
ਮੁੰਬਈ ਪੁਲੀਸ ਨੇ ਕਿਹਾ ਹੈ ਕਿ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੀ ‘ਬੁਲੀ ਬਾਈ’ ਐਪ ਦਾ ਪ੍ਰਚਾਰ ਕਰਨ ਵਾਲਿਆਂ ਨੇ ਗੁਮਰਾਹ ਕਰਨ ਦੇ ਮੰਤਵ ਨਾਲ ਟਵਿੱਟਰ ਹੈਂਡਲਾਂ ਦੇ ਨਾਂ ਸਿੱਖ ਭਾਈਚਾਰੇ ਨਾਲ ਸਬੰਧਤ ਰੱਖੇ ਸਨ। ਇਸ ਨਾਲ ਫਿਰਕੂ ਟਕਰਾਅ ਹੋ ਸਕਦਾ ਸੀ ਜੋ ਇਨ੍ਹਾਂ ਤਿੰਨ ਗ੍ਰਿਫ਼ਤਾਰੀਆਂ ਨਾਲ ਟਲ ਗਿਆ ਹੈ। ਮੁੰਬਈ ਪੁਲੀਸ ਇਸ ਪੱਖ ਦੀ ਜਾਂਚ ਕਰ ਰਹੀ ਹੈ ਕਿ ਨਾਂ ਸਿੱਖ ਭਾਈਚਾਰੇ ਨਾਲ ਸਬੰਧਤ ਕਿਉਂ ਰੱਖੇ ਗਏ। ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਟਵਿੱਟਰ ਹੈਂਡਲਾਂ ਦੇ ਇਸ ਤਰ੍ਹਾਂ ਦੇ ਨਾਂ ਰੱਖ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਕਾਊਂਟ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਬਣਾਏ ਹਨ। ਪੁਲੀਸ ਨੇ ਕਿਹਾ ਕਿ ‘ਖਾਲਸਾ ਸੁਪਰਮੈਸਿਸਟ’ ਨਾਂ ਦਾ ਇਕ ਟਵਿੱਟਰ ਹੈਂਡਲ ਗ੍ਰਿਫ਼ਤਾਰ ਵਿਦਿਆਰਥੀ ਵਿਸ਼ਾਲ ਕੁਮਾਰ ਝਾਅ ਨੇ ਬਣਾਇਆ ਸੀ ਤੇ ਲੋਕੇਸ਼ਨ ਕੈਨੇਡਾ ਦਿਖਾਈ ਹੋਈ ਸੀ।
ਪੁਲੀਸ ਨੇ ‘ਬੁਲੀ ਬਾਈ’ ਐਪ ਕੇਸ ਵਿਚ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਵਿਚੋਂ 21 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ‘ਬੁਲੀ ਬਾਈ’ ਐਪ ਉਤੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਅਪਲੋਡ ਕੀਤੀਆਂ ਗਈਆਂ ਸਨ ਤੇ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ। ਗ੍ਰਿਫ਼ਤਾਰ ਕੀਤੇ ਗਏ ਮਾਯੰਕ ਰਾਵਲ ਦੇ ਪਿਤਾ ਫ਼ੌਜ ਵਿਚ ਸੂਬੇਦਾਰ ਹਨ ਤੇ ਉਹ ਦਿੱਲੀ ਯੂਨੀਵਰਸਿਟੀ ਦੇ ਕਾਲਜ ਤੋਂ ਕੈਮਿਸਟਰੀ ਆਨਰਜ਼ ਕਰ ਰਿਹਾ ਹੈ। ਉਹ ਕੋਟਦਵਾਰ ਇਲਾਕੇ ਦਾ ਰਹਿਣ ਵਾਲਾ ਹੈ ਤੇ ਛੁੱਟੀਆਂ ਵਿਚ ਘਰ ਆਇਆ ਹੋਇਆ ਸੀ। ਮੁੰਬਈ ਪੁਲੀਸ ਨੇ ਸੁਵਖ਼ਤੇ 2-3 ਵਜੇ ਦੇ ਵਿਚਾਲੇ ਉਸ ਨੂੰ ਘਰੋਂ ਹਿਰਾਸਤ ਵਿਚ ਲਿਆ। ਪੁੱਛਗਿੱਛ ਕਰਨ ’ਤੇ ਉਸ ਨੇ ਦੱਸਿਆ ਕਿ ਉਸ ਨੇ ਆਪਣਾ ਟਵਿੱਟਰ ਅਕਾਊਂਟ 2020 ਵਿਚ ਬਣਾਇਆ ਸੀ ਜਿਸ ’ਤੇ ਉਸ ਦੇ ਕਈ ਵਰਚੁਅਲ ਮਿੱਤਰ ਹਨ। ਮਾਯੰਕ ਨੇ ਦੱਸਿਆ ਕਿ 31 ਦਸੰਬਰ ਨੂੰ ਉਸ ਨੂੰ ਮੈਸੇਜ ਰਾਹੀਂ ਇਕ ਲਿੰਕ ਮਿਲਿਆ ਤੇ ਜੁਆਇਨ ਕਰਨ ਲਈ ਕਿਹਾ ਗਿਆ। ਗ੍ਰਿਫ਼ਤਾਰ ਨੌਜਵਾਨ ਨੇ ਮੰਨਿਆ ਕਿ ਉਸ ਨੇ ਸੱਤ-ਅੱਠ ਸਕਰੀਨਸ਼ਾਟ ਲੈ ਕੇ ਇਨ੍ਹਾਂ ਨੂੰ ਆਪਣੀ ਟਾਈਮਲਾਈਨ ਉਤੇ ਸ਼ੇਅਰ ਕਰ ਦਿੱਤਾ। ਹਾਲਾਂਕਿ ਜਦ ਉਸ ਨੂੰ ਐਪ ਉਤੇ ਐਫਆਈਆਰ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਐਪ ਡਿਲੀਟ ਕਰ ਦਿੱਤੀ। ਪੁਲੀਸ ਨੇ ਉਸ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ ਜਿਸ ਉਤੇ ਇਹ ਇਤਰਾਜ਼ਯੋਗ ਸਕਰੀਨਸ਼ਾਟ ਸਨ। ਉਸ ਵੱਲੋਂ ਸਾਂਝੀਆਂ ਕੀਤੀਆਂ ਪੋਸਟਾਂ ਵੀ ਮੌਜੂਦ ਹਨ। ਇਸ ਕੇਸ ਵਿਚ ਉੱਤਰਾਖੰਡ ਦੇ ਹੀ ਰੁਦਰਪੁਰ ਤੋਂ ਮੰਗਲਵਾਰ ਇਕ ਨੌਜਵਾਨ ਲੜਕੀ ਸ਼ਵੇਤਾ ਸਿੰਘ (19) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਮਾਮਲੇ ਵਿਚ ਬੰਗਲੂਰੂ ਤੋਂ ਇੰਜਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਝਾਅ (21) ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ਦਾ ਰਿਮਾਂਡ ਲਿਆ ਜਾ ਚੁੱਕਾ ਹੈ।


















