
ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਸ਼ੁੱਕਰਵਾਰ ਦੇਰ ਰਾਤ ਸਿੰਗਾਪੁਰ ਏਅਰਲਾਈਨਜ਼ ਰਾਹੀਂ ਆਪਣੇ ਘਰ ਵਾਪਿਸ ਆ ਗਏ ਹਨ। ਆਰਥਿਕ ਸੰਕਟ ਦੇ ਵਿਚਕਾਰ, ਸ਼੍ਰੀਲੰਕਾ ਵਿੱਚ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨ 9 ਜੁਲਾਈ ਨੂੰ ਹਿੰਸਕ ਹੋ ਜਾਣ ਤੋਂ ਬਾਅਦ, ਰਾਜਪਕਸ਼ੇ 13 ਜੁਲਾਈ ਨੂੰ ਦੇਸ਼ ਛੱਡ ਕੇ ਭੱਜ ਗਏ ਸਨ। 73 ਸਾਲਾ ਰਾਜਪਕਸ਼ੇ ਬੈਂਕਾਕ ਤੋਂ ਸਿੰਗਾਪੁਰ ਦੇ ਰਸਤੇ 7 ਹਫ਼ਤਿਆਂ ਬਾਅਦ ਸ੍ਰੀਲੰਕਾ ਪਰਤੇ ਹਨ। ਕੋਲੰਬੋ ਦੇ ਬੰਦਰਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਈ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਭਾਰੀ ਸੁਰੱਖਿਆ ਵਿਚਕਾਰ ਹਵਾਈ ਅੱਡੇ ਤੋਂ ਬਾਹਰ ਲਿਆਂਦਾ ਗਿਆ। ਮੌਜੂਦਾ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਰਾਜਪਕਸ਼ੇ ਦੀ ਵਾਪਸੀ ਦਾ ਇੰਤਜ਼ਾਮ ਕਰ ਲਿਆ ਹੈ। ਇਸ ਦੇ ਲਈ ਰਾਜਪਕਸ਼ੇ ਦੀ ਅਗਵਾਈ ਵਾਲੀ ਪਾਰਟੀ ਐਸਐਲਪੀਪੀ ਨੇ ਵਿਕਰਮਸਿੰਘੇ ਨੂੰ ਬੇਨਤੀ ਕੀਤੀ ਸੀ। ਦੱਸ ਦੇਈਏ ਕਿ 19 ਅਗਸਤ ਨੂੰ ਐਸਐਲਪੀਪੀ ਦੇ ਜਨਰਲ ਸਕੱਤਰ ਸਾਗਰ ਕਰਿਆਵਾਸਮ ਨੇ ਇਸ ਸਬੰਧ ਵਿੱਚ ਵਿਕਰਮਸਿੰਘੇ ਨਾਲ ਮੀਟਿੰਗ ਕੀਤੀ ਸੀ। ਕਰਿਆਵਾਸਮ ਦੀ ਬੇਨਤੀ ‘ਤੇ ਸ੍ਰੀਲੰਕਾ ਸਰਕਾਰ ਨੇ ਰਾਜਪਕਸ਼ੇ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਗੋਟਾਬਾਯਾ ਰਾਜਪਕਸ਼ੇ ਇੱਥੇ ਵਿਜੇਰਾਮਾ ਮਵਾਥਾ ਦੇ ਕੋਲ ਇੱਕ ਸਰਕਾਰੀ ਬੰਗਲੇ ਵਿੱਚ ਰੁਕਣਗੇ ਅਤੇ ਖੇਤਰ ਦੀ ਸੁਰੱਖਿਆ ਲਈ ਇੱਕ ਵੱਡੀ ਸੁਰੱਖਿਆ ਟੁਕੜੀ ਤਾਇਨਾਤ ਕੀਤੀ ਜਾਵੇਗੀ। ਸਾਬਕਾ ਰਾਸ਼ਟਰਪਤੀ ਹੋਣ ਦੇ ਨਾਤੇ ਰਾਜਪਕਸ਼ੇ ਸਰਕਾਰੀ ਬੰਗਲਾ ਅਤੇ ਹੋਰ ਸਹੂਲਤਾਂ ਦੇ ਹੱਕਦਾਰ ਹਨ।



















