ਕੀ ਹੈ ਚਾਕਲੇਟ ਦੀ ਕਹਾਣੀ?

ਹਰਜੀਤ ਅਟਵਾਲ
ਹਰ ਜਨਰਲ-ਸਟੋਰ ਵਿੱਚ ਚਾਕਲੇਟਾਂ ਦਾ ਇਕ ਅਲੱਗ ਭਾਗ ਬਣਿਆਂ ਹੁੰਦਾ ਹੈ ਜੋ ਉਸ ਵਿਓਪਾਰ ਦੀ ਆਮਦਨ ਵਿੱਚ ਇਕ ਵੱਡਾ ਹਿੱਸਾ ਪਾਉਂਦਾ ਹੈ। ਬੱਚੇ ਤੋਂ ਲੈ ਕ ਬੁੱਢੇ ਤੱਕ ਖੁਸ਼ ਹੋਕੇ ਚਾਕਲੇਟ-ਬਾਰ ਖਰੀਦਦੇ ਹਨ। ਚਾਕਲੇਟ-ਬਾਰ ਤੋਂ ਬਿਨਾਂ ਹੋਰ ਵੀ ਕਈ ਬਣਤਰਾਂ ਜਾਂ ਰੂਪਾਂ ਵਿੱਚ ਮਿਲਦੇ ਹਨ। ਮੈਂ ਭਾਰਤ ਵਿੱਚ ਚਾਕਲੇਟ ਨਹੀਂ ਸਨ ਦੇਖੇ, ਸ਼ਹਿਰਾਂ ਵਿੱਚ ਹੋਣਗੇ ਵੀ, ਇਸ ਲਈ ਇਸਦੇ ਸਵਾਦ ਦਾ ਵੀ ਨਹੀਂ ਸੀ ਪਤਾ। ਇਕ ਵਾਰ ਟੌਫੀਆਂ ਦੇ ਭੁਲੇਖੇ ਖਾ ਬੈਠਾ ਤਾਂ ਮੂੰਹ ਦਾ ਮਜ਼ਾ ਖਰਾਬ ਹੋ ਗਿਆ। ਉਮਰ ਦਾ ਵੱਡਾ ਹਿੱਸਾ ਜਨਰਲ-ਸਟੋਰ ਚਲਾਉਣ ਕਾਰਨ ਮੈਂ ਅਨੇਕ ਤਰ੍ਹਾਂ ਦੇ ਚਾਕਲੇਟਾਂ ਤੋਂ ਤੇ ਇਸ ਦੀਆਂ ਕੰਪਨੀਆਂ ਤੋਂ ਜਾਣੂ ਰਿਹਾ ਹਾਂ। ਕੋਈ ਨਵਾਂ ਚਾਕਲੇਟ ਮਾਰਕੀਟ ਵਿੱਚ ਆਉਂਦਾ ਤਾਂ ਇਹ ਬਹੁਤ ਵਿਕਦਾ। ਮੈਂ ਅੱਜ ਤੱਕ ਨਹੀਂ ਸਮਝ ਸਕਿਆ ਕਿ ਇਸਦੇ ਸਵਾਦ ਵਿੱਚ ਅਜਿਹੀ ਕਿਹੜੀ ਚੀਜ਼ ਹੈ ਜਿਸ ਲਈ ਲੋਕ ਪਾਗਲ ਹੋ ਜਾਂਦੇ ਹਨ। ਇਸਦੇ ਸਵਾਦ ਤੋਂ ਪਹਿਲਾਂ ਮੈਂ ਇਹ ਸੋਚਦਾ ਕਿ ਇਹ ਕਿਸ ਚੀਜ਼ ਤੋਂ ਬਣਦਾ ਹੋਇਆ।
ਕੋਕੋ ਸ਼ਬਦ ਦੱਖਣੀ-ਅਮਰੀਕਾ ਦੇ ਕਬੀਲੇ ਮਾਇਆ ਦੀ ਬੋਲੀ ਤੋਂ ਆਇਆ ਹੈ। ਚਾਕਲੇਟ ਵੀ ਉਥੋਂ ਦੇ ਸ਼ਬਦ ਐਕਸੋਟਲ ਤੋਂ ਨਿਕਲਿਆ ਹੈ ਜਿਸ ਦੇ ਅਰਥ ਹਨ ਕੁਸੈਲਾ ਪਾਣੀ। ਕੋਕੋ-ਦਾਣਿਆਂ ਦਾ ਸਵਾਦ ਬਹੁਤ ਕੁਸੈਲਾ ਹੁੰਦਾ ਹੈ। ਇਸਦੇ ਦਰਖਤ ਨੂੰ ਕੋਕੋ-ਟਰੀ ਜਾਂ ਥਿਓਬਰੋਮਾ-ਕੋਕੋ ਆਖਦੇ ਹਨ। ਇਹ ਵੀਹ-ਪੱਚੀ ਫੁੱਟ ਉੱਚਾ ਹੁੰਦਾ ਹੈ ਤੇ ਇਹ ਸਦਾ ਬਹਾਰ ਦਰਖਤ ਹੈ। ਇਹ ਪੰਜ ਸਾਲ ਵਿੱਚ ਫਲ਼ ਦੇਣ ਦੇ ਕਾਬਲ ਹੋ ਜਾਂਦਾ ਹੈ। ਆਮ ਤੌਰ ‘ਤੇ ਤਿੰਨ ਤਰ੍ਹਾਂ ਦਾ ਕੋਕੋ-ਫਲ਼ ਚਾਕਲੇਟ ਬਣਾਉਣ ਦੇ ਕੰਮ ਆਉਂਦਾ ਹੈ, ਕਰਿਓਲੋ, ਫੌਰਾਸਟਰੋ ਤੇ ਟਰਿਨੀਟੈਰੀਓ। ਇਸ ਨੂੰ ਰਘਬੀ ਦੇ ਬਾਲ ਵਰਗਾ ਅੱਧੇ ਕੁ ਕਿੱਲੋ ਦਾ ਪੀਲੇ ਜਾਂ ਸੰਤਰੀ ਰੰਗ ਦਾ ਕੋਕੋ-ਫਲ਼ ਲਗਦਾ ਹੈ। ਕੋਕੋ-ਫਲ਼ ਡਾਲੀਆਂ ਨੂੰ ਨਾ ਲੱਗਕੇ ਤਣੇ ਨੂੰ ਲੱਗਦਾ ਹੈ। ਇਸ ਫਲ਼ ਦਾ ਅਰੰਭ ਚਿੱਟੇ ਫੁੱਲ ਤੋਂ ਹੁੰਦਾ ਹੈ। ਇਸ ਫਲ਼ ਨੂੰ ਢਾਂਗੀ ਜਾਂ ਮਚੇਟ ਨਾਂ ਦੇ ਤਿੱਖੇ ਹਥਿਆਰ ਨਾਲ ਦਰਖਤ ਤੋਂ ਲਾਹੁੰਦੇ ਹਨ। ਇਸਦੀ ਛਿੱਲ ਬਹੁਤ ਸਖਤ ਹੁੰਦੀ ਹੈ। ਇਸਦੇ ਅੰਦਰ ਕੋਕ-ਬੀਨਜ਼ ਜਾਂ ਕੋਕੋ-ਦਾਣੇ ਹੁੰਦੇ ਹਨ। ਇਕ ਕੋਕੋ-ਫਲ਼ ਵਿੱਚ ਵਿੱਚ ਪੱਚੀ ਤੋਂ ਪੰਜਾਹ ਤੱਕ ਕੋਕੋ-ਦਾਣੇ ਹੋ ਸਕਦੇ ਹਨ। ਇਹ ਖਰਬੂਜ਼ੇ ਦੇ ਬੀਆਂ ਵਾਂਗ ਚਿੱਟੀ ਲੇਸ ਵਿੱਚ ਜੁੜੇ ਹੁੰਦੇ ਹਨ। ਇਹਨਾਂ ਨੂੰ ਹਫਤਾ ਕੁ ਬੰਦ ਜਗਾਹ ਰਖਿਆ ਜਾਂਦਾ ਹੈ ਤਾਂ ਜੋ ਇਸਦੀ ਲੇਸ ਸੁੱਕ ਜਾਵੇ ਤੇ ਫਿਰ ਇਹਨਾਂ ਨੂੰ ਪਾਣੀ ਵਿੱਚ ਧੋ ਕੇ ਧੁੱਪ ਵਿੱਚ ਸੁਕਾ ਲਿਆ ਜਾਂਦਾ ਹੈ। ਇਹ ਸੁੱਕਾ ਮੇਵਾ ਹੈ ਜਿਸ ਨੂੰ ਦੇਰ ਤੱਕ ਸਾਂਭਿਆ ਜਾ ਸਕਦਾ ਹੈ। ਕੋਕੋ-ਬੀਨਜ਼ ਨੂੰ ਭੱਠੀ ‘ਤੇ ਚਾੜ ਕੇ ਰਾੜਿਆ ਜਾਂਦਾ ਹੈ ਤੇ ਫਿਰ ਇਹਨਾਂ ਨੂੰ ਪੀਹ ਕੇ ਜਾਂ ਕੁੱਟ ਕੇ ਆਟਾ ਬਣਾ ਲਿਆ ਜਾਂਦਾ ਹੈ। ਉਹੀ ਆਟਾ ਜਾਂ ਪਾਊਡਰ ਚਾਕਲੇਟ ਹੈ। ਚਾਰ ਸੌ ਕੋਕੋ-ਦਾਣਿਆਂ ਦਾ ਅੱਧਾ ਕਿੱਲੋ ਚਾਕਲੇਟ ਬਣਦਾ ਹੈ। ਇਸਨੂੰ ਪਾਣੀ ਵਿੱਚ ਘੋਲ਼ ਕੇ ਪੀਤਾ ਜਾਂਦਾ ਹੈ। ਇਸਨੂੰ ਤਰਲ ਰੂਪ ਵਿੱਚ ਹੀ ਵਰਤਿਆ ਜਾਂਦਾ ਸੀ। ਇਸਦੇ ਕੁਸੈਲੇਪਨ ਨੂੰ ਘੱਟ ਕਰਨ ਲਈ ਜਾਂ ਸਵਾਦ ਭਰਨ ਲਈ ਇਸ ਵਿੱਚ ਮਸਾਲੇ ਪਾ ਲਏ ਜਾਂਦੇ ਸਨ। ਦੱਖਣੀ ਅਮਰੀਕੀ ਲੋਕ ਇਸਨੂੰ ਰੱਬ ਦੀ ਦਾਤ ਮੰਨਦੇ ਸਨ। ਉਹਨਾਂ ਸਮਿਆਂ ਵਿੱਚ ਲੋਕ ਯੁੱਧ ਨੂੰ ਜਾਣ ਤੋਂ ਪਹਿਲਾਂ ਇਸ ਨੂੰ ਪੀ ਕੇ ਜਾਇਆ ਕਰਦੇ ਸਨ। ਅੱਜ ਵੀ ਇਸ ਨੂੰ ਸੌ ਬਿਮਾਰੀਆਂ ਦਾ ਇਲਾਜ ਮੰਨਿਆਂ ਜਾਂਦਾ ਹੈ। ਇਹ ਆਪਣੇ-ਆਪ ਵਿੱਚ ਸੰਪੂਰਨ ਭੋਜਨ ਵੀ ਹੈ। ਇਕ ਮਿੱਥ ਮੁਤਾਬਕ ਇਹ ਭੋਜਨ ਦੇਵਤਿਆਂ ਲਈ ਰਾਖਵਾਂ ਸੀ ਪਰ ਇਕ ਵਾਰ ਇਕ ਦੇਵਤੇ ਨੇ ਇਸਨੂੰ ਮਨੁੱਖ ਨਾਲ ਸਾਂਝਾ ਕਰ ਲਿਆ ਸੀ ਜਿਸ ਕਾਰਨ ਦੇਵਤਿਆਂ ਨੇ ਉਸਨੂੰ ਆਪਣੀ ਬਰਾਦਰੀ ਵਿੱਚੋਂ ਕੱਢ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਕੋਕੋ-ਦਾਣਿਆਂ ਦਾ ਇਤਿਹਾਸ ਮਨੁੱਖ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਮੈਕਸੀਕੋ ਦੇ ਤੱਟ ‘ਤੇ ਪੰਜ ਹਜ਼ਾਰ ਸਾਲ ਪੁਰਾਣਾ ਜਹਾਜ਼ ਮਿਲਿਆ ਸੀ ਜਿਸ ਵਿੱਚ ਕੋਕੋ-ਦਾਣੇ ਹੋਣ ਦੇ ਨਿਸ਼ਾਨ ਮਿਲੇ ਸਨ। ਵੈਸੇ ਵੀ ਦੱਖਣੀ ਅਮਰੀਕਾ ਦੀਆਂ ਥੇਹਾਂ ਵਿੱਚ ਵੀ ਚਾਕਲੇਟ ਵਰਤੇ ਜਾਣ ਦੇ ਸਬੂਤ ਮਿਲੇ ਹਨ।
ਕੋਕੋ-ਟਰੀ ਕੋਈ ਆਮ ਦਰਖਤ ਨਹੀਂ ਹੈ। ਪੰਦਰਾਂ ਡਿਗਰੀ ਸੈਂਟੀਗਰੇਡ ਦੇ ਤਾਪਮਾਨ ਤੋਂ ਹੇਠਾਂ ਇਹ ਨਹੀਂ ਹੋ ਸਕਦਾ ਇਸ ਲਈ ਭਾਰਤ ਵਿੱਚ ਇਸਦੇ ਹੋਣ ਦੇ ਮੌਕੇ ਬਹੁਤ ਘੱਟ ਹਨ। ਇਸਨੂੰ ਪ੍ਰਫੁੱਲਤ ਹੋਣ ਲਈ 21 ਤੋਂ 30 ਡਿਗਰੀ ਸੈਂਟੀਗਰੇਡ ਦੇ ਤਾਪਮਾਨ ਦੀ ਲੋੜ ਹੈ। ਇਸ ਨੂੰ ਕਾਫੀ ਸਾਰਾ ਮੀਂਹ ਚਾਹੀਦਾ ਹੈ ਇਸ ਲਈ ਇਹ ਭੂਮੱਧ-ਰੇਖਾ ਦੇ ਆਲੇ-ਦੁਆਲੇ ਹੀ ਹੁੰਦਾ ਹੈ। ਪਰ ਚਾਹ ਦੇ ਬੂਟਿਆਂ ਵਾਂਗ ਇਹ ਦਰਖਤ ਵੀ ਆਪਣੀਆਂ ਜੜ੍ਹਾਂ ਵਿੱਚ ਪਾਣੀ ਨੂੰ ਬਹੁਤੀ ਦੇਰ ਪਸੰਦ ਨਹੀਂ ਕਰਦਾ। ਇਹ ਦੱਖਣੀ-ਅਮਰੀਕਾ ਤੇ ਪੱਛਮੀ-ਅਫਰੀਕਾ ਵਿੱਚ ਹੁੰਦਾ ਸੀ। ਅੱਜ ਵੀ ਚਾਕਲੇਟ ਦੀ ਸੱਠ ਫੀ ਸਦੀ ਸਪਲਾਈ ਇਹਨਾਂ ਮੁਲਕਾਂ ਵਿੱਚੋਂ ਹੀ ਆਉਂਦੀ ਹੈ। ਜਦੋਂ ਕੁ ਤੋਂ ਇੰਗਲੈਂਡ, ਫਰਾਂਸ, ਹਾਲੈਂਡ, ਸਪੇਨ, ਪੁਰਤਗਾਲ ਵਰਗੇ ਮੁਲਕਾਂ ਨੇ ਅਫਰੀਕਾ ਤੇ ਦੱਖਣੀ-ਅਮਰੀਕਾ ਵਿੱਚ ਕਾਲੋਨੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਇਸ ਦਰਖਤ ਦੇ ਗੁਣ ਦੇਖ ਕੇ ਇਸ ਦੀ ਖੇਤੀ ਵਧਾ ਦਿੱਤੀ, ਨਹੀਂ ਤਾਂ ਇਹ ਦਰਖਤ ਬਹੁਤ ਦੁਰਲੱਭ ਹੁੰਦਾ ਸੀ। ਉਸ ਵੇਲੇ ਇਹ ਏਨਾ ਦੁਰਲੱਭ ਸੀ ਕਿ ਇਸ ਤੱਕ ਪਹੁੰਚ ਸਿਰਫ ਅਮੀਰ-ਲੋਕਾਂ ਦੀ ਹੀ ਸੀ। ਗਰੀਬ-ਲੋਕ ਕੋਕੋ-ਬੀਨਜ਼ ਨੂੰ ਟੈਕਸ ਦੇਣ ਲਈ ਵੀ ਵਰਤਦੇ ਸਨ। ਇਥੇ ਹੀ ਬਸ ਨਹੀਂ, ਕੋਕੋ-ਬੀਨਜ਼ ਨੂੰ ਲੈਣ-ਦੇਣ ਦੀ ਕਰੰਸੀ ਵਜੋਂ ਵੀ ਵਰਤਿਆ ਜਾਂਦਾ ਸੀ, ਜਿਵੇਂ ਕਿ ਟੱਰਕੀ (ਖਾਧ-ਪੰਛੀ) ਦੀ ਕੀਮਤ ਸੌ ਕੋਕੋ-ਬੀਨਜ਼ ਤੇ ਐਡਵੋਕੈਡੋ (ਖਾਸ-ਫਲ਼) ਦੀ ਕੀਮਤ ਤਿੰਨ ਕੋਕੋ-ਬੀਨਜ਼। ਸਪੈਨਿਸ਼ ਮਿਸ਼ਨਰੀ ਐਕੌਸਟਾ ਸੋਲਵੀਂ ਸਦੀ ਵਿੱਚ ਇਸਾਈ ਧਰਮ ਫੈਲਾਉਣ ਲਈ ਪੀਰੂ ਤੇ ਮੈਕਸੀਕੋ ਗਿਆ ਸੀ। ਉਹ ਉਥੇ ਜਾ ਕੇ ਉਹ ਕੋਕੋ-ਬੀਨਜ਼ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਹ ਲਿਖਦਾ ਹੈ, ‘‘ਭਾਵੇਂ ਕੇਲਾ ਇਥੇ ਦੀ ਲਾਭਦਾਇਕ ਚੀਜ਼ ਹੈ ਪਰ ਕੋਕੋ-ਬੀਨਜ਼ ਬਹੁਤ ਅਹਿਮ ਹੈ। ਬਦਾਮ ਨਾਲੋਂ ਛੋਟਾ ਇਹ ਮੇਵਾ ਰੱਬ ਵਲੋਂ ਭੇਜਿਆ ਤੋਹਫਾ ਹੈ। ਇਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦਾ। ਗੁਆਟਨਮਾਲਾ ਤੋਂ ਜਹਾਜ਼ਾਂ ਵਿੱਚ ਲਿਆਂਦਾ ਜਾਂਦਾ ਹੈ। ਇਸਨੂੰ ਕਰੰਸੀ ਵਜੋਂ ਵੀ ਵਰਤਿਆ ਜਾਂਦਾ ਹੈ, ਪੰਜ ਕੋਕੋ-ਬੀਨਜ਼ ਦੀ ਇਕ ਛੋਟੀ ਚੀਜ਼, ਤੀਹ ਬੀਨਜ਼ ਦੀ ਹੋਰ ਵੱਡੀ ਤੇ ਸੌ ਬੀਨਜ਼ ਦੀ ਉਸ ਤੋਂ ਵੀ ਮਹਿੰਗੀ ਸ਼ੈਅ ਖਰੀਦੀ ਜਾ ਸਕਦੀ ਹੈ।’’
1502 ਵਿੱਚ ਕੋਲੰਬਸ ਜਦ ਆਪਣੇ ਚੌਥੇ ਸਫਰ ‘ਤੇ ਦੱਖਣੀ-ਅਮਰੀਕਾ ਗਿਆ ਤਾਂ ਉਸ ਨੇ ਪਹਿਲੀ ਵਾਰ ਕੋਕੋ-ਬੀਨਜ਼ ਦੇਖੇ। ਉਸਨੇ ਉਥੋਂ ਦੇ ਮਾਇਆ-ਕਬੀਲੇ ਦੇ ਇਕ ਜਹਾਜ਼ ਉਪਰ ਹਮਲਾ ਕਰ ਕੇ ਕਬਜ਼ਾ ਕਰ ਲਿਆ। ਉਸ ਜਹਾਜ਼ ਵਿੱਚ ਕੋਕੋ-ਬੀਨਜ਼ ਸਨ। ਕੋਲੰਬਸ ਮੁਤਾਬਕ, ‘‘ਜਦ ਵੀ ਕੋਕੋ-ਬੀਨਜ਼ ਹੇਠਾਂ ਡਿਗਦੇ ਸਨ ਤਾਂ ਉਹਨਾਂ ਨੂੰ ਬਹੁਤ ਦੁੱਖ ਲਗਦਾ ਜਿਵੇਂ ਉਹਨਾਂ ਦੀਆਂ ਅੱਖਾਂ ਹੀ ਡਿਗ ਪਈਆਂ ਹੋਣ।’’ ਕੋਲੰਬਸ ਵਾਪਸ ਮੁੜਦਾ ਆਪਣੇ ਨਾਲ ਵਾਹਵਾ ਸਾਰੇ ਕੋਕੋ-ਬੀਨਜ਼ ਲੈ ਕੇ ਆਇਆ ਪਰ ਸਪੇਨ ਦੇ ਰਾਜਾ-ਰਾਣੀ ਨੇ ਇਸ ਵਿੱਚ ਕੋਈ ਦਿਲਚਸਪੀ ਨਾ ਦਿਖਾਈ। 1528 ਵਿੱਚ ਹਰਨੈਨ ਕੋਸਟਸ ਜੋ ਇਕ ਸਿਪਾਹੀ ਵੀ ਸੀ ਤੇ ਯਾਤਰੀ ਵੀ, ਸਪੈਨਿਸ਼ ਰਾਜ ਵਧਾਉਣ ਦੇ ਮਕਸਦ ਨਾਲ ਦੱਖਣੀ-ਅਮਰੀਕਾ ਗਿਆ ਸੀ। ਉਥੋਂ ਦੇ ਰਾਜੇ ਨੇ ਉਸਨੂੰ ਖਾਸ ਦੂਤ ਸਮਝ ਕੇ ਉਸ ਦੀ ਵਾਹਵਾ ਸੇਵਾ ਕੀਤੀ। ਸੋਨਾ-ਚਾਂਦੀ ਦੇ ਤੋਹਫਿਆਂ ਦੀ ਜਗਾਹ ਉਸ ਨੂੰ ਚਾਕਲੇਟ ਦਾ ਭਰਿਆ ਕੱਪ ਪੇਸ਼ ਕੀਤਾ ਗਿਆ। ਉਸ ਮੁਤਾਬਕ ਨਿਕਰਾਗੂਆ (ਦੇਸ਼) ਵਿੱਚ ਕੁਝ ਕਬੀਲੇ ਮਨੁੱਖ ਦੀ ਬਲੀ ਦੇ ਕੇ ਉਸ ਦੇ ਖੂਨ ਵਿੱਚ ਚਾਕਲੇਟ ਰਲਾ ਕੇ ਪੀਂਦੇ ਸਨ। ਜੇ ਮਨੁੱਖ ਦੀ ਬਲੀ ਨਾ ਵੀ ਦਿੱਤੀ ਜਾਂਦੀ ਤਾਂ ਗਾੜੇ-ਲਾਲ ਰੰਗ ਦੇ ਫੁੱਲਾਂ ਨੂੰ ਚਾਕਲੇਟ ਵਿੱਚ ਰਲਾ ਕੇ ਪੀਂਦੇ ਸਨ, ਇਸ ਨਾਲ ਉਹ ਖੂਨ ਪੀਂਦੇ ਹੀ ਮਹਿਸੂਸ ਕਰਦੇ। ਇਸਨੂੰ ਪੀਣ ਨਾਲ ਬੁੱਲ੍ਹਾਂ ਦੁਆਲੇ ਲਾਲ ਨਿਸ਼ਾਨ ਬਣ ਜਾਂਦੇ ਜੋ ਖੂਨ ਪੀਤੇ ਹੋਣ ਦਾ ਪ੍ਰਭਾਵ ਦਿੰਦੇ ਸਨ। ਹਰਨੈਨ ਕੋਸਟਸ ਹੀ ਚਾਕਲੇਟ ਨੂੰ ਸਪੇਨ ਲੈਕੇ ਆਇਆ ਤੇ ਇਸਦੀ ਕੁੜੱਤਣ ਘਟਾਉਣ ਲਈ ਇਸ ਵਿੱਚ ਸ਼ਹਿਦ ਤੇ ਖੰਡ ਵਰਤੇ ਗਏ। ਜਿਸ ਨਾਲ ਇਸ ਦਾ ਸਵਾਦ ਨਿਖਰ ਆਇਆ ਤੇ ਸ਼ਾਹੀ ਘਰਾਣਿਆਂ ਤੇ ਅਮੀਰ ਲੋਕਾਂ ਵਿੱਚ ਪ੍ਰਚੱਲਤ ਹੋਣ ਲੱਗਾ। ਜਲਦੀ ਹੀ ਸਪੇਨ ਵਿੱਚ ਚਾਕਲੇਟ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਧਾਰਮਿਕ ਰਸਮਾਂ ਵਿੱਚ ਵਰਤਿਆ ਜਾਣ ਲੱਗ ਪਿਆ। ਪਾਦਰੀਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਇਸਨੂੰ ਪੀਣ ਨਾਲ ਧਾਰਮਿਕ-ਵਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ, ਭਾਵ ਵਰਤ ਨਹੀਂ ਟੁੱਟਦਾ।
ਸਪੇਨ ਵਿੱਚ ਚਾਕਲੇਟ ਆ ਗਿਆ ਸੀ ਪਰ ਉਹਨਾਂ ਨੇ ਇਕ ਸਦੀ ਤੱਕ ਇਸਦੀ ਬਾਹਰ ਭਿਣਕ ਨਾ ਪੈਣ ਦਿੱਤੀ। ਇਸ ਗੱਲ ਦੀ ਇਕ ਘਟਨਾ ਗਵਾਹ ਹੈ। 1579 ਨੂੰ ਇੰਗਲੈਂਡ ਦੇ ਇਕ ਜਹਾਜ਼ ਵਲੋਂ ਸਪੇਨ ਦੇ ਜਹਾਜ਼ ਉਪਰ ਹਮਲਾ ਕਰਕੇ ਉਸ ਨੂੰ ਜਿੱਤ ਲਿਆ। ਉਸਦੀ ਤਲਾਸ਼ੀ ਲਈ ਤਾਂ ਉਸ ਵਿੱਚ ਕੋਕੋ-ਬੀਨਜ਼ ਦੀਆਂ ਭਰੀਆਂ ਬੋਰੀਆਂ ਮਿਲੀਆਂ। ਅੰਗਰੇਜ਼ਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਇਕ ਖਾਸ ਮੇਵਾ ਹੈ। ਉਹਨਾਂ ਨੇ ਸਮਝਿਆ ਕਿ ਸਪੈਨਿਸ਼ ਲੋਕ ਭੇਡਾਂ ਦੀਆਂ ਮੀਂਗਣਾਂ ਇਕੱਠੀਆਂ ਕਰੀ ਫਿਰਦੇ ਹਨ। ਗੁੱਸੇ ਵਿੱਚ ਆਕੇ ਉਹਨਾਂ ਨੇ ਜਹਾਜ਼ ਨੂੰ ਅੱਗ ਹੀ ਲਾ ਦਿੱਤੀ। ਸਪੇਨ ਤੋਂ ਚਾਕਲੇਟ ਦੇ ਫਰਾਂਸ ਆਉਣ ਦੀ ਘਟਨਾ ਵੀ ਘੱਟ ਦਿਲਚਸਪ ਨਹੀਂ ਹੈ। ਸਪੈਨਿਸ਼ ਬਹੁਤ ਦੇਰ ਤੱਕ ਇਸਨੂੰ ਛੁਪਾਉਂਦੇ ਰਹੇ। 1615 ਵਿੱਚ ਫਰਾਂਸੀਸੀ ਰਾਜੇ ਲੂਈਸ ਤੇਰਵੇਂ ਦਾ ਵਿਆਹ ਸਪੇਨ ਦੇ ਰਾਜੇ ਫਿਪਲ ਤੀਜੇ ਦੀ ਕੁੜੀ ਐਨੀ ਨਾਲ ਹੋਇਆ। ਉਹ ਦਾਜ ਵਿੱਚ ਚਾਕਲੇਟ ਦੇ ਕੁਝ ਨਮੂਨੇ ਆਪਣੇ ਨਾਲ ਲਿਆਈ ਸੀ। ਫਿਰ ਕੀ ਸੀ, ਚਾਕਲੇਟ ਦਾ ਕਰੇਜ਼ ਫਰਾਂਸ ਤੋਂ ਇਕ ਦਮ ਪੂਰੇ ਯੌਰਪ ਵਿੱਚ ਫੈਲ ਗਿਆ। ਫਰਾਂਸ ਦੇ ਰਾਜੇ ਲੂਈਸ ਪੰਦਰਵੇਂ ਨੂੰ ਚਾਕਲੇਟ ਏਨਾ ਪਸੰਦ ਸੀ ਕਿ ਉਸ ਨੇ ਆਪਣੇ ਮਹਿਲਾਂ ਵਿੱਚ ਹੀ ਇਸਦੀ ਛੋਟੀ ਜਿਹੀ ਫੈਕਟਰੀ ਲਾ ਲਈ ਸੀ। 1657 ਵਿੱਚ ਲੰਡਨ ਵਿੱਚ ਪਹਿਲਾ ਚਾਕਲੇਟ-ਹਾਊਸ ਬਣ ਗਿਆ ਸੀ ਜਿਥੇ ਅਮੀਰ ਲੋਕ ਚਾਕਲੇਟ ਪੀਂਦੇ ਗੱਪ-ਸ਼ੱਪ ਮਾਰਦੇ। ਹਾਂ, ਔਰਤਾਂ ਨੂੰ ਚਾਕਲੇਟ ਪੀਣ ਦੀ ਮਨਾਹੀ ਸੀ। ਉਸ ਵੇਲੇ ਦੇ ਮਰਦ ਸੋਚਦੇ ਸਨ ਕਿ ਚਾਕਲੇਟ ਪੀਣ ਨਾਲ ਔਰਤਾਂ ਦੇ ਸਰੀਰ ਅੰਦਰ ਖਾਸ ਕਿਸਮ ਦੀ ਉਤੇਜਨਾ ਭਰ ਜਾਵੇਗੀ ਜੋ ਉਹਨਾਂ ਲਈ ਕਾਬਲੇ-ਬਰਦਾਸ਼ਤ ਨਹੀਂ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਾਕਲੇਟ ਊਰਜਾ ਦਿੰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਚਾਕਲੇਟ ਖਾ ਕੇ ਬੱਚੇ ਜ਼ਿਆਦਾ ਛਾਲਾਂ ਮਾਰਦੇ ਹਨ। ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਵੇ ਤਾਂ ਡਾਕਟਰ ਚਾਕਲੇਟ ਖਾਣ ਦੀ ਸਲਾਹ ਦਿੰਦੇ ਹਨ।
ਸੋਲਵੀਂ ਸਦੀ ਤੋਂ ਅਠਾਰਵੀਂ ਸਦੀ ਤੱਕ ਚਾਕਲੇਟ ਦੇ ਕਰੇਜ਼ ਕਾਰਨ ਇਸ ਦੇ ਕਾਰੋਬਾਰ ਨੂੰ ਬਹੁਤ ਬੜ੍ਹਾਵਾ ਮਿਲਿਆ। ਉਸ ਵੇਲੇ ਕੋਕੋ-ਬੀਨਜ਼ ਨੂੰ ਪੀਹਣ ਜਾਂ ਕੁੱਟਣ ਦਾ ਕੰਮ ਮਨੁੱਖ ਹੀ ਕਰਦੇ ਸਨ ਤੇ ਇਸ ਕੰਮ ਲਈ ਗੁਲਾਮ ਲੋਕਾਂ ਨੂੰ ਵਰਤਿਆ ਜਾਂਦਾ ਸੀ। ਇਵੇਂ ਕਿਹਾ ਜਾ ਸਕਦਾ ਹੈ ਕਿ ਚਾਕਲੇਟ ਦਾ ਕਾਰੋਬਾਰ ਗੁਲਾਮੀ ਨੂੰ ਫੈਲਾਉਣ ਵਿੱਚ ਸਹਾਈ ਹੋਇਆ ਸੀ। ਕਿਤੇ-ਕਿਤੇ ਇਸ ਕੰਮ ਲਈ ਵਿੰਡ-ਪਾਵਰ ਤੇ ਘੋੜੇ ਵੀ ਵਰਤ ਲਏ ਜਾਂਦੇ ਸਨ। ਸਨਅੱਤੀ ਇਨਕਲਾਬ ਆਉਣ ‘ਤੇ ਮਸ਼ੀਨਾਂ ਨਾਲ ਕੋਕੋ-ਬੀਨਜ਼ ਨੂੰ ਪੀਹਿਆ ਜਾਣ ਲੱਗਾ।
ਫਰਾਂਸ ਵਿੱਚ ਪਹਿਲੀ ਚਾਕਲੇਟ-ਫੈਕਟਰੀ 1732 ਵਿੱਚ ਲੱਗੀ। 1828 ਵਿੱਚ ਇਸਨੂੰ ਪਰੋਸੈੱਸ ਕਰਨ ਵਿੱਚ ਇਨਕਲਾਬ ਹੋਇਆ। ਕੋਕੋ-ਬੀਨਜ਼ ਵਿੱਚ ਕੋਕੋ-ਬਟਰ ਕੱਢ ਲਿਆ ਗਿਆ ਤੇ ਬਾਕੀ ਬਚਦੇ ਪਾਊਡਰ ਨੂੰ ਹੋਰਨਾਂ ਖਾਧ-ਵਸਤਾਂ ਵਿੱਚ ਚਾਕਲੇਟ ਦਾ ਸਵਾਦ ਪਾਉਣ ਲਈ ਵਰਤਿਆ ਜਾਣ ਲੱਗਾ। 1847 ਵਿੱਚ ਤਰਲ ਚਾਕਲੇਟ ਨੂੰ ਮਸ਼ੀਨਾਂ ਰਾਹੀਂ ਠੋਸ ਬਣਾ ਕੇ ਇਸ ਦੇ ਚਾਕਲੇਟ-ਬਾਰ ਬਣਾ ਲਏ ਗਏ। ਉਦੋਂ ਹੀ ਅੰਗਰੇਜ਼ ਚਾਕਲੇਟੀਅਰ ਜੋਜ਼ਫ ਫਰਾਈ ਨੇ ਸਖਤ ਚਾਕਲੇਟ ਤੋਂ ਕਈ ਕਿਸਮ ਦੀਆਂ ਸਵੀਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਬ੍ਰਿਸਟਲ ਵਿੱਚ ਚਾਕਲੇਟ ਫੈਕਟਰੀ ਲਾਈ। ਅੱਜ ਵੀ ਦੁਕਾਨਾਂ ਵਿੱਚ ਫਰਾਈ’ਜ਼ ਚਾਕਲੇਟ ਮਿਲਦੇ ਹਨ। 1866 ਵਿੱਚ ਫਰਾਈ‘ਜ਼ ਚਾਕਲੇਟ ਕਰੀਮ ਬਣਾਈ ਗਈ।
ਭਾਵੇਂ ਸਤਾਰਵੀਂ ਸਦੀ ਵਿੱਚ ਹੀ ਚਾਕਲੇਟ ਵਿੱਚ ਦੁੱਧ ਰਲਾਇਆ ਜਾਣ ਲੱਗਾ ਸੀ ਪਰ ਮਿਲਕ-ਚਾਕਲੇਟ ਦੀ ਕਾਢ ਸਵਿਸ ਚਾਕਲੇਟੀਅਰ ਡੈਨੀਅਲ ਪੀਟਰ ਨੇ 1875 ਵਿੱਚ ਕੱਢੀ। 1815 ਵਿੱਚ ਡੱਚ ਕੈਮਿਸਟ ਹਾਊਟਨ ਨੇ ਵਿਸ਼ੇਸ਼ ਕਿਸਮ ਦੇ ਲੂਣ ਨਾਲ ਚਾਕਲੇਟ ਵਿੱਚਲੀ ਕੁੜੱਤਣ ਘਟਾਈ। ਇਹਨਾਂ ਸਾਲਾਂ ਵਿੱਚ ਹੀ ਚਾਕਲੇਟ ਇਸ ਤਰੀਕੇ ਨਾਲ ਬਣਾਇਆ ਜਾਣ ਲੱਗਾ ਕਿ ਇਸਦੀ ਲਾਗਤ ਵਿੱਚ ਬਹੁਤ ਕਮੀ ਆ ਗਈ। ਇਕ ਤਾਂ ਕੋਕੋ-ਬੀਨਜ਼ ਦਾ ਉਤਪਾਦਨ ਵਧ ਗਿਆ ਤੇ ਦੂਜੇ ਚਾਕਲੇਟ ਤੋਂ ਅੱਗੇ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਵੀ ਸਸਤੀਆਂ ਪੈਣ ਲਗੀਆਂ। ਹੁਣ ਚਾਕਲੇਟ ਆਮ ਬੰਦੇ ਦੀ ਪਹੁੰਚ ਵਿੱਚ ਆ ਗਿਆ ਸੀ। ਹੈਨਰੀ ਨੈਸਲੇ ਨਾਂ ਦੇ ਇਕ ਹੋਰ ਚਾਕਲੇਟੀਅਰ ਨੇ ਚਾਕਲੇਟ ਵਿੱਚ ਮਿਲਕ-ਪਾਊਡਰ ਪਾਕੇ ਇਸ ਦੇ ਲਿਕਿਓਰ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਨੈਸਲੇ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਹੋਂਦ ਵਿੱਚ ਆ ਗਈਆਂ। 1862 ਵਿੱਚ ਰਾਊਂਟਰੀ, 1868 ਵਿੱਚ ਕੈਡਬਰੀ ਦੇ ਬਣਾਏ ਚਾਕਲੇਟ ਬਹੁਤ ਮਸ਼ਹੂਰ ਹੋ ਗਏ ਜੋ ਅੱਜ ਵੀ ਪ੍ਰਚੱਲਤ ਹਨ। ਕੈਡਬਰੀ ਨੇ 1875 ਵਿੱਚ ਚਾਕਲੇਟ ਈਸਟਰ-ਐੱਗ ਬਣਾਉਣੇ ਸ਼ੁਰੂ ਕਰ ਦਿੱਤੇ। ਅੱਜ ਚਾਕਲੇਟ ਨਾਲ ਸੈਂਕੜੇ ਕਿਸਮ ਦੀਆਂ ਸਵੀਟਾਂ ਤੇ ਡਰਿੰਕਾਂ ਬਣਦੀਆਂ ਹਨ। ਅਨੇਕ ਕਿਸਮ ਦੇ ਅਲਕੋਹਲ ਵਾਲੇ ਲਿਕਿਓਰ ਵੀ ਮਿਲਦੇ ਹਨ। ਚਾਕਲੇਟ ਅਨੇਕਾਂ ਖਾਧ-ਪਦਾਰਥਾਂ ਵਿੱਚ ਸਵਾਦ ਵਜੋਂ ਪਾਇਆ ਜਾਂਦਾ ਹੈ।
ਇਸ ਤੋਂ ਬਿਨਾਂ ਘਰੇਲੂ ਖਾਣਿਆਂ ਵਿੱਚ ਵੀ ਚਾਕਲੇਟ ਆਮ ਵਰਤਿਆ ਜਾਂਦਾ ਹੈ। ਪੱਛਮੀ ਘਰਾਂ ਦੀਆਂ ਰਸੋਈਆਂ ਵਿੱਚ ਸ਼ਾਮਲ ਲੂਣ, ਤੇਲ, ਖੰਡ ਵਾਂਗ ਹੀ ਚਾਕਲੇਟ ਵੀ ਇਕ ਅਹਿਮ ਸ਼ੈਅ ਹੈ। ਅੱਜ ਦੇ ਜੀਵਨ ਵਿੱਚ ਚਾਕਲੇਟ ਜਿਉਣ ਢੰਗ ਵਿੱਚ ਸ਼ਾਮਲ ਹੈ। ਲੋਕ ਇਸ ਦੀਆਂ ਬਣੀਆਂ ਚੀਜ਼ਾਂ ਦੇ ਤੋਹਫੇ ਦਿੰਦੇ ਹਨ। ਜਨਮ-ਦਿਨਾਂ ਜਾਂ ਹੋਰ ਸਮਾਜਿਕ ਉਤਸਵਾਂ ‘ਤੇ ਚਾਕਲੇਟ-ਕੇਕ ਕੱਟੇ ਜਾਣ ਦਾ ਰਿਵਾਜ ਆਮ ਹੈ। ਜੋ ਵੀ ਹੈ ਇਸ ਦੇ ਸਵਾਦ ਨਾਲ ਹਾਲੇ ਵੀ ਮੇਰੀ ਦੋਸਤੀ ਨਹੀਂ ਹੋ ਸਕੀ।
Total Views: 102 ,
Real Estate