
ਭਾਜਪਾ ਵੱਲੋਂ ਮੇਘਾਲਿਆ ਵਿੱਚ ਲਗਾਏ ਗਏ ਰਾਜਪਾਲ ਸੱਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਐੱਨਡੀਏ ਸਰਕਾਰ ਉੁੱਪਰ ਸ਼ਬਦੀ ਹਮਲੇ ਕੀਤੇ ਹਨ। ਹਰਿਆਣਾ ਦੇ ਜੀਂਦ ਵਿਖੇ ਪਹੁੰਚੇ ਸੱਤਿਆਪਾਲ ਮਲਿਕ ਨੇ ਕਿਸਾਨਾਂ ਨੂੰ ਆਖਿਆ ਕਿ ਅਗਲੀਆਂ ਚੋਣਾਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਬਦਲ ਦੇਣਾ ਚਾਹੀਦਾ ਹੈ। ਮਲਿਕ ਨੇ ਆਖਿਆ,” ਮੇਰੇ ਰਾਜਪਾਲ ਦੀ ਗੱਦੀ ਦੇ ਛੇ ਮਹੀਨੇ ਬਚੇ ਹਨ। ਉਸ ਤੋਂ ਬਾਅਦ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਇਕੱਠਾ ਕਰਾਂਗਾ ਅਤੇ ਉਨ੍ਹਾਂ ਨੂੰ ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣ ਦੀ ਅਪੀਲ ਕਰਾਂਗਾ। ਹੁਣ ਸਰਕਾਰ ਬਦਲਣ ਦਾ ਸਮਾਂ ਆ ਗਿਆ ਹੈ।” ਮਲਿਕ ਨੇ ਕਿਹਾ ਕਿ ਪਹਿਲਾਂ ਰਾਜ ਬਦਲੋ ਅਤੇ ਫਿਰ ਇਕੱਠੇ ਹੋ ਕੇ ਆਪਣੀ ਸਰਕਾਰ ਬਣਾਓ। ਜੀਂਦ ਦੇ ਕੰਡੇਲਾ ਪਿੰਡ ਵਿੱਚ ਖਾਪ ਪੰਚਾਇਤ ਦੇ ਇਸ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਨੇ ਐੱਮਐੱਸਪੀ ਕਾਨੂੰਨ ਨਾ ਬਣਨ ਉੱਪਰ ਵੀ ਸਵਾਲ ਚੁੱਕੇ। ਉਨ੍ਹਾਂ ਇਲਜ਼ਾਮ ਲਗਾਏ ਕਿ ਪ੍ਰਧਾਨ ਮੰਤਰੀ ਦੇ ਕੁਝ ਦੋਸਤ ਚਾਹੁੰਦੇ ਹਨ ਕਿ ਇਹ ਕਾਨੂੰਨ ਨਾ ਬਣੇ ਅਤੇ ਉਹ ਕਿਸਾਨਾਂ ਤੋਂ ਸਸਤੇ ਦਰ ‘ਤੇ ਅਨਾਜ ਖ਼ਰੀਦ ਕੇ ਮਹਿੰਗੀ ਦਰਾਂ ‘ਤੇ ਵੇਚਣ।ਮਲਿਕ ਨੇ ਆਖਿਆ ਕਿ ਉਨ੍ਹਾਂ ਨੇ ਕਿਸਾਨ ਪ੍ਰਦਰਸ਼ਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਗੱਲ ਕੀਤੀ ਸੀ ਅਤੇ ਉਨ੍ਹਾਂ ਮੁਤਾਬਕ ਲਾਲ ਕਿਲੇ ਉਪਰ ਨਿਸ਼ਾਨ ਸਾਹਿਬ ਲਗਾ ਦੇਣਾ ਵੀ ਕੋਈ ਗ਼ਲਤ ਨਹੀਂ ਸੀ। ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਪਹਿਲਾਂ ਵੀ ਕਈ ਵਾਰ ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨਾਂ ਪ੍ਰਤੀ ਨੀਤੀਆਂ ਦੇ ਖ਼ਿਲਾਫ਼ ਬਿਆਨ ਦੇ ਚੁੱਕੇ ਹਨ।



















