ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਹਾਇਰ ਐਜੂਕੇਸ਼ਨ ਵਾਲੇ ਅਦਾਰਿਆਂ ਵਿਚ ਬਿਨਾਂ ਪੀ ਐੱਚ ਡੀ ਚਾਰ ਸਾਲ ਲਈ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਗਾਈਡਲਾਈਨ ਜਾਰੀ ਕੀਤੀ ਹੈ। ਇਸ ਵਿਚ ਕੇਂਦਰੀ ਯੂਨੀਵਰਸਿਟੀਆਂ, ਆਈ ਆਈ ਟੀ, ਆਈ ਆਈ ਐੱਮ ਤੱਕ ਸ਼ਾਮਲ ਹਨ। ਸ਼ਰਤ ਇਹ ਰੱਖੀ ਹੈ ਕਿ ਜਿਸ ਅਦਾਰੇ ਵਿਚ ਅਜਿਹੇ ਪ੍ਰੋਫੈਸਰ ਰੱਖੇ ਜਾਣੇ ਹਨ, ਉਸ ਅਦਾਰੇ ਦੀ ਨਜ਼ਰ ਵਿਚ ਉਹ ਆਪਣੇ ਵਿਸ਼ੇ ਦੇ ਖਾਸ ਮਾਹਰ ਹੋਣ। ਚਾਰ ਸਾਲ ਦੀ ਨਿਯੁਕਤੀ ਤੋਂ ਫੌਜ ਵਿਚ ਚਾਰ ਸਾਲ ਲਈ ਅਗਨੀਵੀਰਾਂ ਦੀ ਨਿਯੁਕਤੀ ਚੇਤੇ ਆਉਦੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਵਿਵਾਦ ਪੈਦਾ ਹੋਣਾ ਲਾਜ਼ਮੀ ਹੈ, ਕਿਉਕਿ ਵਿਜ਼ਟਿੰਗ ਫੈਕਲਟੀ ਤਹਿਤ ਤਮਾਮ ਵਿਸ਼ਿਆਂ ਵਿਚ ਮੁਹਾਰਤ ਰੱਖਣ ਵਾਲਿਆਂ ਨੂੰ ਯੂਨੀਵਰਸਿਟੀਆਂ, ਕਾਲਜ, ਆਈ ਆਈ ਟੀ ਤੇ ਆਈ ਆਈ ਐੱਮ ਪਹਿਲਾਂ ਹੀ ਬੁਲਾਉਦੇ ਆ ਰਹੇ ਹਨ ਤੇ ਉਨ੍ਹਾਂ ਨੂੰ ਪ੍ਰਤੀ ਲੈਕਚਰ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ, ਪਰ ਨਵੀਂ ਵਿਵਸਥਾ ਤਹਿਤ ਮਾਹਰ ਉਹੀ ਕਹਾਉਣਗੇ, ਜਿਨ੍ਹਾਂ ਨੂੰ ਅਦਾਰਾ ਸਵੀਕਾਰ ਕਰੇਗਾ। ਯੂ ਜੀ ਸੀ ਨੇ ਇਨ੍ਹਾਂ ਨੂੰ ‘ਪ੍ਰੋਫੈਸਰ ਆਫ ਪ੍ਰੈਕਟਿਸ’ ਨਾਂਅ ਦਿੱਤਾ ਹੈ। ਨਿਯੁਕਤੀ ਲਈ ਪਾਤਰ ਵਿਅਕਤੀ ‘ਪ੍ਰਤਿਸ਼ਠਿਤ ਮਾਹਰ’ ਹੋਣਾ ਚਾਹੀਦਾ ਹੈ, ਜਿਸ ਨੇ ਆਪਣੇ ਖੇਤਰ ਵਿਚ ਵਰਨਣਯੋਗ ਯੋਗਦਾਨ ਦਿੱਤਾ ਹੋਵੇ ਤੇ ਉਸ ਦਾ ਘੱਟੋ-ਘੱਟ 15 ਸਾਲ ਦੀ ਸੇਵਾ ਦਾ ਤਜਰਬਾ ਹੋਵੇ। ਯੂ ਜੀ ਸੀ ਨੇ ਇਹ ਸੰਬੰਧਤ ਅਦਾਰੇ ’ਤੇ ਛੱਡ ਦਿੱਤਾ ਹੈ ਕਿ ਉਹ ਕਿਸ ਖੇਤਰ ਦੇ ਪੇਸ਼ੇਵਰਾਂ ਨੂੰ ਲੈਣਾ ਚਾਹੁੰਦਾ ਹੈ। ਪ੍ਰੋਫੈਸਰ ਆਫ ਪ੍ਰੈਕਟਿਸ ਆਈ ਟੀ, ਵਿਗਿਆਨ, ਸਮਾਜ ਵਿਗਿਆਨ, ਮੀਡੀਆ, ਸਾਹਿਤ, ਹਥਿਆਰਬੰਦ ਬਲਾਂ, ਕਾਨੂੰਨ, ਲਲਿਤ ਕਲਾ ਆਦਿ ਤੋਂ ਕੋਈ ਵੀ ਹੋ ਸਕਦਾ ਹੈ, ਪਰ ਜਿਹੜੇ ਬਤੌਰ ਪ੍ਰੋਫੈਸਰ ਰਿਟਾਇਰ ਹੋ ਚੁੱਕੇ ਹਨ ਜਾਂ ਹੋਣ ਵਾਲੇ ਹਨ, ਉਨ੍ਹਾਂ ਨੂੰ ਮੌਕਾ ਨਹੀਂ ਮਿਲੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਅਹੁਦੇ ਲਈ ਕੋਈ ਰਸਮੀ ਵਿੱਦਿਅਕ ਯੋਗਤਾ ਜ਼ਰੂਰੀ ਨਹੀਂ ਹੈ, ਬੱਸ ਉਹ ਆਪਣੇ ਖੇਤਰ ਦਾ ਮਾਹਰ ਹੋਣਾ ਚਾਹੀਦਾ ਹੈ। ਕੋਈ ਭਲਵਾਨ ਕੁਸ਼ਤੀ ਬਾਰੇ ਪੜ੍ਹਾ ਸਕਦਾ ਹੈ, ਜੇ ਉਹ ਆਪਣੇ ਫੀਲਡ ਦਾ ਮਾਹਰ ਹੈ, ਵਿਦਿਅਕ ਯੋਗਤਾ ਭਾਵੇਂ ਉਸ ਦੀ ਪ੍ਰਾਇਮਰੀ ਹੋਵੇ। ਹੁਣ ਤੱਕ ਪ੍ਰੋਫੈਸਰ ਜਾਂ ਐਸੋਸੀਏਟ ਪ੍ਰੋਫੈਸਰ ਲਈ ਪੀ ਐੱਚ ਡੀ ਲਾਜ਼ਮੀ ਰਹੀ ਹੈ। ਇਸ ਦੇ ਨਾਲ ਨੈਸ਼ਨਲ ਇਲਿਜੀਬਿਲਟੀ ਟੈੱਸਟ (ਨੈੱਟ) ਵੀ ਪਾਸ ਕਰਨਾ ਜ਼ਰੂਰੀ ਹੈ। ਯੂ ਜੀ ਸੀ ਨੇ ਅਜਿਹੀਆਂ ਭਰਤੀਆਂ ਲਈ ਵਾਈਸ ਚਾਂਸਲਰਾਂ ਤੇ ਡਾਇਰੈਕਟਰਾਂ ਨੂੰ ਅਧਿਕਾਰ ਦਿੱਤੇ ਹਨ। ਅਰਜ਼ੀ ਦੇਣ ਵਾਲੇ ਦੀ ਅਰਜ਼ੀ ਉਤੇ ਜਿਹੜੀ ਚੋਣ ਕਮੇਟੀ ਵਿਚਾਰ ਕਰੇਗੀ, ਉਸ ਵਿਚ ਸੰਬੰਧਤ ਅਦਾਰੇ ਦੇ ਦੋ ਸੀਨੀਅਰ ਪ੍ਰੋਫੈਸਰ ਤੇ ਇਕ ਬਾਹਰੀ ਪ੍ਰਤਿਸ਼ਠਿਤ ਮੈਂਬਰ ਸ਼ਾਮਲ ਹੋਣਗੇ। ਚੋਣ ਕਮੇਟੀ ਦੀ ਸਿਫਾਰਸ਼ ’ਤੇ ਅਦਾਰੇ ਦੀ ਅਕਾਦਮਿਕ ਕੌਂਸਲ ਤੇ ਐਗਜ਼ੈਕਟਿਵ ਕੌਂਸਲ ਆਖਰੀ ਫੈਸਲਾ ਕਰੇਗੀ। ਘੱਟੋ-ਘੱਟ ਚਾਰ ਸਾਲ ਲਈ ਜੁਜ਼ਵੀ ਜਾਂ ਕੁਲਵਕਤੀ ਨਿਯੁਕਤੀ ਹੋ ਸਕਦੀ ਹੈ। ਸ਼ੁਰੂਆਤ ਵਿਚ ਭਰਤੀ ਇਕ ਸਾਲ ਲਈ ਹੋਵੇਗੀ ਤੇ ਪ੍ਰਦਰਸ਼ਨ ਦੇ ਆਧਾਰ ’ਤੇ ਐਕਸਟੈਂਸ਼ਨ ਦਿੱਤੀ ਜਾਵੇਗੀ। ਇਕ ਹੋਰ ਸ਼ਰਤ ਇਹ ਹੈ ਕਿ ‘ਪ੍ਰੋਫੈਸਰ ਆਫ ਪ੍ਰੈਕਟਿਸ’ ਦੀ ਸੇਵਾ ਵੱਧ ਤੋਂ ਵੱਧ ਤਿੰਨ ਸਾਲ ਹੋਵੇਗੀ ਅਤੇ ਅਸਾਧਾਰਨ ਮਾਮਲਿਆਂ ਵਿਚ ਚਾਰ ਸਾਲ ਤੱਕ ਵਧਾਈ ਜਾਵੇਗੀ ਤੇ ਕੁਲ ਸੇਵਾ ਕਿਸੇ ਵੀ ਹਾਲਤ ਵਿਚ ਚਾਰ ਸਾਲ ਤੋਂ ਵੱਧ ਨਹੀਂ ਹੋਵੇਗੀ।
ਅਗਨੀਵਰਾਂ ਤੋਂ ਬਾਅਦ ਹੁਣ ਪ੍ਰੋਫੈਸਰਵੀਰ !
Total Views: 276 ,
Real Estate