
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰੂਸ ਖ਼ਿਲਾਫ਼ ਹਮਾਇਤ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਅਮਰੀਕੀ ਸਫ਼ੀਰ ਯੂਕਰੇਨ ਪਰਤ ਆਵੇਗਾ। ਜ਼ੇਲੈਂਸਕੀ ਨਾਲ ਮੀਟਿੰਗਾਂ ਦੌਰਾਨ ਬਲਿੰਕਨ ਅਤੇ ਆਸਟਿਨ ਨੇ ਕਿਹਾ ਕਿ ਅਮਰੀਕਾ ਨੇ ਯੂਕਰੇਨ ਨੂੰ 16.5 ਕਰੋੜ ਡਾਲਰ ਦੇ ਗੋਲੀ-ਸਿੱਕੇ ਅਤੇ ਵਿਦੇਸ਼ੀ ਫ਼ੌਜੀ ਸਹਾਇਤਾ ਲਈ 30 ਕਰੋੜ ਡਾਲਰ ਤੋਂ ਜ਼ਿਆਦਾ ਰਕਮ ਦੇਣ ਦੀ ਪ੍ਰਵਾਨਗੀ ਦਿੱਤੀ ਹੈ।
ਰੂਸ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਯੂਕਰੇਨ ਨੂੰ ਹੋਰ ਹਥਿਆਰ ਭੇਜਣ ਤੋਂ ਗੁਰੇਜ਼ ਕਰੇ। ਰੂਸ ਦੇ ਅਮਰੀਕਾ ’ਚ ਸਫ਼ੀਰ ਰਹੇ ਅਨਾਤੋਲੀ ਐਂਟੋਨੋਵ ਨੇ ਕਿਹਾ ਕਿ ਪੱਛਮੀ ਮੁਲਕਾਂ ਵੱਲੋਂ ਯੂਕਰੇਨ ਨੂੰ ਦਿੱਤੇ ਜਾ ਰਹੇ ਹਥਿਆਰ ਬਲਦੀ ’ਚ ਤੇਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੇ ਹਥਕੰਡਿਆਂ ਨਾਲ ਹੋਰ ਵਧੇਰੇ ਨੁਕਸਾਨ ਹੋਵੇਗਾ। ਐਂਟੋਨੋਵ ਨੇ ਕਿਹਾ ਕਿ ਸ਼ਾਂਤੀ ਸਮਝੌਤੇ ਦਾ ਕੋਈ ਰਾਹ ਲੱਭਣ ਦੀ ਬਜਾਏ ਅਮਰੀਕਾ ਹਥਿਆਰ ਭੇਜ ਕੇ ਰੂਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
Total Views: 408 ,
Real Estate



















