ਪੰਜਾਬ ਕੇਂਦਰੀ ਯੂਨੀਵਰਸਿਟੀ  ਵਿਖੇ ਵਿਕਲਪਿਕ ਥੈਰੇਪੀ ਵਿਸ਼ੇ ‘ਤੇ ਸੱਤ ਰੋਜ਼ਾ ਵਰਕਸ਼ਾਪ ਸ਼ੁਰੂ

ਬਠਿੰਡਾ, 7 ਜੂਨ : ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਵਿਕਲਪਿਕ ਥੈਰੇਪੀ ਦੇ ਫੋਕਲ ਥੀਮ ‘ਤੇ ਸੱਤ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਪੇਸ਼ੇਵਰ ਮਾਹਿਰਾਂ ਵੱਲੋਂ ਭਾਗ ਲੈਣ ਵਾਲਿਆਂ ਨੂੰ ਸਿਹਤਮੰਦ ਜੀਵਨ ਲਈ ਯੋਗਾਸਨ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਪ੍ਰੋਗਰਾਮ 6 ਜੂਨ 2022 ਤੋਂ 12 ਜੂਨ 2022 ਤਕ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੱਦੇਨਜ਼ਰ ਕਰਵਾਇਆ ਜਾ ਰਿਹਾ ਹੈ।

ਉਦਘਾਟਨੀ ਸਮਾਰੋਹ ਦੌਰਾਨ ਉੱਤਰਾਖੰਡ ਸੰਸਕ੍ਰਿਤ ਯੂਨੀਵਰਸਿਟੀ, ਹਰਿਦੁਆਰ ਦੇ ਯੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਲਕਸ਼ਮੀਨਰਾਇਣ ਜੋਸ਼ੀ ਨੇ ਨਾੜੀ ਵਿਗਿਆਨ ਅਤੇ ਯੋਗਾ ਚਿਕਿਤਸਾ ਵਿਸ਼ੇ ‘ਤੇ ਇੱਕ ਸੈਸ਼ਨ ਦਾ ਸੰਚਾਲਨ ਕੀਤਾ। ਇਸ ਸੈਸ਼ਨ ਦੌਰਾਨ ਡਾ: ਜੋਸ਼ੀ ਨੇ ਦੱਸਿਆ ਕਿ ਕਿਵੇਂ ਯੋਗ ਥੈਰੇਪੀ ਵੱਖ-ਵੱਖ ਸਿਹਤ ਸਮੱਸਿਆਵਾਂ ਜਿਵੇਂ ਕਿ ਸਰਵਾਈਕਲ ਸਪੋਂਡਿਲੋਸਿਸ, ਸਾਇਏਟਿਕ ਨਰਵ ਪੇਨ,ਲਿਗਾਮੈਂਟਸ, ਪਿੱਠ ਦਰਦ ਅਤੇ ਗਠੀਏ ਦੇ ਦਰਦ ਜਾਂ ਮਾਸਪੇਸ਼ੀ ਟਿਸ਼ੂਆਂ ਨਾਲ ਸੰਬੰਧਿਤ ਕੋਈ ਹੋਰ ਦਰਦ ਤੋਂ ਰਾਹਤ ਪ੍ਰਦਾਨ ਕਰਨ ਵਿਚ ਮਦਦ ਕਰ ਸਕਦੀ ਹੈ।

ਪ੍ਰੋਗਰਾਮ ਦੀ ਸ਼ੁਰੂਆਤ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ.  ਸੰਜੀਵ ਮੰਡੇਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਯੋਗਾ ਮਾਹਿਰ ਭਾਗ ਲੈਣ ਵਾਲਿਆਂ ਨੂੰ ਨਾੜੀ ਵਿਗਿਆਨ, ਯੋਗਾ ਚਿਕਿਤਸਾ, ਯੋਗ ਆਸਣ, ਪ੍ਰਾਣਾਯਾਮ, ਸੂਰਜ ਨਮਸਕਾਰ ਅਤੇ ਆਯੁਰਵੈਦ ਪੰਚਕਰਮਾ ਬਾਰੇ ਸਿਖਲਾਈ ਦੇਣਗੇ।

ਡਾ. ਪੁਸ਼ਪਿੰਦਰ ਸਿੰਘ ਨੇ ਪ੍ਰੋਗ੍ਰਾਮ ਦੇ ਵਿਸ਼ੇ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਵੈਕਲਪਿਕ ਥੈਰੇਪੀ ਨਾ ਸਿਰਫ਼ ਤਣਾਅ ਦੇ ਪੱਧਰ ਨੂੰ ਘਟਾਉਣ, ਸਾਡੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਅਤੇ ਸਾਡੀ ਸਿਹਤ ਦੇ ਪੱਧਰ ਨੂੰ ਸੁਧਾਰਨ ਵਿਚ ਮਦਦ ਕਰਦੀ ਹੈ, ਸਗੋਂ ਇਹ ਬਿਮਾਰੀਆਂ ਦੇ ਲੱਛਣ ਨੂੰ ਕੰਟਰੋਲ ਕਰਨ ਅਤੇ ਉਹਨਾਂ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਵਿਚ ਕਾਰਗਰ ਸਾਬਤ ਹੋਈ ਹੈ। ਇਹ ਲਈ ਇਹ ਵਰਕਸ਼ਾਪ ਵੱਖ-ਵੱਖ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਲਾਹੇਵੰਦ ਹੋਵੇਗੀ। ਇਸ ਵਰਕਸ਼ਾਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਯੋਗ ਆਸਣ ਮੁਕਾਬਲਾ ਵੀ ਕਰਵਾਇਆ ਜਾਵੇਗਾ।

ਉਦਘਾਟਨੀ ਸਮਾਰੋਹ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ: ਬੀ.ਪੀ. ਗਰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਦਘਾਟਨੀ ਸੈਸ਼ਨ ਵਿੱਚ ਫੈਕਲਟੀ, ਸਟਾਫ਼ ਮੈਂਬਰਾਂ, ਵਿਦਿਆਰਥੀਆਂ ਅਤੇ ਪਿੰਡ ਘੁੱਦਾ ਦੇ ਵਸਨੀਕਾਂ ਸਮੇਤ 100 ਤੋਂ ਵੱਧ ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ।

Total Views: 57 ,
Real Estate