“ਸਿੱਧੂ ਦੇ ਜਾਣ ਮਗਰੋਂ ਸਾਡੀ ਜ਼ਿੰਦਗੀ ਬਹੁਤ ਔਖੀ ਹੋ ਗਈ ਹੈ”-ਬਲਕੌਰ ਸਿੰਘ


ਵੋਟਾਂ ਦੌਰਾਨ ਵੀ 8 ਵਾਰ ਮਾਰਨ ਦੀ ਕੀਤੀ ਗਈ ਸੀ ਕੋਸ਼ਿਸ਼

ਮਾਨਸਾ ਜ਼ਿਲ੍ਹੇ ਦੇ ਬੁਰਜ ਢਿੱਲਵਾਂ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ‘ਤੇ ਇੱਕ ਯਾਦਗਾਰੀ ਮਾਰਗ ਬਣਾਇਆ ਜਾ ਰਿਹਾ ਹੈ। ਜਿਸਦਾ ਉਦਘਾਟਨ ਸੋਮਵਾਰ ਨੂੰ ਉਸਦੇ ਪਿਤਾ ਬਲਕੌਰ ਸਿੰਘ ਵੱਲੋਂ ਕੀਤਾ ਗਿਆ। ਕਾਂਗਰਸ ਪਾਰਟੀ ਵਿੱਚ ਰਹਿੰਦੇ ਹੋਏ ਹਲਕਾ ਇੰਚਾਰਜ ਸਿੱਧੂ ਮੂਸੇਵਾਲਾ ਨੇ ਹੀ ਇਹ ਸੜਕ ਪਾਸ ਕਰਵਾਈ ਸੀ। ਜਿਸ ਤੋਂ ਬਾਅਦ ਸਿੱਧੂ ਦੇ ਪਿਤਾ ਵੱਲੋਂ ਇਸ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਿਤਾ ਬਹੁਤ ਜ਼ਿਆਦਾ ਭਾਵੁਕ ਹੋ ਗਏ। ਇਸ ਮੌਕੇ ਉਨ੍ਹਾਂ ਨੇ ਸਿੱਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਚੋਣਾਂ ਤੋਂ ਬਾਅਦ ਸਿੱਧੂ ਬਹੁਤ ਜ਼ਿਆਦਾ ਮਾਯੂਸ ਸੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੇਰੇ ਵਿੱਚ ਜਾਨ ਹੈ ਮੈਂ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਸਕਿਓਰਟੀ ਹਟਾਉਣ ‘ਤੇ ਮੁੜ ਸਵਾਲ ਚੁੱਕਦਿਆਂ ਕਿਹਾ ਕਿ ਸਾਡੀ ਸਕਿਓਰਟੀ ਬਾਏ ਨੇਮ ਹਟਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੇਰੇ ਸੁਪਨਿਆਂ ਵਿੱਚ ਆਉਂਦਾ ਹੈ। ਸਾਡੀ ਨਾ ਤਾਂ ਰਾਤ ਲੰਘਦੀ ਹੈ ਤੇ ਨਾ ਹੀ ਦਿਨ। ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਜਾਣ ਦਾ ਘਾਟਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਇਸ ਦੁੱਖ ਵਿੱਚੋਂ ਬਾਹਰ ਆ ਕੇ ਲੋਕਾਂ ਵਿੱਚ ਵਿਚਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਲੋਕਾਂ ਲਈ ਚੰਗੇ ਕੰਮ ਕਰੀਏ। ਉਨ੍ਹਾਂ ਨੇ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਮੂਸੇਵਾਲਾ ਨੂੰ ਵੋਟਾਂ ਦੌਰਾਨ ਪਹਿਲਾਂ ਵੀ 8 ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਗੈਂਗਸਟਰ ਵੀ ਆਪਣੀ ਬਰਾਬਰ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਦਾ ਕਸੂਰ ਸਿਰਫ਼ ਹੀ ਸੀ ਕਿ ਉਸਨੇ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਤਰੱਕੀ ਕਰ ਲਈ ਸੀ। ਸਿੱਧੂ ਨੂੰ ਮਾਰ ਕੇ ਗੈਂਗਸਟਰਾਂ ਨੇ ਮੇਰੀ ਜੜ੍ਹ ਹੀ ਪੁੱਟ ਦਿੱਤੀ। ਮੇਰੇ ਕੋਲ ਹੁਣ ਕੁਝ ਵੀ ਨਹੀਂ ਬਚਿਆ ਹੈ।

Total Views: 152 ,
Real Estate