
ਕੁਲਦੀਪ ਘੁਮਾਣ
ਫਿਰੋਜ਼ਪੁਰ ਰੈਲੀ ਦੇ ਥਾਂ ਥਾਂ ਵਿਰੋਧ ਕੀਤੇ ਜਾਣ ਦੀ ਕਾਰਵਾਈ ਨੇ ਰੈਲੀ ਵਿੱਚ ਲੋਕਾਂ ਦਾ ਇਕੱਠ ਨਾ ਹੋਣ ‘ਤੇ ਪਰਦਾ ਪਾ ਦਿੱਤਾ ਹੈ। ਰੈਲੀ ਦਾ ‘ਵਿਰੋਧ ਨਾ ਕੀਤੇ ਜਾਣ ਦੇ ਬਾਵਜੂਦ ਵੀ ਜਦੋਂ ਰੈਲੀ ਵਿੱਚ ਲੋੜ ਮੁਤਾਬਿਕ ਇਕੱਠ ਨਾਂ ਹੁੰਦਾ’ , ਤਾਂ ‘ਓਹੀ ਤਸਵੀਰ’ ਅਸਲ ਵਿੱਚ,’ਅਸਲੀ ਵਿਰੋਧ’ ਦੀ ਹੋਣੀ ਸੀ। ਇਸ ਤਰ੍ਹਾਂ ਦਾ ਵਿਰੋਧ ਪੰਜਾਬ ਦੇ ਹਿੱਤ ਵਿੱਚ ਨਹੀਂ ਸੀ। ਪ੍ਰਧਾਨ ਮੰਤਰੀ ਸਤਿਕਾਰ ਦਾ ਪਾਤਰ ਹੁੰਦਾ ਹੈ , ਉਸਨੂੰ ਸੁਣਿਆ ਜਾਣਾ ਚਾਹੀਦਾ ਸੀ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਫਿਰੋਜਪੁਰ ਰੈਲੀ ਰੱਦ ਹੋਣ ਦੇ ਕਾਰਣ ਭਾਵੇਂ ਕੁਝ ਵੀ ਹੋਣ ਪਰ ਪ੍ਰਧਾਨ ਮੰਤਰੀ ਦਾ ਪੰਜਾਬ ਵਿੱਚੋਂ ਪਹਿਲੀ ਹੀ ਰੈਲੀ ਨੂੰ , ਬਿਨਾਂ ਸੰਬੋਧਨ ਕੀਤਿਆਂ ਵਾਪਸ ਜਾਣਾ , ਕਿਸਾਨੀ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਵੇਖਿਆ ਜਾ ਰਿਹਾ ਹੈ। ਸਿਆਸਤਦਾਨਾਂ ਵੱਲੋਂ ਕਹਿਣੀ ਤੇ ਕਥਨੀ ਵਿਚਲੇ ਫ਼ਰਕ ਨੇ ਲੋਕ ਮਨਾਂ ਵਿੱਚ ਬੇਭਰੋਸਗੀ ਪੈਦਾ ਕੀਤੀ ਹੈ।
ਬਹੁਤੇ ਥਾਵਾਂ ‘ਤੇ ਕਿਸਾਨਾ ਤੇ ਮਜ਼ਦੂਰਾਂ ਵੱਲੋਂ ਵਿਰੋਧ ਪ੍ਰਦਰਸ਼ਨ , ਕੁਝ ਜਿਲ੍ਹਾ ਹੈਡਕਵਾਟਰਾਂ ‘ਤੇ ਅਰਥੀ ਫੂਕ ਮੁਜ਼ਾਹਰੇ ਅਤੇ ਰੈਲੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਰੋਕ ਕੇ ਤਾਅਨੇ ਮਿਹਣੇ ਦੇਣ ਦੇ ਸਿਲਸਿਲੇ ਅਤੇ ਖਾਲੀ ਕੁਰਸੀਆਂ ਦੀਆਂ ਖਬਰਾਂ ਨੇ , ਅਗੇਤਾ ਹੀ ਰੈਲੀ ਦਾ ਪ੍ਰਭਾਵ ਸਿਰਜ ਦਿੱਤਾ ਸੀ। ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਸੜਕੀ ਰਸਤੇ ਦੇ , ਇੱਕ ਫਲਾਈਓਵਰ ‘ਤੇ ਪੰਦਰਾਂ ਵੀਹ ਮਿੰਟ ਰੁਕਣ ਨੇ , ਰੈਲੀ ਦੇ ਮੂੰਹ ਮੁਹਾਂਦਰੇ ਦੀ ਤਸਵੀਰ ਉਜਾਗਰ ਕਰ ਦਿੱਤੀ ਸੀ।
ਅਸਲ ਵਿੱਚ ਇਸ ਰੈਲੀ ਨੇ , ਜਿੰਨ੍ਹਾਂ ਪੰਜਾਂ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ , ਉਨ੍ਹਾਂ ਰਾਜਾਂ ਵਿੱਚ ਜੇਤੂ ਰੈਲੀ ਦਾ ਸੁਨੇਹਾ ਪਹੁੰਚਾਉਣਾ ਸੀ । ਜੋ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਨਹੀਂ ਪਹੁੰਚ ਸਕਿਆ।
ਰੈਲੀ ਦੇ ਰੱਦ ਹੋਣ ਨਾਲ , ਰੈਲੀ ਤੋਂ ਪਹਿਲਾਂ ਲੋਕ ਮਨਾਂ ਵਿੱਚ ਪੈਦਾ ਹੋਏ ਭਰਮ ਭੁਲੇਖੇ ਵੀ ਮੁਸ਼ਕ ਕਾਫੂਰ ਵਾਂਗ ਹਵਾ ਹੋ ਗੲੇ ਹਨ। ਜਿਸ ਤਰ੍ਹਾਂ ਦਾ ਉਤਸ਼ਾਹ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਪਾਰਟੀਆਂ ਵਿੱਚੋਂ ਆਏ ਹੋਏ ਆਗੂ , ਪਾਰਟੀ ਪ੍ਰਤੀ ਆਸਵੰਦ ਸਨ , ਉਨ੍ਹਾਂ ਦੇ ਮੱਥੇ ਵੀ ਠਣਕੇ ਤਾਂ ਜਰੂਰ ਹਨ। ਲੋਕ ਮਨਾਂ ਦੇ ਉੱਤੇ ਹਾਕਮ ਧਿਰ ਦੇ , ‘ਅੱਗੇ ਵਧ ਰਹੇ ਜੇਤੂ ਰੱਥ’ ਦੇ ਉੱਕਰੇ ਸ਼ਬਦ, ਕਥਿਤ ਧੁੰਦਲੇ ਜ਼ਰੂਰ ਪਏ ਹਨ। ਬਾਕੀ ਪਾਰਟੀਆਂ ਤੋਂ ਨਿਰਾਸ਼ ਚੱਲ ਰਹੇ ਆਗੂਆਂ ਦੇ ‘ਮੱਥਿਆਂ ਉੱਤੇ ਵੀ ਸਵਾਲੀਆ ਚਿੰਨ੍ਹ’ ਜ਼ਰੂਰ ਉੱਭਰ ਆਏ ਹਨ। ਭਾਵੇਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਵੀ ਕਰ ਦਿੱਤੀ ਗੲੀ ਹੈ। ਪਰ ਕਾਰੇ ਹੱਥੀ ਸਿਆਸਤ ਅਜੇ ਵੀ ਪਿਛਾਂਹ ਮੁੜਨ ਦੀ ਗੱਲ ਨਹੀਂ ਕਰ ਰਹੀ।
ਟੀ ਵੀ ਚੈਨਲਾਂ ‘ਤੇ ਚੱਲ ਰਹੀਆਂ ਖਬਰਾਂ ਵਿੱਚ ਰੈਲੀ ਵਾਲੀ ਸੁੰਨੀ ਥਾਂ, ਭਾਂ-ਭਾਂ ਕਰਦੀ ਨਜ਼ਰ ਆਉਂਦੀ ਸੀ । ਜਿਸਦਾ ਪ੍ਰਭਾਵ ਦੁਨੀਆਂ ਪ੍ਰਤੱਖ ਰੂਪ ਵਿੱਚ ਵੇਖ ਰਹੀ ਸੀ। ਖਾਲੀ ਪਈਆਂ ਕੁਰਸੀਆਂ, ‘ਲੋਕਾਂ ਵਿੱਚ ਰੈਲੀ ਦੇ ਉਤਸ਼ਾਹ’ ਦੀ ਤਰਜਮਾਨੀ ਕਰ ਰਹੀਆਂ ਸਨ । ਜਿਸ ਤੋਂ ‘ਹਾਕਮਾਂ ਦੇ ਮਨਾਂ’ ਵਿੱਚ ‘ਤੌਖਲੇ’ ਉਤਪੰਨ ਹੋਣੇ ਸੁਭਾਵਿਕ ਸਨ । ਜਿਸ ਕਰਕੇ ਰੈਲੀ ਕਰਨ ਨਾਲੋਂ , ਰਾਜ ਕੁਮਾਰ ਵੇਰਕਾ ਦੇ ਇੱਕ ਵੱਡੇ ਬਿਆਨ ਅਨੁਸਾਰ ਕਿ “ਰੈਲੀ ਵਿੱਚ ਇਕੱਠ ਨਾਂ ਹੋਣ ਕਰਕੇ, ਰੈਲੀ ਰੱਦ ਕਰਨੀ ਪਈ , ਠੀਕਰਾ ਭਾਵੇਂ ਸੁਰੱਖਿਆ ਕਾਰਨਾਂ ਅਤੇ ਮੌਸਮ ਸਿਰ ਭੰਨਿਆਂ ਜਾ ਰਿਹਾ ਹੈ।”
ਜੇਕਰ ਖਰਾਬ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇਹ ਮੌਸਮ ਅਚਾਨਕ ਖਰਾਬ ਨਹੀਂ ਹੋਇਆ। ਇਸ ਦਾ ਤਾਂ ਪਿਛਲੇ ਕੲੀ ਦਿਨਾਂ ਤੋਂ ਆਮ ਲੋਕਾਂ ਨੂੰ ਵੀ ਭਲੀ ਭਾਂਤ ਪਤਾ ਸੀ। ਖਰਾਬ ਮੌਸਮ ਦਾ ਤਾਂ ਦਿੱਲੀ ਹਵਾਈ ਪੱਟੀ ਤੋਂ ਉੱਡਣ ਵੇਲੇ ਵੀ ਪਤਾ ਸੀ। ਚਰਚਾਵਾਂ ਤਾਂ ਇਹ ਵੀ ਚੱਲ ਰਹੀਆਂ ਹਨ ਕਿ ਰੈਲੀ ਵਿੱਚ ਖਾਲੀ ਕੁਰਸੀਆਂ ਵੇਖ ਕੇ , ਸੜਕੀ ਰਸਤਾ ਅਖ਼ਤਿਆਰ ਕੀਤਾ ਗਿਆ ਕਿ ਸ਼ਾਇਦ ਓਦੋਂ ਤੱਕ ਇਕੱਠ ਹੋ ਜਾਵੇਗਾ।
ਰੈਲੀ ਨੂੰ ਯਾਦਗਾਰੀ ਜੇਤੂ ਰੈਲੀ ਦੇ ਰੂਪ ਵਿੱਚ ਪ੍ਰਚਾਰਨ , ਪ੍ਰਸਾਰਨ ਲੲੀ ਵਰਤੇ ਗੲੇ ਸਾਰੇ ਹੀ ਢੰਗ ਤਰੀਕੇ ਕਥਿਤ ਅਸਫਲ ਸਿੱਧ ਹੋਏ ਹਨ। ਰੈਲੀ ਦੇ ਰੱਦ ਹੋਣ ਨਾਲ ਲੋਕ ਮਨਾਂ ਵਿੱਚ ਉਤਪੰਨ ਹੋਏ ਸ਼ੰਕੇ ਵੀ ਨਵਿਰਤ ਹੋਏ ਹਨ ਅਤੇ ਲੋਕਾਂ ਦੀ ਖੁੰਢ ਚਰਚਾ ਨੇ ਵੀ ਮੋੜਾ ਕੱਟਿਆ ਹੈ।
‘ਲੋਕ’ ਅਮਲੀ ਰੂਪ ਵਿੱਚ ‘ਲੋਕ ਪੱਖੀ ਨੀਤੀਆਂ ਨੂੰ ਫਲਦਾ ਫੁੱਲਦਾ ਵੇਖਣ ਨੂੰ ਉਤਾਵਲੇ ਹਨ’ । ਜਿਹੜੇ ਐਲਾਨ ਫਿਰੋਜਪੁਰ ਦੀ ਰੈਲੀ ਵਿੱਚ ਕਰਨੇ ਸਨ ਜੇਕਰ ਉਹ ਦੋ ਦਿਨ ਪਹਿਲਾਂ ਹੀ ਦਿੱਲੀ ਤੋਂ ਹੀ ਹੋ ਜਾਂਦੇ ਤਾਂ ਰੈਲੀ ਦੀ ਸਫਲਤਾ ‘ਤੇ ਕੋਈ ਸਵਾਲੀਆ ਚਿੰਨ੍ਹ ਨਹੀਂ ਸੀ ਲਾਇਆ ਜਾ ਸਕਦਾ। ਹਾਂ ਇੱਕ ਅੱਧਾ ਕੋਈ ਵੱਡਾ ਐਲਾਨ ਫਿਰੋਜਪੁਰ ਰੈਲੀ ਵਿੱਚ ਕਰਕੇ ਮੇਲਾ ਜ਼ਰੂਰ ਲੁੱਟਿਆ ਜਾ ਸਕਦਾ ਸੀ। ‘ਵਕਤ’ ਨੇ ਇੱਕ ‘ਸੁਨੇਹਾ’ ਜ਼ਰੂਰ ਦਿੱਤਾ ਹੈ । ਜਿਸਨੂੰ ਬਹੁਤੇ ‘ਆਲਮ ਨੇ ਵੇਖਿਆ ਤੇ ਸੁਣਿਆ’ ਹੈ। ‘ਸਿਆਸਤ ਕਦੋਂ ਵੇਖਦੀ ਤੇ ਸੁਣਦੀ’ ਹੈ , ਇਹ ਤਾਂ ਵਕਤ ਹੀ ਦੱਸੇਗਾ।



















