ਸਿੱਧੂ ਮੂਸੇਵਾਲਾ ਦਾ ਫਰਵਰੀ ‘ਚ ਕਰਨਾ ਸੀ ਕਤਲ,ਪਰ ਨਹੀਂ ਕਰ ਸਕੇ: ਜੱਗੂ ਤੇ ਬਿਸ਼ਨੋਈ ਨੇ ਬਣਾਈਆਂ ਸਨ 2 ਟੀਮਾਂ

 
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਵਿਚ ਫੜ੍ਹੇ ਗਏ ਸ਼ਾਰਪ ਸ਼ੂਟਰਾਂ ਮਨੀ ਰਈਆ ਤੇ ਮਨਦੀਪ ਸਿੰਘ ਤੂਫ਼ਾਨ ਨੇ ਪੁਲਸ ਹਿਰਾਸਤ ਵਿਚ ਕਈ ਰਾਜ਼ ਖੋਲ੍ਹੇ ਹਨ।ਖ਼ਬਰਾਂ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਤਿਹਾੜ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੇ ਮੂਸੇ ਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਦੋ ਟੀਮਾਂ ਤਿਆਰ ਕੀਤੀਆਂ ਸਨ। ਟੀਮ ਇਕ ਦੀ ਅਗਵਾਈ ਸ਼ਾਰਪ ਸ਼ੂਟਰ ਮਨੀ ਰਈਆ ਕਰ ਰਿਹਾ ਸੀ, ਜਦੋਂਕਿ ਦੂਜੀ ਟੀਮ ਦੀ ਅਗਵਾਈ ਦੀਪਕ ਮੁੰਡੀ ਨੇ ਕੀਤੀ ਸੀ।
ਲਾਰੈਂਸ ਬਿਸ਼ਨੋਈ ਨੇ ਮਨੀ ਰਈਆ ਨੂੰ ਸਿੱਧੂ ਮੂਸੇ ਵਾਲਾ ਦਾ ਕਤਲ ਫਰਵਰੀ ਮਹੀਨੇ ਵਿਚ ਕਰਨ ਦਾ ਹੁਕਮ ਦਿੱਤਾ ਸੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਮਨੀ ਰਈਆ, ਮਨਦੀਪ ਤੂਫ਼ਾਨ ਨੇ ਆਪਣੇ ਦੋ ਹੋਰ ਸਾਥੀਆਂ ਸਚਿਨ ਥਾਪਨ ਅਤੇ ਕਪਿਲ ਪੰਡਿਤ ਦੀ ਮਦਦ ਲਈ। ਮੁਲਜ਼ਮਾਂ ਵੱਲੋਂ ਸਿੱਧੂ ਨੂੰ ਮਾਰਨ ਤੋਂ ਬਾਅਦ ਵਿਦੇਸ਼ਾਂ ਤੋਂ ਲੱਖਾਂ ਰੁਪਏ ਇੱਥੇ ਹੀ ਮਿਲਣ ਦੀ ਗੱਲ ਆਖੀ ਗਈ ਸੀ। ਇਸ ਤੋਂ ਬਾਅਦ ਚਾਰੇ ਗੈਂਗਸਟਰਾਂ ਨੇ ਮੂਸੇ ਵਾਲਾ ਦੇ ਘਰ ਦੀ ਲਗਪਗ ਤਿੰਨ ਵਾਰ ਰੇਕੀ ਕੀਤੀ ਪਰ ਉਹ ਮੂਸੇ ਵਾਲਾ ਨੂੰ ਮਾਰ ਨਾ ਸਕੇ। ਉਨ੍ਹਾਂ ਦੀਆਂ ਯੋਜਨਾਵਾਂ ਨੂੰ ਫੇਲ੍ਹ ਹੁੰਦਾ ਦੇਖ ਕੇ ਗੋਲਡੀ ਬਰਾੜ, ਲਾਰੈਂਸ ਤੇ ਜੱਗੂ ਵੀ ਆਪਣੇ ਗੁਰਗੇ ਮਨੀ ਰਈਆ ਨਾਲ ਬਹੁਤ ਨਾਰਾਜ਼ ਹੋਏ। ਇਸ ਤੋਂ ਬਾਅਦ ਇਸ ਕੰਮ ਦੀ ਜ਼ਿੰਮੇਵਾਰੀ ਪ੍ਰਿਅਵਰਤ ਫ਼ੌਜੀ ਤੇ ਉਸ ਦੇ ਸਾਥੀਆਂ ਨੂੰ ਦਿੱਤੀ ਗਈ। ਮਨੀ ਰਈਆ ਨੂੰ ਦੱਸਿਆ ਕਿ ਉਹ ਗੈਂਗਸਟਰ ਪ੍ਰਿਅਵਰਤ ਫ਼ੌਜੀ ਨਾਲ ਮੂਸੇ ਵਾਲਾ ਦੇ ਕਤਲ ਨੂੰ ਵੀ ਅੰਜਾਮ ਦੇਵੇਗਾ। ਇਸ ਤੋਂ ਬਾਅਦ ਸ਼ਾਰਪ ਸ਼ੂਟਰਾਂ ਦੀਆਂ ਦੋਵੇਂ ਟੀਮਾਂ ਨੇ 29 ਮਈ ਦੀ ਸ਼ਾਮ ਨੂੰ ਮੂਸੇ ਵਾਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਕੰਮ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੂੰ ਕਈ ਦਿਨ ਬਠਿੰਡਾ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਰਹਿਣਾ ਪਿਆ।
ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਹਨ। ਇਨ੍ਹਾਂ ਵਿਚ .30 ਬੋਰ ਦਾ ਪਿਸਤੌਲ, .45 ਬੋਰ ਦਾ ਪਿਸਤੌਲ, .357 ਬੋਰ ਦਾ ਰਿਵਾਲਵਰ ਤੇ .32 ਬੋਰ ਦਾ ਪਿਸਤੌਲ ਸ਼ਾਮਲ ਹੈ। ਇਸ ਦੇ ਨਾਲ ਹੀ 36 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
Total Views: 438 ,
Real Estate