰ ਭਟਕ ਰਹੇ
ਸਨ। ਇਹਨਾ ਨੌਜਵਾਨਾ ਦੀ ਸਭ ਤੋਂ ਵੱਡੀ ਸ਼ਿਕਾਇਤ ਸੀ ਕਿ ਉਹਨਾ ਨੂੰ ਕਿਰਾਏ ‘ਤੇ ਰਿਹਾਇਸ਼ ਨਹੀਂ ਮਿਲ ਰਹੀ। ਕਈ ਤਾਂ ਮਜ਼ਬੂਰ ਹੋ ਕੇ
ਕਾਰਾਂ ਵਿਚ ਰਾਤਾਂ ਕੱਟ ਰਹੇ ਹਨ। ਟੈਲੀਵਿਯਨ ‘ਤੇ ਵੀ ਇੱਕ ਦਿਨ ਇਸ ਸਬੰਧੀ ਪ੍ਰੋਗ੍ਰਾਮ ਦੇਖਣ ਨੂੰ ਮਿਲਿਆ ਜਿਥੇ ਕਿ ਉਚੇਚੇ ਤੌਰ ‘ਤੇ ਪੰਜਾਬ
ਤੋਂ ਆ ਰਹੀਆਂ ਵਿਦਿਆਰਥਣ ਲੜਕੀਆਂ ਬਾਰੇ ਬੜਾ ਤਰਸਯੋਗ ਜ਼ਿਕਰ ਸੁਣਨ ਨੂੰ ਮਿਲਿਆ। ਅਫਸੋਸ ਦੀ ਗੱਲ ਇਹ ਹੈ ਕਿ ਜਦੋਂ ਇਹ
ਬੱਚੀਆਂ ਇਥੇ ਆ ਕੇ ਦਰਿੰਦਿਆਂ ਦੇ ਵਸ ਪੈ ਜਾਂਦੀਆਂ ਹਨ ਤਾਂ ਉਸ ਹਾਲਤ ਵਿਚ ਜਦੋਂ ਉਹ ਆਪਣੇ ਮਾਪਿਆਂ ਨੂੰ ਵਾਪਸ ਪੰਜਾਬ ਅਉਣ ਦੀ
ਮਜ਼ਬੂਰੀ ਦੱਸਦੀਆਂ ਹਨ ਤਾਂ ਉਹਨਾ ਦੇ ਮਾਪੇ ਵੀ ਮਨ੍ਹਾਂ ਕਰਦੇ ਹਨ ਕਿ ਜਿਵੇਂ ਕਿਵੇਂ ਉਹ ਯੂ ਕੇ ਵਿਚ ਹੀ ਸੈਟਲ ਹੋ ਜਾਣ ਪਰ ਵਾਪਸ ਨਾ
ਅਉਣ।

ਪਾਕਿਸਤਾਨ ਵਿਚ ਹਿੰਦੂ ਤੇ ਸਿੱਖ ਲੜਕੀਆਂ ਨਿਸ਼ਾਨੇ ‘ਤੇ

ਪਾਕਿਸਤਾਨ ਤੋਂ ਇਹ ਖਬਰਾਂ ਲਗਾਤਾਰ ਆ ਰਹਿਆਂ ਹਨ ਕਿ ਉਥੇ ਹਿੰਦੂ ਅਤੇ ਸਿੱਖ ਲੜਕੀਆਂ ਨੂੰ ਅਗਵਾ, ਜਬਰਜਨਾਹ ਅਤੇ ਜਬਰੀਧਰਮ
ਬਦਲੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਕੁਝ ਦਿਨ ਪਹਿਲਾਂ ਮੀਡੀਏ ਦੀ ਇੱਕ ਖਬਰ ਮੁਤਾਬਕ ਸਿੰਧ ਸੂਬੇ ਦੇ ਹੈਦਰਾਬਾਦ ਸ਼ਹਿਰ ਦੇ
ਫਤਹਿ ਚੌਂਕ ਵਿਚ ਇੱਕ ਹਿੰਦੂ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ। ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਲੜਕੀ
ਬਾਰੇ ਕੁਝ ਪਤਾ ਨਾ ਲੱਗਾ। ਪਾਕਿਸਤਾਨ ਵਿਚ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੀ ਇਹ ਘਟਨਾ ਪੰਦਰਾਂ ਦਿਨਾਂ ਵਿਚ ਚੌਥੀ ਦੱਸੀ ਗਈ
ਸੀ। ਇੱਕ ਲੜਕੀ ਨੂੰ ਮੀਰਪੁਰਖਾਸ ਨਗਰ ਵਿਚ ਘਰ ਜਾਂਦਿਆਂ ਅਗਵਾ ਕਰ ਲਿਆ ਗਿਆ ਸੀ ਜਦ ਕਿ ਇਹੀ ਕੁਝ ਨਾਸਰਪੁਰ ਇਲਾਕੇ
ਵਿਚ ਇੱਕ ੧੪ ਸਾਲ ਦੀ ਨਬਾਲਗ ਲੜਕੀ ਨਾਲ ਵਾਪਰਿਆ ਸੀ।
ਇਹੋ ਜਹੀਆਂ ਘਟਨਾਵਾਂ ਵਿਚ ਜਦੋਂ ਦਹਿਸ਼ਤਜ਼ਦਾ ਲੜਕੀਆਂ ਜਾਂ ਔਰਤਾਂ ਬਾਰੇ ਪਤਾ ਲਗਦਾ ਹੈ ਤਾਂ ਉਹਨਾ ਨਾਲ ਜਬਰਜਨਾਹ ਹੋ ਚੁੱਕੇ
ਹੁੰਦੇ ਹਨ ਅਤੇ ਉਹਨਾ ਨੂੰ ਏਨਾ ਡਰਾਇਆ ਧਮਕਾਇਆ ਜਾਂਦਾ ਹੈ ਕਿ ਉਹ ਇਹ ਬਿਆਨ ਦੇਣ ਲਈ ਮਜ਼ਬੂਰ ਹੋ ਜਾਂਦੀਆਂ ਹਨ ਕਿ ਉਹਨਾ
ਨੇ ਨਾ ਕੇਵਲ ਆਪਣੀ ਮਰਜ਼ੀ ਨਾਲ ਆਪਣਾ ਧਰਮ ਬਦਲਿਆ ਹੈ ਸਗੋਂ ਸਬੰਧਤ ਮੁਸਲਮਾਨ ਵਿਅਕਤੀ ਨਾਲ ਵਿਆਹ ਵੀ ਕਰ ਲਿਆ ਹੈ।
ਏਹੋ ਕੁਝ ਹੋਇਆ ਸੀ ਇੱਕ ਰਵੀ ਕੁਰਮੀ ਨਾਮ ਦੀ ਹਿੰਦੂ ਔਰਤ ਨਾਲ ਜਦੋਂ ਉਸ ਦੇ ਪਤੀ ਨੇ ਪੁਲਿਸ ਕੋਲ ਆਪਣੇ ਪਤਨੀ ਦੇ ਅਗਵਾ ਕਰ

ਲਏ ਜਾਣ ਦੀ ਇਤਲਾਹ ਦਿੱਤੀ ਤਾਂ ਪੁਲਿਸ ਵਲੋਂ ਕਿਹਾ ਗਿਆ ਕਿ ਰਵੀ ਕੁਰਮੀ ਨੇ ਤਾਂ ਆਪਣੀ ਮਰਜ਼ੀ ਨਾਲ ਅਹਿਮਦ ਚੰਦੀਓ ਨਾਮੀ
ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ। ਇਸ ਤਰਾਂ ਦਾ ਵਿਵਹਾਰ ਤਿੰਨ ਹੋਰ ਹਿੰਦੂ ਲੜਕੀਆਂ ਨਾਲ ਵਾਪਰਿਆ।
੨੧ ਮਾਰਚ ਨੂੰ ਪੂਜਾ ਨਾਮ ਦੀ ਇੱਕ ਹਿੰਦੂ ਲੜਕੀ ਨਾਲ ਸੁੱਕਰ ਵਿਚ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਿਓਂਕਿ
ਉਸ ਨੇ ਇਕ ਪਾਕਿਸਤਾਨੀ ਮੁਸਲਮਾਨ ਵਿਅਕਤੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਫਿਰ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਬੁਨੇਰ ਜ਼ਿਲੇ ਵਿਚ ਅਗਸਤ ੨੦੨੨ ਨੂੰ ਇੱਕ ਬੀਨਾ ਕੁਮਾਰੀ ਨਾਮੀ ਸਿੰਧੀ ਸਿੱਖ ਲੜਕੀ ਦਾ
ਜਬਰੀ ਧਰਮ ਪ੍ਰਵਿਰਤਨ ਕਰਨ ਦਾ ਮਾਮਲੇ ਸਾਹਮਣੇ ਆਇਆ ਸੀ। ਜਬਰੀ ਇਸਲਾਮ ਧਾਰਨ ਕਰਵਾ ਕੇ ਮੁਸਲਮਾਨ ਵਿਅਕਤੀ ਵਲੋਂ ਇਸ
ਸਿੱਖ ਲੜਕੀ ਨਾਲ ਜ਼ਬਰਦਸਤੀ ਨਿਕਾਹ ਕਰ ਲਿਆ ਗਿਆ ਸੀ। ਦਹਿਸ਼ਤਜ਼ਦਾ ਇਸ ਲੜਕੀ ਨੂੰ ਵੀ ਮੀਡੀਏ ਸਾਹਮਣੇ ਇਹੀ ਬਿਆਨ ਦੇਣ
ਲਈ ਮਜ਼ਬੂਰ ਕੀਤਾ ਗਿਆ ਸੀ ਕਿ ਉਸ ਨੇ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਸੀ। ਇਸੇ ਤਰਾਂ ਦੀ ਘਟਨਾ ੨੦੨੦ ਨੂੰ ਨਨਕਾਣਾ
ਸਾਹਿਬ ਵਿਚ ਇੱਕ ਗ੍ਰੰਥੀ ਦੀ ਲੜਕੀ ਨਾਲ ਵਾਪਰੀ ਸੀ। ਇਸ ਮਾਮਲੇ ਵਿਚ ਮੁੱਦੇ ਨੇ ਭਾਵੇਂ ਕੌਮਾਂਤਰੀ ਤੂਲ ਫੜਿਆ ਅਤੇ ਮੁਜ਼ਾਹਰੇ ਆਦਿ ਵੀ
ਹੋਏ ਪਰ ਉਸ ਮਜ਼ਬੂਰ ਲੜਕੀ ਨਾਲ ਵੀ ਏਨਾ ਕੁਝ ਹੋ ਚੁੱਕਾ ਸੀ ਕਿ ਦਹਿਸ਼ਤਜ਼ਦਾ ਹਾਲਤ ਵਿਚ ਉਸ ਨੇ ਵੀ ਇਹ ਹੀ ਬਿਆਨ ਦਿੱਤਾ ਸੀ
ਕਿ ੳਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਅਤੇ ਮੁਸਲਮਾਨ ਵਿਅਕਤੀ ਨਾਲ ਨਿਕਾਹ ਕੀਤਾ ਸੀ।
ਨਬਾਲਗ ਸਿੱਖ ਲੜਕੇ ਨੂੰ ਵੀ ਕੁਕਰਮ ਦਾ ਨਿਸ਼ਾਨਾ ਬਣਾਇਆ ਗਿਆ

ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਕਬਾਬਾਦ ਇਲਾਕੇ ਵਿਚ ਹੋਈ ਦੱਸੀ ਜਾਂਦੀ ਹੈ। ਇਹ ੧੪ ਸਾਲਾ ਲੜਕਾ ਦੀਵਾਲੀ ਦੇ ਮੌਕੇ ਨੂੰ
ਮੁਖ ਰੱਖਕੇ ਮੋਟਰਸਾਈਕਲ ਖ੍ਰੀਦਣ ਦੀ ਕੋਸ਼ਿਸ਼ ਵਿਚ ਸੀ ਜਦੋਂ ਉਸ ਨੂੰ ਇਹ ਲਾਲਚ ਦੇ ਕੇ ਦੋ ਮੁਸਲਮਾਨ ਵਿਕਅਤੀਆਂ ਵਲੋਂ ਬਰਗਲਾ ਕੇ
ਅਗਵਾ ਕਰ ਲਿਆ ਗਿਆ। ਇਹ ਘਟਨਾ ੧੦ ਅਕਤੂਬਰ ਨੂੰ ਵਾਪਰੀ ਅਤੇ ਪੀੜਤ ਲੜਕੇ ਦੇ ਪਿਤਾ ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ ਸੀ।
ਕੁਕਰਮ ਨੂੰ ਅੰਜਾਮ ਦੇਣ ਵਾਲਾ ਮੁਸਲਮਾਨ ਮੋਟਰਸਾਈਕਲ ਰਿਪੇਅਰ ਕਰਨ ਦੀ ਦੁਕਾਨ ‘ਤੇ ਕੰਮ ਕਰਦਾ ਸੀ । ਇਸ ਵਿਅਕਤੀ ਨੇ ਦਿਨ ਦੇ
ਤਿੰਨ ਵਜੇ ਸਿੱਖ ਲੜਕੇ ਨੂੰ ਮੋਟਰਸਾਈਕਲ ਦੇਣ ਦੇ ਬਹਾਨੇ ਇੱਕ ਖਾਲੀ ਇਮਾਰਤ ਵਿਚ ਬੁਲਾ ਲਿਆ ਅਤੇ ਫਿਰ ਆਪਣੇ ਸਾਥੀ ਨਾਲ ਮਿਲ
ਕੇ ਬਦਫਹਿਲੀ ਨੂੰ ਅੰਜਾਮ ਦਿੱਤਾ। ਇਸ ਸਬੰਧ ਵਿਚ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਅਤੇ ਐਫ ਆਈ ਆਰ ਦਰਜ ਕਰ
ਦਿੱਤੀ ਜਦ ਕਿ ਪੁਲਸ ਮੁਲਜ਼ਮਾਂ ਦੀ ਭਾਲ ਵਿਚ ਹੈ।

ਪਾਕਸਿਤਾਨ ਵਿਚ ਜਬਰੀ ਧਰਮ ਬਦਲੀ ਵਿਰੁੱਧ ਬਿੱਲ

ਇਸ ਸਬੰਧੀ ਪਿਛਲੇ ਕੁਝ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਸੰਸਦ ਕਮੇਟੀ ਨੇ ਇਹ
ਬਿੱਲ ਰੱਦ ਕਰ ਦਿੱਤਾ ਸੀ ਤੇ ਧਾਰਮਕ ਮਾਮਲਿਆਂ ਬਾਰੇ ਮੰਤਰੀ ਦੇ ਬਿਆਨ ਸਨ ਕਿ ਇਸ ਸਬੰਧੀ ਮਹੌਲ ਸਾਜ਼ਗਾਰ ਨਹੀਂ ਹੈ। ਮੰਤਰੀ ਨੂਰੁਲ
ਹੱਕ ਕਾਦਰੀ ਤਾਂ ਇਸ ਸਬੰਧੀ ਏਨੇ ਡਰੇ ਹੋਏ ਸਨ ਕਿ ਡਾਨ ਅਖਬਾਰ ਦੇ ਬਿਆਨ ਵਿਚ ਮੰਤਰੀ ਦਾ ਕਹਿਣਾ ਸੀ ਕਿ ਇਸ ਤਰਾਂ ਦਾ ਕਾਨੂੰਨ
ਦੇਸ਼ ਦੀ ਸ਼ਾਂਤੀ ਭੰਗ ਕਰ ਸਕਦਾ ਹੈ ਜਿਸ ਦਾ ਅਸਰ ਧਾਰਮਕ ਘੱਟਗਿਣਤੀਆਂ ‘ਤੇ ਬੁਰਾ ਪਏਗਾ। ਪਾਕਿਸਤਾਨ ਵਿਚ ਧਾਰਮਕ
ਘੱਟਗਿਣਤੀਆਂ ਦੀ ਨਫਰੀ ਸਬੰਧੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੀ ਫੈਕਟਬੁੱਕ ਦੇ ਹਵਾਲੇ ਨਾਲ ਬੀਬੀਸੀ ਨੇ ਇਹ ਸਪੱਸ਼ਟ ਕੀਤਾ ਸੀ ਕਿ
ਹਿੰਦੂ, ਇਸਾਈ ਅਤੇ ਹੋਰ ਘੱਟਗਿਣਤਿਆਂ ਪਾਕਿਸਤਾਨ ਦੀ ਅਬਾਦੀ ਦਾ ਕੇਵਲ ੩.੫ ਪ੍ਰਤੀਸ਼ਤ ਹੀ ਬਣਦੀਆਂ ਹਨ।

ਇੱਕ ਬੀਬੀ ਵੱਲੋਂ ਮੁਸਲਮਾਨ ਕੱਟੜਪੰਥੀਆਂ ਨੂੰ ਚਿਤਾਵਨੀ

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਨਾ ਕੇਵਲ ਘੱਟਗਿਣਤੀਆਂ ਨੂੰ ਨਿਸ਼ਾਨੇ ‘ਤੇ ਰੱਖਿਆ ਜਾ ਰਿਹਾ ਹੈ ਸਗੋਂ ਕੱਟੜਪੰਥੀ ਲੋਕ ਔਰਤਾਂ ‘ਤੇ
ਵੀ ਅਕਹਿ ਸ਼ੋਸ਼ਣ ਕਰ ਰਹੇ ਹਨ। ਅੱਜਕਲ ਇੱਕ ਬੀਬੀ ਜੋ ਕਿ ਚਾਦਰ ਵਿਚ ਲਿਪਟੀ ਮੁਸਲਮਾਨ ਪ੍ਰਤੀਤ ਹੁੰਦੀ ਹੈ ਵਲੋਂ ਕੱਟੜਪੰਥੀਆਂ ਨੂੰ
Reply to hayat Langheri’s comment ਵਿਸ਼ੇ ਹੇਠ ਉਰਦੂ ਵਿਚ ਨਸੀਹਤ ਜਾਰੀ ਕੀਤੀ ਗਈ ਹੈ ਜਿਸ ਦਾ ਕਿ ਇਥੇ ਅਸੀਂ
ਪੰਜਾਬੀ ਅਨੁਵਾਦ ਦੇ ਰਹੇ ਹਾਂ-
‘ ਇਹ ਮੈਨੂੰ ਕਹਿ ਰਹੇ ਹਨ ਕਿ ਤੇਰਾ ਜੋ ਅਕੀਦਾ ਹੈ, ਇਸ ਅਕੀਦੇ ਵਾਲਾ ਕਾਫਰ ਹੁੰਦਾ ਹੈ। ਤੁਸੀਂ ਮੁਸਲਮਾਨ ਲੋਕ ਪਹਿਲਾਂ ਮੈਨੂੰ ਇਹ ਦੱਸੋ
ਕਿ ਪਿਛਲੇ ਇੱਕ ਹਜ਼ਾਰ ਸਾਲ ਤੋਂ ਤੁਸੀਂ ਕੀਤਾ ਕੀ ਹੈ? ਤੁਸੀਂ ਜੋ ਕਾਫਰ, ਜੰਨਤ ਜਾਂ ਜਹੰਨਮ ਦੇ ਫਤਵੇ ਜਾਰੀ ਕਰਦੇ ਹੋ ਇਸ ਤੋਂ ਇਲਾਵਾ
ਤੁਸੀਂ ਕੀਤਾ ਕੀ ਹੈ? ਤੁਹਾਡੇ ਪੱਲੇ ਜ਼ੁਬਾਨ ਚਲਾਉਣ ਤੋਂ ਇਲਾਵਾ ਹੋਰ ਹੈ ਕੀ? ਇਲਮ ਤੁਹਾਡੇ ਕੋਲ ਨਹੀਂ ਹੈ, ਟੈਕਨਾਲੋਜੀ ਤੁਹਾਡੇ ਕੋਲ
ਨਹੀਂ, ਜਿੱਦਤ ਤੁਹਾਡੇ ਕੋਲ ਨਹੀਂ ਹੈ, ਮੂਵ ਔਨ ਕਰਨੇ ਦੀ ਹਿੰਮਤ ਤੁਹਾਡੇ ਕੋਲ ਨਹੀਂ ਹੈ। ਉਲਾਮੀ ਤੁਹਾਡੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ।
ਕਦੀ ਤੁਸੀਂ ਯਹੂਦੀ ਦੇ ਗੁਲਾਮ ਹੋ ਜਾਂਦੇ ਹੋ ਅਤੇ ਕਦੀ ਨਸਰਾਨੀ ਦੇ। ਕਦੀ ਤੁਸੀਂ ਨਫਸ ਦੇ ਗੁਲਾਮ ਹੋ ਜਾਂਦੇ ਹੋ। ਕਦੀ ਤੁਸੀਂ ਖਾਹਿਸ਼ ਦੇ
ਗੁਲਾਮ ਹੋ ਜਾਂਦੇ ਹੋ। ਸੋ ਤੁਹਾਡੇ ਪੱਲੇ ਹੈ ਕੀ। ਅਸਲ ਵਿਚ ਤੁਹਾਡੇ ਪੱਲੇ ਉਂਗਲੀ ਉਠਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਉਂਗਲੀ
ਕਰਕੇ ਕਿਸੇ ਨੂੰ ਤੁਸੀਂ ਜਹੰਨਮੀ ਤੇ ਕਾਫਰ ਕਹਿੰਦੇ ਹੋ। ਕਿਸੇ ਨੂੰ ਕਹਿੰਦੇ ਹੋ ਕਿ ਤੁਹਾਡਾ ਅਕੀਦਾ ਗਲਤ ਹੈ। ਤੁਸੀਂ ਫਤਵੇ ਜਾਰੀ ਇਸ ਕਰਕੇ
ਕਰਦੇ ਹੋ ਕਿਓਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਅੰਦਰ ਕੋਈ ਗੁਣ (ਏਬਿਲਿਟੀ) ਨਹੀਂ ਹੈ। ਇਸ ਤੋਂ ਪਹਿਲਾਂ ਕਿ ਕੋਈ ਤੁਹਾਡੀ ਮੂੜ੍ਹਤਾ ਬਾਰੇ
ਤੁਹਾਨੂੰ ਡਿਸਏਬਲ ਕਹਿ ਦੇਵੇ ਤਾਂ ਤੁਸੀਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹੋ ਤਾਂ ਕਿ ਅਗਲਾ ਦੱਬ ਜਾਵੇ। ਕੁਝ ਸ਼ਰਮ ਕਰੋ। ਇਸ ਬਾਰੇ ਕੁਝ ਸੋਚੋ ਕਿ

ਆਖਰ ਕਿਓਂ ਅਸੀਂ ਲੋਕ ਆਪਣੇ ਆਪ ਨੂੰ ਮੁੜ ਔਨ ਨਹੀਂ ਕਰਦੇ। ਇਹ ਕਾਫਰਪੁਣੇ, ਜਹੰਨਮੀ ਅਤੇ ਜੰਨਤਪੁਣੇ ਚੋਂ ਨਿਕਲ ਕੇ ਕੋਈ ਅਕਲ
ਦੀ ਸੋਚ ਅਸੀਂ ਆਪਣੇ ਅੰਦਰ ਕਿਓਂ ਨਹੀਂ ਪੈਦਾ ਕਰਦੇ। ਕਿਓਂ ਅਸੀਂ ਆਪਣੇ ਅੰਦਰ ਟੈਕਨਾਲੌਜੀ ਜਿੱਦਤ ਦੀ ਸੋਚ ਨੂੰ ਪੈਦਾ ਨਹੀਂ ਕਰਦੇ।
ਕਿਓਂ ਤੁਹਾਨੂੰ ਹਰ ਨਵੀਂ ਕਾਢ ਲਈ ਯਹੂਦੀ, ਇਸਾਈ ਜਾਂ ਨਸਰਾਨੀ ਵਲ ਦੇਖਣਾ ਪੈਂਦਾ ਹੈ। ਕਿਓਂ ਤੁਹਾਡੇ ਆਪਣੇ ਵਿਚ ਏਨੀ ਖੂਬੀ ਨਹੀਂ ਹੈ
ਕਿ ਤੁਸੀਂ ਕੋਈ ਨਵੀਂ ਕਾਢ ਕੱਢ ਸਕੋ। ਫੋਨ ਲਈ ਤੁਸੀਂ ਯਹੂਦੀ ਵਲੋ ਦੇਖ ਰਹੇ ਹੋ, ਕਿਸੇ ਨਵੀਂ ਪ੍ਰੌਡਕਟ ਲਈ ਤੁਸੀਂ ਯਹੂਦੀ ਦੇ ਹੱਥਾਂ ਵਲ
ਦੇਖ ਰਹੇ ਹੋ। ਕਾਫਰਾਂ ਤੋਂ ਤੁਸੀਂ ਇੰਟਰਨੈਟ, ਮੋਬਾਇਲ ਵਗੈਰਾ ਹਰ ਚੀਜ਼ ਲੈ ਰਹੇ ਹੋ। ਪਰ ਕਿਓਂ ਕਿ ਤੁਸੀਂ ਜੰਨਤੀ ਹੋ ਸੋ ਇਸ ਜੰਨਤੀ ਹੋਣ ਦੀ
ਵਜ੍ਹਾ ਕਰਕੇ ਤੁਸੀਂ ਖੁਸ਼ ਹੋ ਭਾਵੇਂ ਇਸੇ ਕਾਰਨ ਤੁਹਾਨੂੰ ਕਮਤਰ ਸਮਝਿਆ ਜਾਵੇ ਜਾਂ ਤੁਹਾਨੂੰ ਥਰਡ ਵਰਲਡ ਸਮਝਿਆ ਜਾਵੇ ਤੁਹਾਨੂੰ ਸਭ
ਮਨਜ਼ੂਰ ਹੈ ਪਰ ਤੁਸੀਂ ਆਪਣੀ ਉਂਗਲੀ ਚੁੱਕਣੀ ਜਾਰੀ ਰੱਖੋਗੇ ਭਾਵੇਂ ਕਿ ਬਾਕੀ ਦੀਆਂ ਚਾਰ ਉਂਗਲਾਂ ਤੁਹਾਡੇ ਵਲ ਇਸ਼ਾਰਾ ਕਰਕੇ ਦੱਸ
ਰਹੀਆਂ ਹੋਣ ਕਿ ਤੁਹਾਡੀ ਔਕਾਤ ਕੀ ਹੈ?

ਇਹ ਇਸ਼ਾਰਾ ਸਾਡੇ ਸਭ ਲਈ ਹੈ

ਇਸ ਬੀਬੀ ਨੇ ਜੋ ਕੱਟੜਪੰਥੀ ਮੁਸਲਮਾਨਾ ਲਈ ਕਿਹਾ ਹੈ ਇਹ ਸਾਡੇ ‘ਤੇ ਵੀ ਇਨ ਬਿੰਨ ਲਾਗੂ ਹੋ ਰਿਹਾ ਹੈ। ਪਿਛਲੇ ਦਿਨੀ ਲੈਸਟਰ ਵਿਚ
ਹਿੰਦੂ ਮੁਸਲਮਾਨਾਂ ਦਰਮਿਆਨ ਭੜਕੇ ਦੰਗਿਆਂ ਦਾ ਮੁੱਖ ਕਾਰਨ ਸੋਸ਼ਲ ਸਾਈਟਾਂ ‘ਤੇ ਕੀਤਾ ਗਿਆ ਕੂੜ ਪ੍ਰਚਾਰ ਮੰਨਿਆ ਗਿਆ ਹੈ। ਬੀ ਬੀ
ਸੀ ਮਾਨਿਟਰਿੰਗ ਵਲੋਂ ਦੋ ਲੱਖ ਟਵੀਟਸ ‘ਤੇ ਕੀਤੀ ਇੱਕ ਜਾਂਚ ਦੌਰਾਨ ਇਹ ਜਾਣ ਕੇ ਹੈਰਾਨੀ ਹੋਈ ਕਿ ਅੱਧੇ ਤੋਂ ਵੱਧ ਅਕਾਊਂਟਸ ਦਾ ਜੀਓ
ਲੋਕੇਸ਼ਨ ਭਾਰਤ ਵਿਚ ਸੀ। ਭਾਵ ਕਿ ਮਜ਼੍ਹਬੀ ਅਤੇ ਨਸਲੀ ਨਫਰਤ ਫੈਲਾਉਣ ਲਈ ਲੱਖਾਂ ਦੀ ਗਿਣਤੀ ਵਿਚ ਭਾਰਤ ਬੈਠੇ ਲੋਕ ਬਲਦੀ ‘ਤੇ
ਤੇਲ ਪਾ ਰਹੇ ਹਨ। ਇਸ ਮਾਮਲੇ ਵਿਚ ਕਿਹੜੀ ਧਿਰ ਕਿੰਨੀ ਜ਼ਿੰਮੇਵਾਰ ਹੈ ਇਸ ਦਾ ਲੇਖਾ ਜੋਖਾ ਹੋਣਾ ਬਹੁਤ ਜਰੂਰੀ ਹੈ। ਸੋਸ਼ਲ ਮੀਡੀਏ
ਦੀਆਂ ਵੱਖ ਵੱਖ ਸਾਈਟਾਂ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੀ ਪਛਾਣ ਭਾਵ ਕਿ ਆਈ ਡੀ ਲੁਕਾ ਕੇ ਜਿਥੇ ਗੁਮਰਾਹਕੁੰਨ ਪ੍ਰਚਾਰ ਕਰ
ਰਹੇ ਹਨ ਉਥੇ ਆਪਣੀਆਂ ਵਹਿਸ਼ੀ ਖਾਹਿਸ਼ਾਂ ਦੀ ਪੂਰਤੀ ਲਈ ਨਬਾਲਗ ਬੱਚਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਯੂ ਕੇ ਵਿਚ
ਬੱਚਿਆਂ ਦੀ ਗਰੂਮਿੰਗ ਦਾ ਮੁੱਦਾ ਹਮੇਸ਼ਾਂ ਹੀ ਚਿੰਤਾਜਨਕ ਰਿਹਾ ਹੈ ਅਤੇ ਇਸ ਮਾਮਲੇ ਵਿਚ ਪ੍ਰਮੁਖ ਰੂਪ ਵਿਚ ਮੁਸਲਮਾਨ ਵਿਅਕਤੀਆਂ ਦੇ
ਨਾਮ ਆਉਂਦੇ ਰਹੇ ਹਨ ਜਿਹਨਾ ਦਾ ਪਿਛੋਕੜ ਪਾਕਿਸਤਾਨ ਨਾਲ ਸਬੰਧਤ ਹੈ। ਹਿੰਦੂਆਂ ਅਤੇ ਮੁਲਮਾਨਾ ਵਿਚ ਟਕਰਾਓ ਦਾ ਮੁੱਖ ਕਾਰਨ ਵੀ
ਉਹ ਮੌਲਾਣੇ, ਪੰਡਤ ਅਤੇ ਸਿਆਸੀ ਲੋਕ ਹਨ ਜੋ ਕਿ ਧਾਰਮਕ ਨਫਰਤ ਦਾ ਖੱਟਿਆ ਖਾਂਦੇ ਹਨ। ਸਾਡੇ ਮਗਜ਼ਾਂ ਵਿਚ ਧਾਰਮਕ ਨਫਰਤ,
ਧਾਰਮਕ ਜੜ੍ਹਤਾ ਅਤੇ ਲਕੀਰ ਦੀ ਫਕੀਰੀ ਫੈਲੀ ਹੋਣ ਕਰਕੇ ਅਸੀਂ ਆਪਣੇ ਜੀਵਨ ਵਿਗਿਆਨਕ ਅਤੇ ਅਗਾਂਹਵਧੂ ਚਣੌਤੀਆਂ ਨੂੰ ਪਿੱਠ ਦੇ
ਰਹੇ ਹਾਂ।

Total Views: 124 ,
Real Estate