
ਮਹਰੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਰਪ ਸ਼ੂਟਰ ਦੀਪਕ ਮੁੰਡੀ, ਰਾਜਿੰਦਰ ਜੋਕਰ ਤੇ ਕਪਿਲ ਪੰਡਿਤ ਨੂੰ ਪੰਜਾਬ ਪੁਲਿਸ ਨੇ ਕੇਂਦਰ ਏਜੰਸੀਆਂ ਤੇ ਦਿੱਲੀ ਪੁਲਿਸ ਨਾਲ ਸਾਂਝੀ ਮੁਹਿੰਮ ਵਿਚ ਬੀਤੇ ਦਿਨੀਂ ਪੱਛਮ ਬੰਗਾਲ-ਨੇਪਾਲ ਸਰਹੱਦ ਤੋਂ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅੱਜ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ। ਮਾਨਸਾ ਪੁਲਿਸ ਨੇ ਗੈਂਗਸਟਰ ਦੀਪਕ ਮੁੰਡੀ, ਰਾਜਿੰਦਰ ਜੋਕਰ, ਕਪਿਲ ਪੰਡਿਤ ਦਾ 7 ਦਿਨਾਂ ਰਿਮਾਂਡ ਹਾਸਿਲ ਕੀਤਾ ਹੈ। ਬੀਤੀ ਰਾਤ ਪੰਜਾਬ ਪੁਲਿਸ ਇਨ੍ਹਾਂ ਸ਼ੂਟਰਾਂ ਨੂੰ ਚੰਡੀਗੜ੍ਹ ਲੈ ਕੇ ਆਈ ਸੀ ਜਿਥੋਂ ਅੱਜ ਇਨ੍ਹਾਂ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹੱਤਿਆ ਵਿਚ ਸ਼ਾਮਲ 6ਵੇਂ ਤੇ ਆਖਰੀ ਫਰਾਰ ਸ਼ਾਰਪ ਸ਼ੂਟਰ ਮੁੰਡੀ ਤੇ ਉਸ ਦੇ 2 ਸਹਿਯੋਗੀਆਂ ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਨਾਲ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੱਛਮ ਬੰਗਾਲ ਵਿਚ ਨੇਪਾਲ ਕੋਲ ਗ੍ਰਿਫਤਾਰ ਕੀਤਾ ਸੀ। ਯਾਦਵ ਨੇ ਕਿਹਾ ਕਿ ਮੁੰਡੀ ਬੋਲੈਰੋ ਮਾਡਿਊਲ ਵਿਚ ਸ਼ੂਟਰ ਸੀ ਜਦੋਂ ਕਿ ਕਪਿਲ ਪੰਡਿਤ ਤੇ ਰਾਜਿੰਦਰ ਨੇ ਹਥਿਆਰ ਲਿਆਉਣ ਵਿਚ ਮਦਦ ਕੀਤੀ ਸੀ।


















